ਜਲੰਧਰ ਵਿਖੇ ਨਿੱਜੀ ਹਸਪਤਾਲ ਦੀ ਨਰਸ ਨੇ ਕੀਤੀ ਖ਼ੁਦਕੁਸ਼ੀ, ਹੋਸਟਲ ਦੇ ਕਮਰੇ ’ਚ ਲਟਕਦੀ ਮਿਲੀ ਲਾਸ਼
Sunday, Mar 06, 2022 - 04:59 PM (IST)
ਜਲੰਧਰ (ਸੁਧੀਰ)— ਜਲੰਧਰ ਵਿਖੇ ਇਕ ਨਿੱਜੀ ਹਸਪਤਾਲ ਦੀ ਨਰਸ ਵੱਲੋਂ ਹੋਸਟਲ ’ਚ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਕਪੂਰਥਲਾ ਚੌਂਕ ਨੇੜੇ ਸਥਿਤ ਸਿਗਮਾ ਹਸਪਤਾਲ ਦੀ ਸਟਾਫ਼ ਨਰਸ ਨੇ ਹਸਪਤਾਲ ਦੇ ਹੋਸਟਲ ਦੇ ਕਮਰੇ ’ਚ ਪੱਖੇ ਨਾਲ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕਾ ਦੀ ਪਛਾਣ ਪ੍ਰਿਆ (22) ਨਿਵਾਸੀ ਕਰਤਾਰਪੁਰ ਦੇ ਰੂਪ ’ਚ ਹੋਈ ਹੈ। ਸੂਚਨਾ ਮਿਲਦੇ ਹੀ ਥਾਣਾ ਨੰਬਰ 2 ਦੇ ਇੰਚਾਰਜ ਪੁਲਸ ਫੋਰਸ ਸਮੇਤ ਮੌਕੇ ’ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਕੀਤੀ, ਇਸ ਦੇ ਨਾਲ ਹੀ ਉਨ੍ਹਾਂ ਨੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜਿਆ।
ਜਾਣਕਾਰੀ ਮੁਤਾਬਕ ਪ੍ਰਿਆ ਲਗਭਗ 6 ਮਹੀਨੇ ਪਹਿਲਾਂ ਹੀ ਹਸਪਤਾਲ ਵਿਚ ਆਈ ਸੀ, ਉਹ ਹਸਪਤਾਲ ਦੇ ਨੇੜੇ ਹੀ ਨਰਸ ਹੋਸਟਲ ਵਿਚ ਰਹਿੰਦੀ ਸੀ। ਚਰਚਾ ਹੈ ਕਿ ਕੁਝ ਦਿਨ ਪਹਿਲਾਂ ਪ੍ਰਿਆ ਦੀ ਹਸਪਤਾਲ ਦੇ ਕਿਸੇ ਸਟਾਫ਼ ਮੈਂਬਰ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸਬਾਜ਼ੀ ਹੋਈ ਸੀ, ਜਿਸ ਦੀ ਸ਼ਿਕਾਇਤ ਹਸਪਤਾਲ ਪ੍ਰਬੰਧਨ ਨੂੰ ਕੀਤੀ ਗਈ ਸੀ, ਇਸ ਕਾਰਨ ਉਹ ਪਰੇਸ਼ਾਨ ਸੀ। ਉਹ ਰਾਤ ਡਿਊਟੀ ਤੋਂ ਬਾਅਦ ਆਪਣੇ ਕਮਰੇ ਵਿਚ ਸੌਣ ਲਈ ਚਲੀ ਗਈ ਸੀ, ਅੱਜ ਸਵੇਰੇ ਉਹ ਡਿਊਟੀ ’ਤੇ ਨਹੀਂ ਆਈ ਤਾਂ ਹਸਪਤਾਲ ਦੇ ਸਟਾਫ਼ ਨੇ ਕਾਫ਼ੀ ਦੇਰ ਤਕ ਕਮਰੇ ਦਾ ਦਰਵਾਜ਼ਾ ਖੜਕਾਇਆ ਪਰ ਅੰਦਰੋਂ ਕੋਈ ਆਵਾਜ਼ ਨਾ ਆਉਣ ’ਤੇ ਦਰਵਾਜ਼ਾ ਤੋੜ ਕੇ ਸਟਾਫ਼ ਨੇ ਵੇਖਿਆ ਕਿ ਪ੍ਰਿਆ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ।
ਉਨ੍ਹਾਂ ਨੇ ਦੱਸਿਆ ਕਿ ਹਸਪਤਾਲ ਦੇ ਡਾਕਟਰ ਨੂੰ ਜਾਣਕਾਰੀ ਦਿੱਤੀ ਗਈ, ਜਿਨ੍ਹਾਂ ਨੇ ਪੁਲਸ ਨੂੰ ਸੂਚਨਾ ਦਿੱਤੀ। ਥਾਣਾ ਇੰਚਾਰਜ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਉਹ ਫੋਰੈਂਸਿਕ ਟੀਮ ਦੇ ਨਾਲ ਤੁਰੰਤ ਘਟਨਾ ਸਥਾਨ ’ਤੇ ਪਹੁੰਚੇ ਪਰ ਕਮਰੇ ਚੋਂ ਕੋਈ ਸੁਸਾਇਡ ਨੋਟ ਨਹੀਂ ਮਿਲਿਆ ਅਤੇ ਨਾ ਹੀ ਕਿਸੇ ਤਰ੍ਹਾਂ ਦਾ ਕੋਈ ਵਿਵਾਦ ਦੀ ਪੁਲਸ ਨੂੰ ਜਾਣਕਾਰੀ ਹਾਸਲ ਹੋਈ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ ਫਿਲਹਾਲ ਕੋਈ ਬਿਆਨ ਨਹੀਂ ਦਿੱਤਾ। ਉਨ੍ਹਾਂ ਨੇ ਪੁਲਸ ਤੋਂ ਸਵੇਰ ਤੱਕ ਦਾ ਸਮਾਂ ਮੰਗਿਆ ਹੈ। ਉਨ੍ਹਾਂ ਦੱਸਿਆ ਕਿ ਫਿਲਹਾਲ ਪੁਲਸ ਮ੍ਰਿਤਕਾ ਦੇ ਮੋਬਾਇਲ ਫੋਨ ਦੀ ਕਾਲ ਡਿਟੇਲ ਵੀ ਕਢਵਾ ਰਹੀ ਹੈ।
ਇਹ ਵੀ ਪੜ੍ਹੋ: ਯੂਕ੍ਰੇਨ ’ਚ ਬੰਕਰਾਂ ’ਚੋਂ ਨਿਕਲੇ ਵਿਦਿਆਰਥੀ, -5 ਡਿਗਰੀ ਤਾਪਮਾਨ ’ਚ ਕੈਬ ਮੁਹੱਈਆ ਨਹੀਂ, ਭਟਕ ਰਹੇ ਨੌਜਵਾਨ
ਮੈਂ ਤਾਂ ਓ. ਪੀ. ਡੀ. ਵਿਚ ਸੀ : ਡਾ. ਮਲਹੋਤਰਾ
ਦੂਜੇ ਪਾਸੇ ਸੰਪਰਕ ਕਰਨ ’ਤੇ ਸਿਗਮਾ ਹਸਪਤਾਲ ਦੇ ਡਾ. ਅਸ਼ਵਨੀ ਮਲਹੋਤਰਾ ਨੇ ਦੱਸਿਆ ਕਿ ਉਹ ਓ. ਪੀ. ਡੀ. ਵਿਚ ਸਨ। ਇਸ ਦੌਰਾਨ ਉਨ੍ਹਾਂ ਨੂੰ ਹਸਪਤਾਲ ਦੇ ਸਟਾਫ ਤੋਂ ਘਟਨਾ ਸਬੰਧੀ ਸੂਚਨਾ ਮਿਲੀ। ਸੂਚਨਾ ਮਿਲਣ ਤੋਂ ਤੁਰੰਤ ਬਾਅਦ ਉਹ ਘਟਨਾ ਵਾਲੀ ਥਾਂ ’ਤੇ ਪਹੁੰਚੇ ਅਤੇ ਦੇਖਿਆ ਕਿ ਪ੍ਰਿਆ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ, ਉਨ੍ਹਾਂ ਨੇ ਤੁਰੰਤ ਘਟਨਾ ਸਬੰਧੀ ਪੁਲਸ ਨੂੰ ਸੂਚਨਾ ਦਿੱਤੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਹਸਪਤਾਲ ਵਿਚ ਪ੍ਰਿਆ ਦਾ ਨਾ ਤਾਂ ਕਿਸੇ ਨਾਲ ਕੋਈ ਝਗੜਾ ਹੋਇਆ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਬਹਿਸਬਾਜ਼ੀ।
ਪਰਿਵਾਰਕ ਮੈਂਬਰਾਂ ਨਾਲ ਰਾਤ ਨੂੰ ਘਰ ਜਾਣ ਬਾਰੇ ਹੋਈ ਸੀ ਗੱਲ
ਦੱਸਿਆ ਜਾ ਰਿਹਾ ਹੈ ਕਿ ਪ੍ਰਿਆ ਦਾ ਕੱਲ੍ਹ ਜਨਮਦਿਨ ਸੀ, ਜਿਸ ਕਾਰਨ ਉਹ ਕੱਲ੍ਹ ਜਲੰਧਰ ਵਿਚ ਹੀ ਸੀ, ਉਸ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਘਰ ਜਾਣਾ ਸੀ ਪਰ ਕਿਸੇ ਕਾਰਨ ਉਹ ਨਹੀਂ ਜਾ ਸਕੀ। ਜਿਸ ਕਾਰਨ ਬੀਤੀ ਰਾਤ ਉਸ ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਫੋਨ 'ਤੇ ਘਰ ਜਾਣ ਸਬੰਧੀ ਗੱਲ ਕਹੀ ਸੀ ਪਰ ਅੱਜ ਅਚਾਨਕ ਪ੍ਰਿਆ ਦੀ ਮੌਤ ਦੀ ਖ਼ਬਰ ਸੁਣਦੇ ਹੀ ਪੂਰੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਸੀ।
ਇਹ ਵੀ ਪੜ੍ਹੋ: ਚੋਣ ਨਤੀਜਿਆਂ ਤੋਂ ਬਾਅਦ ਪੰਜਾਬ ’ਚ ਨਵੀਂ ਸਰਕਾਰ ਲਈ ਚੁਣੌਤੀ ਹੋਣਗੇ ‘6-ਬੀ’
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ