ਬਠਿੰਡਾ ਜੇਲ੍ਹ ’ਚ ਅੰਮ੍ਰਿਤਧਾਰੀ ਕੈਦੀ ਦੇ ਵਾਲ ਕੱਟਣ ਦੇ ਮਾਮਲੇ ਨੇ ਫੜਿਆ ਤੂਲ
Sunday, Jul 03, 2022 - 02:20 AM (IST)
ਬਠਿੰਡਾ (ਵਰਮਾ) : ਕੇਂਦਰੀ ਜੇਲ੍ਹ ਬਠਿੰਡਾ ’ਚ ਬੰਦ ਅੰਮ੍ਰਿਤਧਾਰੀ ਕੈਦੀ ਰਾਜਵੀਰ ਸਿੰਘ ਦੇ ਵਾਲ ਕੱਟਣ ਦਾ ਮਾਮਲਾ ਤੂਲ ਫੜਦਾ ਜਾ ਰਿਹਾ ਹੈ। ਪਰਿਵਾਰ ਪੁਲਸ ਤੇ ਜੇਲ੍ਹ ਪ੍ਰਬੰਧਕਾਂ ’ਤੇ ਦੋਸ਼ ਲਗਾ ਰਿਹਾ ਹੈ, ਜਦਕਿ ਜੇਲ੍ਹ ਪ੍ਰਸ਼ਾਸਨ ਨੇ ਕੈਦੀ ’ਤੇ ਫਰਾਰ ਹੋਣ ਦਾ ਦੋਸ਼ ਲਗਾਇਆ ਹੈ। ਸ਼ਨੀਵਾਰ ਨੂੰ ਪੁਲਸ ਨੇ ਕੈਦੀ ਰਾਜਵੀਰ ਸਿੰਘ ਅਤੇ ਸਾਬਕਾ ਸਰਪੰਚ ਗੁਰਦੀਪ ਸਿੰਘ ਰਾਣੋ ਨੂੰ ਬਠਿੰਡਾ ਅਦਾਲਤ ’ਚ ਪੇਸ਼ ਕਰਕੇ ਪੁਲਸ ਰਿਮਾਂਡ ਦੀ ਮੰਗ ਕੀਤੀ ਪਰ ਰਾਜਵੀਰ ਦੇ ਵਕੀਲ ਹਰਪਾਲ ਸਿੰਘ ਖਾਰਾ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਉਨ੍ਹਾਂ ਨੂੰ ਰਿਮਾਂਡ ’ਤੇ ਭੇਜਣ ਤੋਂ ਇਨਕਾਰ ਕਰ ਦਿੱਤਾ। ਇਸ ਦੇ ਨਾਲ ਹੀ ਅਦਾਲਤ ਨੇ ਪੁਲਸ ਨੂੰ ਕੈਦੀ ਰਾਜਵੀਰ ਸਿੰਘ ਦਾ ਮੈਡੀਕਲ ਸਿਵਲ ਹਸਪਤਾਲ ਬਠਿੰਡਾ ਤੋਂ ਕਰਵਾਉਣ ਦੇ ਹੁਕਮ ਦਿੱਤੇ ਹਨ। ਜਦੋਂ ਪੁਲਸ ਦੋਵਾਂ ਨੂੰ ਅਦਾਲਤ ਵਿਚ ਲੈ ਕੇ ਆਈ ਤਾਂ ਕੈਦੀ ਰਾਜਵੀਰ ਸਿੰਘ ਨੇ ਜੱਜ ਨੂੰ ਕੱਟੇ ਹੋਏ ਵਾਲ ਅਤੇ ਸਰੀਰ ’ਤੇ ਸੱਟਾਂ ਦੇ ਨਿਸ਼ਾਨ ਦਿਖਾਏ। ਕੈਦੀ ਰਾਜਵੀਰ ਸਿੰਘ ਨੇ ਦੋਸ਼ ਲਾਇਆ ਕਿ ਕੇਂਦਰੀ ਜੇਲ੍ਹ ਬਠਿੰਡਾ ਦੇ ਮੁਲਾਜ਼ਮਾਂ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਉਸ ਦੇ ਵਾਲ ਵੀ ਵਿਗਾੜ ਦਿੱਤੇ। ਭਾਵੇਂ ਇਸ ਵਿਚ ਉਸ ਦਾ ਕੋਈ ਕਸੂਰ ਨਹੀਂ ਸੀ। ਜਦੋਂ ਵੀ ਉਹ ਆਪਣੇ ਹੱਕਾਂ ਲਈ ਆਵਾਜ਼ ਉਠਾਉਂਦਾ ਹੈ ਤਾਂ ਉਸ ਨੂੰ ਜੇਲ੍ਹ 'ਚ ਕੁੱਟਿਆ ਜਾਂਦਾ ਹੈ।
ਇਹ ਵੀ ਪੜ੍ਹੋ : SIT ਨੇ ਬੇਅਦਬੀ ਮਾਮਲਿਆਂ ਨੂੰ ਸਿਆਸੀ ਨਹੀਂ, ਬਲਕਿ ਡੇਰਾ ਸਿਰਸਾ ਦੀ ਸਾਜ਼ਿਸ਼ ਕਰਾਰ ਦਿੱਤਾ
ਇਸ ਮੌਕੇ ਪੀੜਤ ਰਾਜਵੀਰ ਦੀ ਮਾਤਾ ਪ੍ਰਭਜੋਤ ਕੌਰ ਵਾਸੀ ਗੁਰਦਾਸਪੁਰ ਜ਼ਿਲ੍ਹਾ ਨਾਥਪੁਰ ਨੇ ਵੀ ਕੇਂਦਰੀ ਜੇਲ੍ਹ ਬਠਿੰਡਾ ਦੇ ਮੁਲਾਜ਼ਮਾਂ ਵੱਲੋਂ ਉਸ ਦੇ ਲੜਕੇ ਨਾਲ ਦੁਰਵਿਵਹਾਰ, ਬੇਵਜ੍ਹਾ ਕੁੱਟਮਾਰ ਕਰਨ ਦਾ ਦੋਸ਼ ਲਾਉਂਦਿਆਂ ਮਾਮਲੇ ਦੀ ਜਾਂਚ ਦੀ ਮੰਗ ਕੀਤੀ। ਉਸ ਨੇ ਦੋਸ਼ ਲਾਇਆ ਕਿ ਇਹ ਘਟਨਾ ਉਸ ਦੇ ਲੜਕੇ ਨਾਲ 26 ਜੂਨ ਨੂੰ ਵਾਪਰੀ ਸੀ ਪਰ ਪੁਲਸ ਨੇ ਉਸ ਦੇ ਪੁੱਤਰ ਖ਼ਿਲਾਫ਼ 28 ਜੂਨ ਨੂੰ ਜੇਲ੍ਹ 'ਚੋਂ ਫਰਾਰ ਹੋਣ ਅਤੇ ਬਚਾਅ ਵਿਚ ਵਾਰਡਨ ਦੀ ਕੁੱਟਮਾਰ ਕਰਨ ਦਾ ਝੂਠਾ ਕੇਸ ਦਰਜ ਕਰ ਲਿਆ। ਪੀੜਤ ਧਿਰ ਵੱਲੋਂ ਪੇਸ਼ ਹੋਏ ਵਕੀਲ ਹਰਪਾਲ ਸਿੰਘ ਖਾਰਾ ਨੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਵੀ ਪੁਲਸ ਵੱਲੋਂ ਕੇਸ ਤੋਂ ਹਟਣ ਲਈ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ : ਦੁਖਦ ਖ਼ਬਰ : ਰਾਜਾ ਵੜਿੰਗ ਦੇ PA ਦੀ ਸੜਕ ਹਾਦਸੇ 'ਚ ਮੌਤ
ਕੈਦੀ ਬੇਬੁਨਿਆਦ ਦੋਸ਼ ਲਗਾ ਰਿਹਾ ਹੈ : ਜੇਲ੍ਹ ਸੁਪਰਡੈਂਟ
ਮਾਮਲੇ ਸਬੰਧੀ ਜੇਲ੍ਹ ਸੁਪਰਡੈਂਟ ਐੱਨ. ਡੀ. ਨੇਗੀ ਨੇ ਦੱਸਿਆ ਕਿ ਕੈਦੀ ਆਪਣੇ ਬਚਾਅ ਲਈ ਬੇਬੁਨਿਆਦ ਦੋਸ਼ ਲਗਾ ਰਿਹਾ ਹੈ, ਜਦੋਂ ਕਿ ਉਸ ਨੇ ਜੇਲ੍ਹ ਵਾਰਡਨ ਦੀ ਕੁੱਟਮਾਰ ਕੀਤੀ ਅਤੇ ਉਸ ਦੀ ਪੱਗ ਵੀ ਲਾਹ ਦਿੱਤੀ ਅਤੇ ਹਮਲਾ ਕਰਕੇ 2 ਜੇਲ੍ਹ ਮੁਲਾਜ਼ਮਾਂ ਨੂੰ ਜ਼ਖ਼ਮੀ ਕਰ ਦਿੱਤਾ। ਜ਼ਿਕਰਯੋਗ ਹੈ ਕਿ ਇਸ ਮਾਮਲੇ ਨੂੰ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਇਕ ਟਵੀਟ ਕਰਕੇ ਉਠਾਇਆ ਸੀ ਅਤੇ ਸਰਕਾਰ ਤੋਂ ਜਾਂਚ ਦੀ ਮੰਗ ਵੀ ਕੀਤੀ ਸੀ। ਟਵੀਟ ਵਿੱਚ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਸਨ।
ਇਹ ਵੀ ਪੜ੍ਹੋ : ਵੱਡਾ ਖੁਲਾਸਾ : ਕਨ੍ਹਈਆ ਦਾ ਸਿਰ ਕਲਮ ਕਰਨ ਵਾਲੇ ਮੁਹੰਮਦ ਰਿਆਜ਼ ਨੇ BJP ਦਫ਼ਤਰ ਦੀ ਕੀਤੀ ਸੀ ਰੇਕੀ
ਜੇਲ੍ਹ ਪ੍ਰਸ਼ਾਸਨ ਨੇ ਕੈਦੀ ’ਤੇ ਜੇਲ੍ਹ ਬ੍ਰੇਕ ਦਾ ਲਾਇਆ ਦੋਸ਼
ਜੇਲ੍ਹ ਅਧਿਕਾਰੀਆਂ ਨੇ ਦਾਅਵਾ ਕੀਤਾ ਸੀ ਕਿ ਕੈਦੀ ਰਾਜਵੀਰ ਸਿੰਘ ਤੇ ਗੁਰਦੀਪ ਸਿੰਘ ਰਾਣੋ ਨੇ 28 ਜੂਨ ਨੂੰ ਜੇਲ੍ਹ ਵਾਰਡਨ ਦੀ ਕੁੱਟਮਾਰ ਕਰਕੇ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਸੀ। ਪੁਲਸ ਨੇ ਇਸ ਮਾਮਲੇ ਵਿਚ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਸੀ। ਕੁਝ ਦਿਨ ਪਹਿਲਾਂ ਜੇਲ੍ਹ ਪ੍ਰਸ਼ਾਸਨ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਕੈਦੀ ਰਾਜਵੀਰ ਸਿੰਘ ਕੋਲੋਂ 5 ਸਿਮ ਕਾਰਡ ਅਤੇ ਇਕ ਮੋਬਾਇਲ ਬਰਾਮਦ ਕੀਤਾ ਸੀ। ਇਸ ਮਾਮਲੇ 'ਚ ਰਾਜਵੀਰ ਖ਼ਿਲਾਫ਼ ਬਠਿੰਡਾ ਦੇ ਥਾਣਾ ਕੈਂਟ ਵਿਚ ਵੀ ਕੇਸ ਦਰਜ ਕੀਤਾ ਗਿਆ ਹੈ। ਥਾਣਾ ਕੈਂਟ ਦੇ ਐੱਸ. ਆਈ. ਕਰਮਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਰਾਜਵੀਰ ਸਿੰਘ ਤੇ ਗੁਰਦੀਪ ਸਿੰਘ ਰਾਣੋ ਨੂੰ ਅਦਾਲਤ ਨੇ ਜੇਲ੍ਹ ਭੇਜ ਦਿੱਤਾ ਹੈ।
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ