ਮਾਮਲਾ ਹਵਾਲਾਤੀ ਦੇ ਫਰਾਰ ਹੋਣ ਦਾ, 3 ਪੁਲਸ ਕਰਮਚਾਰੀ ਡਿਊਟੀ ਤੋਂ ਡਿਸਮਿਸ
Saturday, Feb 03, 2018 - 12:16 PM (IST)
ਰੂਪਨਗਰ (ਕੈਲਾਸ਼)— ਜੇਲ ਦੇ ਤਿੰਨ ਪੁਲਸ ਕਰਮਚਾਰੀਆਂ ਨੂੰ ਡਿਊਟੀ 'ਚ ਲਾਪਰਵਾਹੀ ਵਰਤਣ ਦੇ ਮਾਮਲੇ 'ਚ ਜੇ. ਐੱਮ. ਆਈ. ਸੀ. ਜੱਜ ਹਰਸਿਮਰਤਜੀਤ ਕੌਰ ਨੇ ਡਿਸਮਿਸ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਜਾਣਕਾਰੀ ਅਨੁਸਾਰ 13 ਜੂਨ 2012 ਨੂੰ ਜੇਲ ਰੂਪਨਗਰ ਦੇ 3 ਕਰਮਚਾਰੀ ਵਾਰਡਰ ਭਾਗ ਸਿੰਘ, ਅਮਰਜੀਤ ਸਿੰਘ ਅਤੇ ਵਾਰਡਰ ਸਿਕੰਦਰ ਸਿੰਘ ਮੁਲਜ਼ਮ ਸੁਨੀਲ ਕੁਮਾਰ ਪੁੱਤਰ ਕ੍ਰਿਸ਼ਨ ਪਾਲ ਨੂੰ ਇਲਾਜ ਲਈ ਸਿਵਲ ਹਸਪਤਾਲ ਰੂਪਨਗਰ 'ਚ ਲੈ ਕੇ ਆਏ ਸੀ ਪਰ ਸੁਨੀਲ ਕੁਮਾਰ ਸਿਵਲ ਹਸਪਤਾਲ 'ਚ ਪੁਲਸ ਮੁਲਾਜ਼ਮਾਂ ਦੀ ਲਾਪਰਵਾਹੀ ਕਾਰਨ ਮੌਕੇ ਤੋਂ ਫਰਾਰ ਹੋ ਗਿਆ, ਜਿਸ ਨੂੰ ਲੈ ਕੇ ਉਕਤ ਪੁਲਸ ਮੁਲਾਜ਼ਮਾਂ ਵਿਰੁੱਧ 13 ਜੂਨ 2012 ਨੂੰ ਮਾਮਲਾ ਨੰਬਰ 74 ਵੱਖ-ਵੱਖ ਧਾਰਾਵਾਂ ਤਹਿਤ ਥਾਣਾ ਸਿਟੀ ਰੂਪਨਗਰ 'ਚ ਦਰਜ ਕੀਤਾ ਗਿਆ ਸੀ, ਜਿਸ ਤੋਂ ਬਾਅਦ ਵਿਭਾਗੀ ਕਾਰਵਾਈ ਦੇ ਤਹਿਤ ਉਕਤ ਤਿੰਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ, ਜਦੋਂਕਿ ਕਰਮਚਾਰੀਆਂ ਦੀ ਬੇਨਤੀ 'ਤੇ 7 ਜਨਵਰੀ 2013 ਨੂੰ ਸਸਪੈਂਡ ਕੀਤੇ ਗਏ ਤਿੰਨਾਂ ਕਰਮਚਾਰੀਆਂ ਨੂੰ ਡਿਊਟੀ 'ਤੇ ਬਹਾਲ ਕਰ ਦਿੱਤਾ। ਜਦੋਂਕਿ ਮਾਮਲਾ ਅਦਾਲਤ ਦੇ ਵਿਚਾਰ ਅਧੀਨ ਚੱਲਦਾ ਰਿਹਾ।
ਇਸੇ ਦੌਰਾਨ ਵਿਭਾਗ ਨੇ ਉਕਤ ਤਿੰਨਾਂ ਕਰਮਚਾਰੀਆਂ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਪਰ ਕਿਸੇ ਵੀ ਕਰਮਚਾਰੀ ਨੇ ਉਸ ਦਾ ਜਵਾਬ ਨਹੀਂ ਦਿੱਤਾ। ਫਿਰ ਤਿੰਨਾਂ 'ਚੋਂ 2 ਕਰਮਚਾਰੀਆਂ ਦੀ ਬਦਲੀ ਜ਼ਿਲਾ ਜੇਲ ਰੂਪਨਗਰ ਤੋਂ ਬਦਲ ਕੇ ਹੋਰ ਸਥਾਨਾਂ 'ਤੇ ਕਰ ਦਿੱਤੀ ਗਈ। ਪਤਾ ਲੱਗਾ ਹੈ ਕਿ 31 ਜਨਵਰੀ 2018 ਨੂੰ ਵਾਰਡਰ ਭਾਗ ਸਿੰਘ ਨੇ ਆਪਣੀ ਡਿਊਟੀ ਤੋਂ ਸੇਵਾ ਮੁਕਤ ਹੋਣਾ ਸੀ, ਠੀਕ ਦੋ ਦਿਨ ਪਹਿਲਾਂ 29 ਜਨਵਰੀ 2018 ਨੂੰ ਜੇ. ਐੱਮ. ਆਈ. ਸੀ. ਹਰਸਿਮਰਤਜੀਤ ਕੌਰ ਨੇ ਆਪਣਾ ਫੈਸਲਾ ਸੁਣਾਉਂਦੇ ਹੋਏ ਉਕਤ ਤਿੰਨੋਂ ਕਰਮਚਾਰੀਆਂ ਨੂੰ ਸਥਾਈ ਤੌਰ 'ਤੇ ਡਿਸਮਿਸ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਜਦੋਂਕਿ ਮਾਣਯੋਗ ਜੱਜ ਨੇ ਵਾਰਡਰ ਭਾਗ ਸਿੰਘ ਨੂੰ 1 ਸਾਲ ਦੀ ਕੈਦ ਅਤੇ 1 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ, ਵਾਰਡਰ ਸਿਕੰਦਰ ਸਿੰਘ ਅਤੇ ਅਮਰਜੀਤ ਸਿੰਘ ਨੂੰ ਦੋ-ਦੋ ਮਹੀਨੇ ਦੀ ਕੈਦ ਅਤੇ 1-1 ਹਜ਼ਾਰ ਰੁਪਏ ਜੁਰਮਾਨੇ ਦਾ ਹੁਕਮ ਦਿੱਤਾ।
