ਜੇਲ ''ਚ ਬਣਾਇਆ ਗਿਰੋਹ, ਬਾਹਰ ਆਉਂਦੇ ਹੀ 10 ਦਿਨਾਂ ''ਚ ਕਰ ਦਿੱਤੀਆਂ 10 ਵਾਰਦਾਤਾਂ

11/15/2019 6:48:46 PM

ਲੁਧਿਆਣਾ (ਮਹੇਸ਼) : ਸਦਰ ਪੁਲਸ ਨੇ ਲੁੱਟ-ਖੋਹ ਕਰਨ ਵਾਲੇ ਗੰਜਾ ਗਿਰੋਹ ਦੇ ਸਰਗਣਾ ਸਣੇ 4 ਮੈਂਬਰਾਂ ਨੂੰ ਬਹੁਤ ਨਾਟਕੀ ਢੰਗ ਨਾਲ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜ਼ੇ 'ਚੋਂ ਲੁੱਟੇ ਗਏ 13 ਮੋਬਾਇਲ ਅਤੇ ਚੋਰੀਸ਼ੁਦਾ 3 ਮੋਟਰਸਾਈਕਲ ਬਰਾਮਦ ਕੀਤੇ ਹਨ। ਫੜੇ ਗਏ ਮੁਲਜ਼ਮਾਂ ਦੀ ਸ਼ਨਾਖਤ ਗੈਂਗ ਦੇ ਸਰਗਣਾ ਰਵੀ ਉਰਫ ਗੰਜਾ (32), ਗੁਰਦੀਪ ਸਿੰਘ ਉਰਫ ਕਾਕਾ (22), ਬਲਵਿੰਦਰ ਸਿੰਘ ਉਰਫ ਬਬਲੂ (25) ਅਤੇ ਮਨਜੀਤ ਸਿੰਘ (24) ਵਜੋਂ ਹੋਈ ਹੈ। ਗੰਜਾ ਹਰਿਆਣਾ ਦੇ ਸਿਰਸਾ, ਮਨਜੀਤ ਬਠਿੰਡਾ ਦੇ ਪਰਸਰਾਮ ਨਗਰ, ਬਲਵਿੰਦਰ ਪਿੰਡ ਠੱਕਰਵਾਲ ਅਤੇ ਕਾਕਾ ਪਿੰਡ ਮਾਨਕਵਾਲ ਦਾ ਰਹਿਣ ਵਾਲਾ ਹੈ।

ਏ. ਸੀ. ਪੀ. ਜਸ਼ਨਦੀਪ ਸਿੰਘ ਗਿੱਲ ਨੇ ਪ੍ਰੈੱਸ ਨਾਲ ਗੱਲਬਾਤ 'ਚ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਬੁੱਧਵਾਰ ਨੂੰ ਇਸ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਇੰਸਪੈਕਟਰ ਜਗਦੇਵ ਸਿੰਘ ਨੇ ਉਸ ਦੀ ਟੀਮ ਨੂੰ ਜਾਣਕਾਰੀ ਮਿਲੀ ਸੀ ਕਿ ਉਹ ਨਸ਼ੇ ਲਈ ਰਾਹਗੀਰਾਂ ਨੂੰ ਘੇਰ ਕੇ ਉਸ ਦੀ ਨਕਦੀ, ਮੋਬਾਇਲ ਅਤੇ ਹੋਰ ਕੀਮਤੀ ਸਾਮਾਨ ਲੁੱਟ ਲੈਂਦੇ ਹਨ ਅਤੇ ਉਕਤ ਬਦਮਾਸ਼ ਲੁੱਟ-ਖੋਹ ਦੇ ਇਰਾਦੇ ਨਾਲ ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਜੋਧਾਂ ਤੋਂ ਸ਼ਹਿਰ ਵੱਲ ਆ ਰਹੇ ਹਨ। ਉਨ੍ਹਾਂ ਨੇ ਤੁਰੰਤ ਇਹ ਸਾਰਾ ਮਾਮਲਾ ਸੀਨੀਅਰ ਅਧਿਕਾਰੀਆਂ ਨੇ ਧਿਆਨ 'ਚ ਲਿਆਂਦਾ ਅਤੇ ਮੁਲਜ਼ਮਾਂ ਨੂੰ ਫੜਨ ਲਈ ਏ. ਐੱਸ. ਆਈ. ਓਮ ਪ੍ਰਕਾਸ਼ ਦੀ ਡਿਊਟੀ ਲਾਈ ਗਈ, ਜਿਨ੍ਹਾਂ ਦੀ ਟੀਮ ਨੇ ਲਲਤਾਂ ਕੋਲ ਨਾਕਾਬੰਦੀ ਕਰ ਕੇ ਚਾਰਾਂ ਮੁਲਜ਼ਮਾਂ ਨੂੰ ਦਬੋਚ ਲਿਆ।

ਪੁੱਛਗਿੱਛ 'ਚ ਮੁਲਜ਼ਮਾਂ ਨੇ ਆਪਣਾ ਗੁਨਾਹ ਕਬੂਲ ਕਰਦੇ ਹੋਏ ਖੁਲਾਸਾ ਕੀਤਾ ਕਿ ਜਦੋਂ ਗੰਜਾ ਜੇਲ 'ਚ ਸੀ ਤਾਂ ਉਸ ਦੀ ਮੁਲਾਕਾਤ ਕਾਕੇ ਨਾਲ ਹੋਈ। ਦੋਵਾਂ 'ਚ ਡੂੰਘੀ ਦੋਸਤੀ ਹੋ ਗਈ। ਦੋਵਾਂ ਨੇ ਮਿਲ ਕੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਯੋਜਨਾ ਬਣਾਈ। ਕਾਕਾ ਪਹਿਲਾਂ ਜੇਲ ਤੋਂ ਛੁੱਟ ਗਿਆ, ਜਦਕਿ ਗੰਜਾ ਬਾਅਦ 'ਚ ਬਾਹਰ ਆਇਆ। ਬਾਹਰ ਆ ਕੇ ਦੋਵਾਂ ਨੇ ਆਪਣੇ ਨਾਲ ਬਬਲੂ ਅਤੇ ਮਨਜੀਤ ਨੂੰ ਮਿਲਾ ਲਿਆ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਕਰਨ ਲਗੇ।

ਚੋਰੀ ਦਾ ਸਾਮਾਨ ਵੇਚ ਕੇ ਕਰਦੇ ਸਨ ਨਸ਼ਾ
ਇੰਸਪੈਕਟਰ ਜਗਦੇਵ ਨੇ ਦੱਸਿਆ ਕਿ 10 ਦਿਨ ਪਹਿਲਾਂ ਹੀ ਗੰਜਾ ਜੇਲ ਤੋਂ ਬਾਹਰ ਆਇਆ ਸੀ। ਆਉਂਦੇ ਹੀ ਉਹ ਸਰਗਰਮ ਹੋ ਗਿਆ। ਉਸ ਨੇ ਹੋਰ ਸਾਥੀਆਂ ਨਾਲ ਮਿਲ ਕੇ 10 ਦਿਨਾਂ 'ਚ ਲੁੱਟ-ਖੋਹ ਦੀਆਂ 10 ਵਾਰਦਾਤਾਂ ਕੀਤੀਆਂ। ਫੜੇ ਗਏ ਚਾਰੋਂ ਮੁਲਜ਼ਮ ਨਸ਼ੇ ਦੇ ਆਦੀ ਹਨ। ਲੁੱਟ ਨਾਲ ਜੋ ਨਕਦੀ ਅਤੇ ਸਾਮਾਨ ਮਿਲਦਾ, ਉਸ ਨੂੰ ਵੇਚ ਕੇ ਇਹ ਨਸ਼ਾ ਕਰਦੇ ਸਨ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਇਹ ਗੱਲ ਵੀ ਸਾਹਮਣੇ ਆ ਰਹੀ ਹੈ ਕਿ ਇਨ੍ਹਾਂ ਕੋਲੋਂ ਬਰਾਮਦ ਹੋਏ ਮੋਟਰਸਾਈਕਲ ਵੀ ਚੋਰੀ ਦੇ ਹਨ। ਇਸ ਦਾ ਪਤਾ ਲਾਇਆ ਜਾ ਰਿਹਾ ਹੈ ਕਿ ਉਹ ਕਿਥੋਂ-ਕਿਥੋਂ ਚੁਰਾਏ ਗਏ ਸਨ।

ਗੰਜੇ ਅਤੇ ਕਾਕੇ 'ਤੇ ਪਹਿਲਾਂ ਵੀ ਦਰਜ ਹਨ ਕੇਸ
ਜਗਦੀਸ਼ ਨੇ ਦੱਸਿਆ ਕਿ ਗੰਜੇ 'ਤੇ 17 ਅਪ੍ਰੈਲ 2013 ਨੂੰ ਨਸ਼ਾ ਸਮੱਗਲਿੰਗ ਦੇ ਦੋਸ਼ 'ਚ ਡਵੀਜ਼ਨ ਨੰਬਰ 1 'ਚ ਕੇਸ ਦਰਜ ਹੋਇਆ ਸੀ। ਇਸ ਤੋਂ ਬਾਅਦ 2017 'ਚ ਇਸੇ ਥਾਣਾ ਪੁਲਸ ਨੇ ਉਸ ਨੂੰ ਲੁੱਟ-ਖੋਹ ਦੇ ਕੇਸ 'ਚ ਫੜਿਆ, ਜਦਕਿ ਕਾਕੇ 'ਤੇ ਸਦਰ 'ਚ ਚੋਰੀ ਅਤੇ ਸ਼ਹੀਦ ਭਗਤ ਸਿੰਘ ਨਗਰ ਥਾਣੇ 'ਚ ਲੁੱਟ-ਖੋਹ ਦਾ ਕੇਸ ਦਰਜ ਹੈ। ਬਾਕੀ ਦੋਸ਼ੀਆਂ ਦਾ ਅਪਰਾਧਿਕ ਰਿਕਾਰਡ ਚੈੱਕ ਕੀਤਾ ਜਾ ਰਿਹਾ ਹੈ। ਚਾਰੋਂ ਦੋਸ਼ੀ ਗਰੀਬ ਪਰਿਵਾਰਾਂ ਨਾਲ ਸਬੰਧਤ ਹਨ।


Gurminder Singh

Content Editor

Related News