ਲੁਧਿਆਣਾ ਕੇਂਦਰੀ ਜੇਲ੍ਹ ’ਚ ਕੈਦੀਆਂ ਨੇ ਕੀਤੀ ਭੁੱਖ ਹੜਤਾਲ, ਜੇਲ੍ਹਰ ਸਣੇ ਹੋਰ ਅਧਿਕਾਰੀਆਂ ’ਤੇ ਲਾਏ ਵੱਡੇ ਇਲਜ਼ਾਮ
Sunday, Oct 02, 2022 - 07:48 PM (IST)
ਲੁਧਿਆਣਾ (ਸ਼ੰਮੀ) : ਲੁਧਿਆਣਾ ਦੀ ਕੇਂਦਰੀ ਜੇਲ੍ਹ ’ਚ ਕੁਝ ਕੈਦੀਆਂ ਵੱਲੋਂ ਜੇਲ੍ਹਰ ਤੇ ਹੋਰ ਅਧਿਕਾਰੀਆਂ ’ਤੇ ਵੱਡੇ ਇਲਜ਼ਾਮ ਲਾ ਕੇ ਭੁੱਖ ਹੜਤਾਲ ’ਤੇ ਜਾਣ ਦਾ ਮਾਮਲਾ ਸਾਹਮਣੇ ਆ ਰਿਹਾ ਹੈ। ਪੰਜਾਬ ਸਰਕਾਰ ਦੇ ਜੇਲ੍ਹ ਮੰਤਰੀ ਹਰਜੋਤ ਬੈਂਸ ਮੰਤਰੀ ਬਣਨ ਤੋਂ ਬਾਅਦ ਭਾਵੇਂ ਲਗਾਤਾਰ ਹੀ ਜੇਲ੍ਹਾਂ ’ਚ ਸੁਧਾਰ ਕਰਨ ਲਈ ਤੇ ਜੇਲ੍ਹਾਂ ’ਚ ਬੰਦ ਕੈਦੀਆਂ ਨੂੰ ਚੰਗੇ ਨਾਗਰਿਕ ਬਣਨ ਲਈ ਉਤਸ਼ਾਹਿਤ ਕਰਨ ਵਾਸਤੇ ਕਦਮ ਚੁੱਕ ਰਹੇ ਹਨ। ਇਸ ਲਈ ਕੈਦੀਆਂ ਨੂੰ ਉਨ੍ਹਾਂ ਦੇ ਹੁਨਰ ਮੁਤਾਬਕ ਕੰਮਾਂ ’ਤੇ ਲਾ ਕੇ ਜੇਲ੍ਹ ’ਚ ਹੀ ਕਮਾਈ ਕਰਨ ਦੀ ਗੱਲ ਹੋਵੇ ਜਾਂ ਜੇਲ੍ਹ ਦੇ ਕੈਦੀਆਂ ਵੱਲੋਂ ਪੈਟਰੋਲ ਪੰਪ ਚਲਾਉਣਾ ਹੋਵੇ। ਮੰਤਰੀ ਬੈਂਸ ਦੇ ਇਨ੍ਹਾਂ ਕੰਮਾਂ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ। ਪਰ ਸ਼ਾਇਦ ਜੇਲ੍ਹ ਅਧਿਕਾਰੀਆਂ ਨੂੰ ਮੰਤਰੀ ਦੇ ਇਨ੍ਹਾਂ ਸੁਧਾਰ ਕਰਨ ਵਾਲੇ ਫ਼ੈਸਲਿਆਂ ਤੋਂ ਪ੍ਰੇਸ਼ਾਨੀ ਹੋ ਰਹੀ ਹੈ ਕਿਉਂਕਿ ਜੇਲ੍ਹ ਅੰਦਰ ਜਦੋਂ ਵੀ ਮੋਬਾਈਲ ਫ਼ੋਨ ਜਾਂ ਨਸ਼ੇ ਵਾਲਾ ਪਦਾਰਥ ਮਿਲਦਾ ਹੈ ਤਾਂ ਕੈਦੀ ਖ਼ਿਲਾਫ਼ ਕੇਸ ਦਰਜ ਕਰ ਲਿਆ ਜਾਂਦਾ ਹੈ ਪਰ ਕਦੇ ਵੀ ਇਸ ਦੀ ਡੂੰਘਾਈ ਨਾਲ ਜਾਂਚ ਨਹੀਂ ਕੀਤੀ ਜਾਂਦੀ ਕਿ ਇੰਨੀ ਸਖ਼ਤ ਸੁਰੱਖਿਆ ਹੋਣ ਦਾ ਦਾਅਵਾ ਕਰਨ ਵਾਲੀ ਜੇਲ੍ਹ ਅੰਦਰ ਫ਼ੋਨ ਅਤੇ ਹੋਰ ਨਸ਼ੇ ਵਾਲੇ ਪਦਾਰਥ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਮਿਲੀਭੁਗਤ ਤੋਂ ਬਿਨਾਂ ਤਾਂ ਪਹੁੰਚ ਨਹੀਂ ਸਕਦੇ ਫਿਰ ਬਰਾਮਦਗੀ ਹੋਣ ’ਤੇ ਜ਼ਿੰਮੇਵਾਰ ਉੱਚ ਅਧਿਕਾਰੀਆਂ ਖਿਲਾਫ ਕੋਈ ਠੋਸ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ।
ਇਹ ਖ਼ਬਰ ਵੀ ਪੜ੍ਹੋ : ਰਾਸ਼ਟਰੀ ਖੇਡਾਂ : ਪੰਜਾਬ ਦਾ ਸ਼ਾਨਦਾਰ ਪ੍ਰਦਰਸ਼ਨ, ਨਿਸ਼ਾਨੇਬਾਜ਼ੀ, ਤਲਵਾਰਬਾਜ਼ੀ ਤੇ ਵੇਟਲਿਫਟਿੰਗ ’ਚ ਜਿੱਤੇ ਸੋਨ ਤਮਗੇ
ਜੇਲ੍ਹ ਅਧਿਕਾਰੀਆਂ ਵੱਲੋਂ ਕੈਦੀਆਂ ’ਤੇ ਤਸ਼ੱਦਦ ਕਰਨ ਦੀਆਂ ਕਈ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਹੁਣ ਤਾਜ਼ਾ ਮਾਮਲਾ ਲੁਧਿਆਣਾ ਦੇ ਤਾਜਪੁਰ ਰੋਡ ’ਤੇ ਸਥਿਤ ਕੇਂਦਰੀ ਜੇਲ੍ਹ ਦਾ ਹੈ, ਜਿੱਥੇ ਅੰਦਰੋਂ ਵੱਖ-ਵੱਖ ਮਾਮਲਿਆਂ ’ਚ ਸਜ਼ਾਯਾਫ਼ਤਾ ਅਤੇ ਜੇਲ੍ਹ ’ਚ ਬੰਦ ਕੈਦੀ ਜੇਲ੍ਹ ਦੇ ਵਤੀਰੇ ਤੋਂ ਨਾਰਾਜ਼ ਹੋ ਕੇ ਭੁੱਖ ਹੜਤਾਲ ’ਤੇ ਬੈਠ ਗਏ ਹਨ। ਅਧਿਕਾਰੀਆਂ ਨੂੰ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਜੇਲ੍ਹ ’ਚ ਬੰਦ 8 ਕੈਦੀ, ਜਿਨ੍ਹਾਂ ’ਚ ਵਰਿੰਦਰ ਸਿੰਘ ਪੁੱਤਰ ਬਨਾਰਸੀ ਦਾਸ, ਗਗਨ ਵਿੱਜ ਪੁੱਤਰ ਦਿਨੇਸ਼ ਵਿੱਜ, ਰਣਜੀਤ ਸਿੰਘ ਪੁੱਤਰ ਅਵਤਾਰ ਸਿੰਘ, ਰਾਜਨ ਸਿੰਘ ਪੁੱਤਰ ਤਿਲਕ ਰਾਜ, ਹਰਦੀਪ ਸਿੰਘ ਪੁੱਤਰ ਨਿਰਮਲ ਸਿੰਘ, ਵਰਿੰਦਰ ਸਿੰਘ ਪੁੱਤਰ ਗੁਰਮੇਲ ਸਿੰਘ, ਹਰਵਿੰਦਰ ਸਿੰਘ ਪੁੱਤਰ ਗੁਰਮੇਲ ਸਿੰਘ, ਸੁਨੀਲ ਕਾਲੜਾ ਪੁੱਤਰ ਸੁਦਰਸ਼ਨ ਸਿੰਘ ਅਤੇ ਉਨ੍ਹਾਂ ਨਾਲ ਕਈ ਹੋਰ ਕੈਦੀ, ਜੋ ਪਿਛਲੇ ਸਮੇਂ ਤੋਂ ਲਗਾਤਾਰ ਭੁੱਖ ਹੜਤਾਲ ’ਤੇ ਹਨ। ਮੰਤਰੀ ਨੂੰ ਲਿਖੇ ਪੱਤਰ ’ਚ ਉਨ੍ਹਾਂ ਜੇਲ੍ਹਰ ’ਤੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਨਾ ਤਾਂ ਜੇਲ੍ਹ ਦੀ ਕੰਟੀਨ ’ਚੋਂ ਕੁਝ ਲੈਣ ਦੀ ਇਜਾਜ਼ਤ ਹੈ ਅਤੇ ਨਾ ਹੀ ਸਰਕਾਰ ਅਤੇ ਅਦਾਲਤ ਵੱਲੋਂ ਤੈਅ ਨਿਯਮਾਂ ਅਨੁਸਾਰ ਕੁਝ ਖਾਣ ਜਾਂ ਪਕਾਉਣ ਦੀ ਆਜ਼ਾਦੀ ਹੈ। ਉਕਤ ਕੈਦੀਆਂ ਨੇ ਜੇਲ੍ਹ ਅਧਿਕਾਰੀ ਸ਼ਿਵਰਾਜ ਸਿੰਘ ਅਨੰਦਗੜ੍ਹ ਤੇ ਕੰਪਾਊਂਡ ਇੰਚਾਰਜ ਸੁਖਦੇਵ ਸਿੰਘ ’ਤੇ ਕੁੱਟਮਾਰ ਕਰਨ ਤੇ ਵਿਰੋਧ ਕਰਨ ’ਤੇ ਜਬਰੀ ਚਲਾਨ ਕਰਨ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ਸਾਨੂੰ ਆਤਮਹੱਤਿਆ ਕਰਨ ਲਈ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਜਦਕਿ ਜੇਲ੍ਹ ਦੌਰੇ ਦੌਰਾਨ ਮਾਣਯੋਗ ਜੱਜ ਅਤੇ ਏ. ਡੀ. ਜੀ. ਪੀ. ਜੇਲ੍ਹ ਨੂੰ ਵੀ ਇਨ੍ਹਾਂ ਗੱਲਾਂ ਤੋਂ ਜਾਣੂ ਕਰਵਾਇਆ ਗਿਆ ਸੀ ਪਰ ਉਨ੍ਹਾਂ ਨੇ ਕੋਈ ਹੱਲ ਨਹੀਂ ਕੀਤਾ । ਇਸ ਲਈ ਸਾਨੂੰ ਮਜਬੂਰ ਹੋ ਕੇ ਭੁੱਖ ਹੜਤਾਲ ਕਰਨੀ ਪਈ ਤਾਂ ਕਿ ਸਾਡੀ ਆਵਾਜ਼ ਜੇਲ੍ਹ ਮੰਤਰੀ ਹਰਜੋਤ ਬੈਂਸ ਤਕ ਪਹੁੰਚ ਸਕੇ ਤੇ ਸਾਡੇ ਮਨੁੱਖੀ ਅਧਿਕਾਰਾਂ ਦੀ ਸੁਰੱਖਿਆ ਹੋਵੇ।