ਨਿੱਜੀ ਸਕੂਲ ਦਾ ਕਾਰਾ, ਤਨਖਾਹ ਲਈ 13 ਮਹੀਨਿਆਂ ਤੋਂ ਅਧਿਆਪਕਾਂ ਨੂੰ ਲਗ ਰਿਹਾ ਲਾਰਾ
Tuesday, Apr 13, 2021 - 12:12 AM (IST)
ਰੂਪਨਗਰ (ਬਿਊਰੋ)- ਸਾਡੇ ਸਮਾਜ ਵਿੱਚ ਅਧਿਆਪਕ ਨੂੰ ਗੁਰੂ ਦਾ ਦਰਜਾ ਦਿੱਤਾ ਗਿਆ ਹੈ ਪ੍ਰੰਤੂ ਨਿੱਜੀ ਸਕੂਲਾਂ ਵੱਲੋਂ ਗੁਰੂ ਕਹੇ ਜਾਣ ਵਾਲੇ ਅਧਿਆਪਕਾਂ ਦਾ ਕਿਸ ਤਰ੍ਹਾਂ ਸ਼ੋਸ਼ਣ ਕੀਤਾ ਜਾ ਰਿਹਾ। ਨਿੱਜੀ ਸਕੂਲਾਂ ਵੱਲੋਂ ਵਧੀਆ ਪੜ੍ਹਾਈ ਅਤੇ ਕੁਆਲੀਫਾਈਡ ਅਧਿਆਪਕਾਂ ਦੇ ਨਾਂ ਹੇਠ ਬੱਚਿਆਂ ਤੋਂ ਮੋਟੀਆਂ ਫੀਸਾਂ ਵਸੂਲੀਆਂ ਜਾਂਦੀਆਂ ਹਨ ਪ੍ਰੰਤੂ ਜਿਨ੍ਹਾਂ ਅਧਿਆਪਕਾਂ ਦੇ ਸਿਰ 'ਤੇ ਇਹ ਸਕੂਲ ਵਪਾਰ ਚਲਾ ਰਹੇ ਹਨ ਉਨ੍ਹਾਂ ਅਧਿਆਪਕਾਂ ਦਾ ਕਿਸ ਕਦਰ ਸ਼ੋਸ਼ਣ ਕੀਤਾ ਜਾ ਰਿਹਾ ਹੈ।
ਇਹ ਵੀ ਪੜੋ - ਦੁਨੀਆ ਮੁੜ ਕੋਰੋਨਾ ਨਾਲ ਨਜਿੱਠ ਰਹੀ ਤੇ ਚੀਨ ਮਨਾ ਰਿਹੈ 3-3 ਫੈਸਟੀਵਲ, ਹਜ਼ਾਰਾਂ ਲੋਕ ਹੋ ਰਹੇ ਸ਼ਾਮਲ
ਕੀ ਹੈ ਮਾਮਲਾ
ਨਿੱਜੀ ਸਕੂਲਾਂ 'ਤੇ ਅਕਸਰ ਅਧਿਆਪਕਾਂ ਅਤੇ ਬੱਚਿਆਂ ਦਾ ਸ਼ੋਸ਼ਣ ਕਰਨ ਦੇ ਦੋਸ਼ ਲੱਗਦੇ ਹਨ। ਇਨ੍ਹਾਂ ਦੋਸ਼ਾਂ ਦੀ ਹਕੀਕਤ ਵੀ ਅੱਜ ਤੁਹਾਨੂੰ ਦਿਖਾਉਂਦੇ ਹਾਂ ਕਿ ਕਿਸ ਤਰ੍ਹਾਂ ਨਿਜੀ ਸਕੂਲ ਬੱਚਿਆਂ ਦੇ ਨਾਲ-ਨਾਲ ਅਧਿਆਪਕਾਂ ਦਾ ਆਰਥਿਕ ਸ਼ੋਸ਼ਣ ਕਰ ਰਹੇ ਹਨ। ਮਾਮਲਾ ਜ਼ਿਲ੍ਹਾ ਰੂਪਨਗਰ ਦੇ ਪਿੰਡ ਮੀਆਂਪੁਰ ਦੇ ਇਕ ਨਿਜੀ ਸਕੂਲ ਦਾ ਹੈ, ਜਿਸ ਵੱਲੋਂ ਅਧਿਆਪਕਾਂ ਨੂੰ ਪਿਛਲੇ 13 ਮਹੀਨਿਆਂ ਤੋਂ ਤਨਖਾਹ ਹੀ ਨਹੀਂ ਦਿੱਤੀ ਗਈ। ਡਿਪਟੀ ਕਮਿਸ਼ਨਰ ਨੂੰ ਦਿੱਤੀ ਆਪਣੀ ਸ਼ਿਕਾਇਤ ਵਿਚ ਅਧਿਆਪਕਾਂ ਨੇ ਦੱਸਿਆ ਕਿ ਸਕੂਲ ਪ੍ਰਬੰਧਕਾਂ ਵੱਲੋਂ ਉਨ੍ਹਾਂ ਨੂੰ ਪਿਛਲੇ 13 ਮਹੀਨਿਆਂ ਤੋਂ ਤਨਖਾਹ ਨਹੀਂ ਦਿੱਤੀ ਗਈ। ਇਸ ਕਾਰਨ ਉਹ ਆਰਥਿਕ ਤੰਗੀ ਵਿੱਚ ਗੁਜ਼ਰ ਬਸਰ ਕਰ ਰਹੇ ਹਨ।
ਇਹ ਵੀ ਪੜੋ - ਤਬੂਤ ਵਿਚੋਂ ਨਿਕਲਿਆ 'ਭੂਤ' ਤੇ ਲੱਗ ਗਿਆ ਚੋਣ ਪ੍ਰਚਾਰ 'ਤੇ
ਅਧਿਆਪਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ 2700 ਤੋਂ 3500 ਰੁਪਏ ਤੱਕ ਤਨਖਾਹ ਹੀ ਲਗਾਈ ਗਈ ਹੈ ਜੋ ਕਿ ਪਿਛਲੇ 13 ਮਹੀਨਿਆਂ ਤੋਂ ਨਹੀਂ ਦਿੱਤੀ ਗਈ। ਇਹ ਤਨਖ਼ਾਹ ਤਾਂ ਇੱਕ ਦਿਹਾੜੀਦਾਰ ਤੋਂ ਵੀ ਕਈ ਗੁਣਾ ਘੱਟ ਹੈ। ਮੌਕੇ 'ਤੇ ਮਦਦ ਲਈ ਆਏ ਜੱਟ ਮਹਾਂ ਸਭਾ ਜ਼ਿਲ੍ਹਾ ਰੋਪੜ ਦੇ ਪ੍ਰਧਾਨ ਸਤਵਿੰਦਰ ਸਿੰਘ ਚੈੜੀਆਂ ਨੇ ਸਕੂਲ ਦੇ ਇਸ ਵਤੀਰੇ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਕਿਹਾ ਕਿ ਉਹ ਸਕੂਲ ਵਿਰੁੱਧ ਕਾਰਵਾਈ ਕਰਵਾਉਣਗੇ।
ਇਸ ਮਾਮਲੇ ਨੂੰ ਲੈ ਕੇ ਜਦੋਂ ਸਕੂਲ ਦੀ ਪ੍ਰਿੰਸੀਪਲ ਸਵਿਤਾ ਗੁਪਤਾ ਨਾਲ ਫੋਨ 'ਤੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਆਪਣੀ ਸਫਾਈ ਦਿੱਤੀ। ਡਿਪਟੀ ਕਮਿਸ਼ਨਰ ਸ੍ਰੀਮਤੀ ਸੋਨਾਲੀ ਗਿਰੀ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ ਤੇ ਜਲਦੀ ਹੀ ਹੱਲ ਦੇ ਲਈ ਕਾਰਵਾਈ ਕੀਤੀ ਜਾਵੇਗੀ।
ਨੋਟ-ਤੁਹਾਨੂੰ ਇਹ ਖਬਰ ਕਿਹੋ ਜਿਹੀ ਲੱਗੀ ਸਾਨੂੰ ਇਸ ਬਾਰੇ ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ।