''ਏਦਾਂ ਹੁੰਦੀ ਏ ਜੇਲ ''ਚ ਹੈਲੋ-ਹੈਲੋ ਬਾਈ ਜੀ''

Saturday, Feb 15, 2020 - 05:13 PM (IST)

''ਏਦਾਂ ਹੁੰਦੀ ਏ ਜੇਲ ''ਚ ਹੈਲੋ-ਹੈਲੋ ਬਾਈ ਜੀ''

ਲੁਧਿਆਣਾ (ਸਿਆਲ) : ਤਾਜਪੁਰ ਰੋਡ ਦੀ ਕੇਂਦਰੀ ਜੇਲ ਤੋਂ ਕੈਦੀਆਂ ਅਤੇ ਹਵਾਲਾਤੀਆਂ ਤੋਂ ਮੋਬਾਇਲ ਮਿਲਣ ਦੀਆਂ ਘਟਨਾਵਾਂ ਨੇ ਜੇਲ ਪ੍ਰਸ਼ਾਸਨ ਦੀ ਨੀਂਦ ਉਡਾ ਰੱਖੀ ਹੈ। ਕਈ ਕੋਸ਼ਿਸ਼ਾਂ ਉਪਰੰਤ ਜੇਲ ਪ੍ਰਸ਼ਾਸਨ ਬੈਰਕਾਂ 'ਚ ਮੋਬਾਇਲ ਦੀ ਪਹੁੰਚ ਰੋਕਣ ਲਈ ਅਸਫਲ ਸਾਬਤ ਹੋ ਰਿਹਾ ਹੈ, ਜਿਸ ਕਾਰਨ ਵੱਖ-ਵੱਖ ਕੇਸਾਂ ਦੇ ਤਹਿਤ ਬੰਦ ਹਵਾਲਾਤੀਆਂ ਤੋਂ 6 ਮੋਬਾਇਲ ਮਿਲਣ ਦੇ ਪੁਲਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੁਲਸ ਜਾਂਚ ਅਧਿਕਾਰੀ ਹਰਦਿਆਲ ਸਿੰਘ ਨੇ ਦੱਸਿਆ ਕਿ ਹਵਾਲਾਤੀ ਸੁਖਵਿੰਦਰ ਸਿੰਘ ਉਰਫ ਬੱਟੂ 'ਤੇ ਥਾਣਾ ਦਾਖਾ ਬਹਿਰਾਮ ਵਿਚ ਕਤਲ ਦੇ ਯਤਨ ਸਮੇਤ ਵੱਖ-ਵੱਖ ਦੋਸ਼ਾਂ ਦੇ ਪਰਚੇ ਦਰਜ ਹਨ। ਹਵਾਲਾਤੀ ਜਗਜੀਤ ਸਿੰਘ ਉਰਫ ਜੱਗੀ 'ਤੇ ਥਾਣਾ ਕੂਮਕਲਾਂ ਵਿਚ ਕਤਲ ਦੇ ਦੋਸ਼ ਦਾ, ਹਵਾਲਾਤੀ ਪਵਨ ਗੁਪਤਾ 'ਤੇ ਥਾਣਾ ਹੈਬੋਵਾਲ 'ਚ ਧਾਰਾ 304, 120 ਬੀ, ਹਵਾਲਾਤੀ ਰਾਜਨ ਸ਼ਰਮਾ 'ਤੇ ਡਵੀਜ਼ਨ ਨੰ. 8 ਵਿਚ ਧਾਰਾ 323, 234, 452, 354, 506, 427, ਹਵਾਲਾਤੀ ਰਜਿੰਦਰ ਸਿੰਘ 'ਤੇ ਕਤਲ ਦੇ ਦੋਸ਼ ਦਾ ਕੇਸ ਥਾਣਾ ਸਿਟੀ ਬੰਗਾ ਅਤੇ ਹਵਾਲਾਤੀ ਮੀਰ ਮੁਹੰਮਦ 'ਤੇ 365, 376, 148, 149 ਧਾਰਾਵਾਂ ਦੇ ਤਹਿਤ ਥਾਣਾ ਸਦਰ ਖੰਨਾ ਵਿਚ ਕੇਸ ਦਰਜ ਹਨ। ਉਕਤ 6 ਹਵਾਲਾਤੀਆਂ ਤੋਂ 6 ਮੋਬਾਇਲ ਮਿਲਣ 'ਤੇ ਪੁਲਸ ਨੇ ਪ੍ਰਿਜ਼ਨ ਐਕਟ ਤਹਿਤ ਪਰਚਾ ਦਰਜ ਕਰ ਲਿਆ ਹੈ।

500 ਦਾ ਪੁਰਾਣਾ ਮੋਬਾਇਲ ਮਿਲੀਭੁਗਤ ਨਾਲ ਮਿਲਦਾ ਹੈ 5 ਹਜ਼ਾਰ 'ਚ
ਸੂਤਰ ਦੱਸਦੇ ਹਨ ਕਿ ਬਾਜ਼ਾਰ ਵਿਚ 500 ਰੁਪਏ ਮੁੱਲ ਵਾਲਾ ਪੁਰਾਣਾ ਮੋਬਾਇਲ ਬੈਰਕਾਂ ਦੇ ਅੰਦਰ ਬੰਦੀਆਂ ਨੂੰ ਮਿਲੀਭੁਗਤ ਨਾਲ 5000 ਰੁਪਏ ਵਿਚ ਮੁਹੱਈਆ ਹੋ ਜਾਂਦਾ ਹੈ ਪਰ ਅਧਿਕਾਰੀਆਂ ਨੂੰ ਇਸ ਦੀ ਭਿਣਕ ਤੱਕ ਕਿਉਂ ਨਹੀਂ ਪੈਂਦੀ। ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ। ਇਹ ਵੀ ਚਰਚਾ ਰਹਿੰਦੀ ਹੈ ਕਿ ਜੇਲ ਦੀ ਕੰਧ ਦੇ ਬਾਹਰੀ ਰਸਤੇ ਤੋਂ ਪੈਕਟਾਂ 'ਚ ਨਸ਼ਾ, ਮੋਬਾਇਲ, ਚਾਰਜਰ, ਬੀੜੀਆਂ ਦੇ ਬੰਡਲ, ਜਰਦੇ ਦੀਆਂ ਪੁੜੀਆਂ ਆਦਿ ਪਾਬੰਦੀਸ਼ੁਦਾ ਸਾਮਾਨ ਗੈਰ-ਸਮਾਜੀ ਤੱਤਾਂ ਵੱਲੋਂ ਮੌਕਾ ਮਿਲਣ 'ਤੇ ਵੱਖ-ਵੱਖ ਬੈਰਕਾਂ ਵੱਲ ਸੁੱਟਿਆ ਜਾਂਦਾ ਹੈ। ਜੇਲ ਦੇ ਅੰਦਰ ਬਿਨਾਂ ਕਿਸੇ ਦੀ ਮਿਲੀਭੁਗਤ ਦੇ ਇਸ ਤਰ੍ਹਾਂ ਕੁਝ ਸੁੱਟਣਾ ਸੰਭਵ ਨਹੀਂ ਹੈ।

ਰਿਟਾਇਰਡ ਅਧਿਕਾਰੀ ਕੈਦੀ ਦਾ ਰੂਪ ਧਾਰਨ ਕਰ ਕੇ ਕਈ ਵਾਰ ਬਰਾਮਦ ਕਰਵਾ ਚੁੱਕੈ ਮੋਬਾਇਲ
ਸੂਤਰ ਦੱਸਦੇ ਹਨ ਕਿ ਜੇਲ 'ਚ ਚੋਰੀ-ਛੁਪੇ ਮੋਬਾਇਲਾਂ ਦੀ ਵਰਤੋਂ ਕਰਨ ਵਾਲੇ ਬੰਦੀਆਂ ਨੂੰ ਫੜਨ ਲਈ ਕਈ ਵਾਰ ਯੋਜਨਾ ਬਣਾਈ ਗਈ। ਇਕ ਰਿਟਾਇਰਡ ਅਧਿਕਾਰੀ ਨੇ ਖੁਦ ਕੈਦੀ ਦਾ ਰੂਪ ਧਾਰ ਕੇ ਜੇਲ ਪ੍ਰਸ਼ਾਸਨ ਨੂੰ ਕਈ ਵਾਰ ਬੰਦੀਆਂ ਤੋਂ ਅਣਗਿਣਤ ਮੋਬਾਇਲ ਵੀ ਬਰਾਮਦ ਕਰਵਾਏ ਸਨ ਪਰ 27 ਜੂਨ 2019 ਦੀ ਘਟਨਾ ਦੇ ਮੱਦੇਨਜ਼ਰ ਜੇਲ ਦੇ ਅੰਦਰ ਦੇ ਹਾਲਾਤ ਕਾਫੀ ਹੱਦ ਤੱਕ ਬਦਲ ਚੁੱਕੇ ਹਨ ਅਤੇ ਕੋਈ ਵੀ ਅਧਿਕਾਰੀ ਅਤੇ ਮੁਲਾਜ਼ਮ ਇਸ ਤਰ੍ਹਾਂ ਦਾ ਹਥਕੰਡਾ ਅਪਣਾਉਣ ਤੋਂ ਗੁਰੇਜ਼ ਕਰ ਰਿਹਾ ਹੈ।

ਸੀ. ਆਰ. ਪੀ. ਐੱਫ. ਦੀ ਤਾਇਨਾਤੀ ਜੇਲ ਅੰਦਰ ਹਾਈ ਸਕਿਓਰਟੀ ਜ਼ੋਨ ਅਤੇ ਸੈੱਲ ਬਲਾਕਾਂ 'ਚ ਹੀ
ਜੇਲ ਦੇ ਅੰਦਰ ਸੀ. ਆਰ. ਪੀ. ਐੱਫ. ਦੀ ਤਾਇਨਾਤੀ ਹਾਈ ਸਕਿਓਰਟੀ ਜ਼ੋਨ ਤੋਂ ਇਲਾਵਾ ਸੈੱਲ ਬਲਾਕਾਂ 'ਚ ਕੀਤੀ ਗਈ ਹੈ। ਹੋਰਨਾਂ ਬੈਰਕਾਂ 'ਚ ਜੇਲ ਗਾਰਦ, ਪੋਸਕੋ, ਹੋਮਗਾਰਡਸ ਅਤੇ ਹੋਰ ਮੁਲਾਜ਼ਮ ਸਮੇਂ-ਸਮੇਂ 'ਤੇ ਡਿਊਟੀ ਦੇ ਰਹੇ ਹਨ। ਜੇਕਰ ਸਾਰੇ ਬੈਰਕਾਂ 'ਚ ਸੀ. ਆਰ. ਪੀ. ਐੱਫ. ਦੀ ਤਾਇਨਾਤੀ ਹੋ ਜਾਵੇ ਤਾਂ ਮੋਬਾਇਲ, ਨਸ਼ਾ ਅਤੇ ਹੋਰ ਪਾਬੰਦੀਸ਼ੁਦਾ ਸਾਮਾਨ ਬੰਦੀਆਂ ਨੂੰ ਆਸਾਨੀ ਨਾਲ ਮੁਹੱਈਆ ਹੋਣ ਦੀ ਬਜਾਏ ਪਕੜ 'ਚ ਆ ਸਕਦਾ ਹੈ।

ਇਸ ਸਬੰਧੀ ਜੇਲ ਦੇ ਸੁਪਰਡੈਂਟ ਰਾਜੀਵ ਕੁਮਾਰ ਅਰੋੜਾ ਦਾ ਕਹਿਣਾ ਹੈ ਕਿ ਜੇਲ ਦੇ ਅੰਦਰ ਕੈਦੀਆਂ, ਹਵਾਲਾਤੀਆਂ ਤੋਂ ਮੋਬਾਇਲ ਅਤੇ ਨਸ਼ੇ ਵਰਗੀਆਂ ਕਈ ਤਰ੍ਹਾਂ ਦੀਆਂ ਪਾਬੰਦੀਸ਼ੁਦਾ ਚੀਜ਼ਾਂ 'ਤੇ ਕਾਬੂ ਪਾਉਣ ਲਈ ਸਖਤ ਚੈਕਿੰਗ ਅਤੇ ਰਾਤ ਦੇ ਪਹਿਰੇ ਵਧਾ ਦਿੱਤੇ ਗਏ ਹਨ। ਜੇਕਰ ਕੋਈ ਪਾਬੰਦੀਸ਼ੁਦਾ ਸਾਮਾਨ ਮਿਲਣ ਦਾ ਕੇਸ ਸਾਹਮਣੇ ਆਇਆ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ।


author

Anuradha

Content Editor

Related News