ਇਰਾਕ ''ਚ ਫਸੇ ਪ੍ਰਿਤਪਾਲ ਦੇ ਪਰਿਵਾਰ ਦਾ ਸਰਕਾਰ ਤੋਂ ਉੱਠਣ ਲੱਗਾ ਯਕੀਨ

Wednesday, Nov 01, 2017 - 12:35 AM (IST)

ਇਰਾਕ ''ਚ ਫਸੇ ਪ੍ਰਿਤਪਾਲ ਦੇ ਪਰਿਵਾਰ ਦਾ ਸਰਕਾਰ ਤੋਂ ਉੱਠਣ ਲੱਗਾ ਯਕੀਨ

ਧੂਰੀ, (ਸੰਜੀਵ ਜੈਨ)- ਇਰਾਕ 'ਚ ਫਸੇ 39 ਭਾਰਤੀਆਂ 'ਚੋਂ ਇਕ ਧੂਰੀ ਦੇ ਪ੍ਰਿਤਪਾਲ ਸ਼ਰਮਾ ਦਾ ਪਰਿਵਾਰ ਅੱਜ ਵੀ ਆਪਣੇ ਪਰਿਵਾਰ ਦੇ ਮੁਖੀ ਦੀ ਘਰ ਵਾਪਸੀ ਦੀ ਉਡੀਕ ਅਤੇ ਉਸ ਦੇ ਸਹੀ ਸਲਾਮਤ ਘਰ ਵਾਪਸ ਆਉਣ ਦੀ ਦੁਆ ਕਰ ਰਿਹਾ ਹੈ।  ਕੇਂਦਰ ਸਰਕਾਰ ਦੇ ਨਿਰਦੇਸ਼ਾਂ 'ਤੇ ਅੱਜ ਉਸ ਦਾ ਪੁੱਤਰ ਅੰਮ੍ਰਿਤਸਰ ਵਿਖੇ ਡੀ. ਐੱਨ. ਏ. ਟੈਸਟ ਲਈ ਗਿਆ ਹੈ, ਜਦੋਂਕਿ ਸਰਕਾਰ ਨੂੰ ਚਾਹੀਦਾ ਸੀ ਕਿ ਪਹਿਲਾਂ ਤੋਂ ਹੀ ਦੁੱਖਾਂ ਦੀ ਮਾਰ ਝੱਲ ਰਹੇ ਇਸ ਪਰਿਵਾਰ ਦਾ ਡੀ. ਐੈੱਨ. ਏ. ਲੈਣ ਲਈ ਸਿਹਤ ਵਿਭਾਗ ਦੇ ਨੁਮਾਇੰਦਿਆਂ ਨੂੰ ਪੀੜਤ ਪਰਿਵਾਰ ਦੇ ਘਰ ਭੇਜਦੀ। ਇਸ ਮੌਕੇ ਪ੍ਰਿਤਪਾਲ ਸ਼ਰਮਾ ਦੀ ਪਤਨੀ ਰਾਜ ਰਾਣੀ ਨੇ ਦੱਸਿਆ ਕਿ ਸਾਲ 2011 'ਚ ਉਸ ਦਾ ਪਤੀ ਇਰਾਕ ਗਿਆ ਸੀ ਅਤੇ ਉਥੇ ਮਿਹਨਤ ਮਜ਼ਦੂਰੀ ਕਰ ਕੇ ਆਪਣੇ ਪਰਿਵਾਰ ਦੇ ਪਾਲਣ-ਪੋਸ਼ਣ ਲਈ 12 ਹਜ਼ਾਰ ਰੁਪਏ ਪ੍ਰਤੀ ਮਹੀਨਾ ਭੇਜਦਾ ਸੀ। ਸਾਲ 2014 ਵਿਚ ਟੀ.ਵੀ. 'ਤੇ ਚੱਲੀ ਇਕ ਖ਼ਬਰ ਰਾਹੀਂ ਉਨ੍ਹਾਂ ਨੂੰ ਪਤਾ ਲੱਗਾ ਕਿ ਇਰਾਕ 'ਚ 39 ਭਾਰਤੀਆਂ ਨੂੰ ਬੰਦੀ ਬਣਾ ਲਿਆ ਗਿਆ ਹੈ, ਜਿਸ ਤੋਂ ਬਾਅਦ ਉਨ੍ਹਾਂ ਦਾ ਪ੍ਰਿਤਪਾਲ ਸ਼ਰਮਾ ਨਾਲ ਕੋਈ ਸੰਪਰਕ ਨਹੀਂ ਹੋਇਆ ਹੈ। 
ਭੱਤੇ ਦੀ ਥਾਂ ਪਰਿਵਾਰ ਮੁਖੀ ਘਰ ਸਹੀ ਸਲਾਮਤ ਚਾਹੀਦੈ : ਰਾਜ ਰਾਣੀ
ਲੰਬਾ ਸਮਾਂ ਲੰਘਣ ਉਪਰੰਤ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਉਨ੍ਹਾਂ ਦੀ ਵਿੱਤੀ ਮਦਦ ਲਈ ਸਰਕਾਰ ਨੂੰ ਲਿਖ ਕੇ ਭੇਜਿਆ ਗਿਆ ਸੀ, ਜਿਸ 'ਤੇ ਭਾਵੇਂ ਸਰਕਾਰ ਵੱਲੋਂ 20 ਹਜ਼ਾਰ ਰੁਪਏ ਪ੍ਰਤੀ ਮਹੀਨਾ ਵਿੱਤੀ ਮਦਦ ਕੀਤੀ ਜਾ ਰਹੀ ਹੈ ਪਰ ਉਨ੍ਹਾਂ ਦਾ ਪਰਿਵਾਰ ਆਪਣੇ ਮੁਖੀ ਦੀ ਸਹੀ ਸਲਾਮਤ ਘਰ ਵਾਪਸੀ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਲੰਬੇ ਸਮੇਂ ਤੋਂ ਕੇਂਦਰ ਸਰਕਾਰ ਉਨ੍ਹਾਂ ਨੂੰ ਗੁੰਮਰਾਹ ਕਰ ਰਹੀ ਹੈ ਅਤੇ ਅਸਲੀਅਤ ਲੋਕਾਂ ਦੇ ਸਾਹਮਣੇ ਨਹੀਂ ਰੱਖ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਦੇ ਪੁੱਤਰ ਨੀਰਜ (28) ਜਾਂ ਦੀਕਸ਼ਾ (17) ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। 


Related News