ਮੁੱਖ ਮੰਤਰੀ ਚੰਨੀ ਦੀ ਖੋਖਲੀ ਬਿਆਨਬਾਜ਼ੀ ਨੇ ਸਕੂਲੀ ਬੱਚੇ ਵੀ ਨਹੀਂ ਬਖ਼ਸ਼ੇ : ਪ੍ਰਿੰਸੀਪਲ ਬੁੱਧਰਾਮ

Thursday, Dec 09, 2021 - 05:21 PM (IST)

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕਿਹਾ ਕਿ ਝੂਠੇ ਐਲਾਨਾਂ ਦੇ ਸਿਲਸਿਲੇ 'ਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਕੂਲੀ ਵਿਦਿਆਰਥੀਆਂ ਨੂੰ ਵੀ ਨਹੀਂ ਬਖ਼ਸ਼ਿਆ, ਕਿਉਂਕਿ ਸਰਦੀਆਂ ਸ਼ੁਰੂ ਹੋ ਚੁੱਕੀਆਂ ਹਨ ਪਰ ਐਲਾਨ ਦੇ ਬਾਵਜੂਦ ਸਰਕਾਰੀ ਸਕੂਲਾਂ ਦੇ ਸਾਰੇ ਵਿਦਿਆਰਥੀਆਂ ਨੂੰ ਚੰਨੀ ਸਰਕਾਰ ਸਕੂਲੀ ਵਰਦੀਆਂ ਮੁਹੱਈਆ ਨਹੀਂ ਕਰਵਾ ਸਕੀ। ਦੂਜੇ ਪਾਸੇ ਸਿੱਖਿਆ ਮੰਤਰੀ ਪਰਗਟ ਸਿੰਘ ਸਰਕਾਰੀ ਸਕੂਲਾਂ ਦੇ ਗੇਟਾਂ ਅਤੇ ਕੰਧਾਂ 'ਤੇ ਮਹਿਜ਼ ਕਲੀ-ਪੋਚਾ ਕਰਕੇ ਹੀ ਸਰਕਾਰੀ ਸਕੂਲਾਂ ਦੀ ਖ਼ਸਤਾ-ਹਾਲ 'ਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਦੱਸਣ ਕਿ 5 ਹਜ਼ਾਰ ਤੋਂ ਵੱਧ ਸਰਕਾਰੀ ਸਕੂਲ ਪਾਵਰਕਾਮ ਦੇ ਡਿਫਾਲਟਰ ਕਿਉਂ ਹੋ ਗਏ, ਕੀ ਬਿਜਲੀ ਦੇ ਕਨੈਕਸ਼ਨ ਤੋਂ ਬਿਨਾ ਕੋਈ ਸਕੂਲ ਸਮਾਰਟ ਹੋ ਸਕਦਾ ਹੈ?

ਵੀਰਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਨੇ ਕਿਹਾ ਕਿ ਪਿਛਲੇ 35- 40 ਸਾਲਾਂ ਤੋਂ ਕਾਂਗਰਸ ਅਤੇ ਬਾਦਲ-ਭਾਜਪਾ ਦੀਆਂ ਸਰਕਾਰਾਂ ਨੇ ਨਿੱਜੀ ਖੇਤਰ ਨਾਲ ਮਿਲ ਕੇ ਇੱਕ ਸਾਜ਼ਿਸ਼ ਰਾਹੀਂ ਪੰਜਾਬ ਦੇ ਸਰਕਾਰੀ ਸਕੂਲਾਂ, ਕਾਲਜਾਂ, ਸਰਕਾਰੀ ਡਿਸਪੈਂਸਰੀਆਂ ਅਤੇ ਹਸਪਤਾਲਾਂ (ਸਿੱਖਿਆ ਅਤੇ ਸਿਹਤ ਵਿਵਸਥਾ) ਦਾ ਸਭ ਤੋਂ ਵੱਧ ਨੁਕਸਾਨ ਕੀਤਾ। ਇਸ ਕਾਰਨ ਅੱਜ ਸੂਬੇ ਦੀ ਮੁੱਢਲੀ ਸਿੱਖਿਆ ਤੋਂ ਲੈ ਕੇ ਉੁਚੇਰੀ ਸਿੱਖਿਆ ਹਾਸ਼ੀਏ ਤੋਂ ਵੀ ਪਾਰ ਚਲੀ ਗਈ ਹੈ। ਪਰ ਸਾਡੇ ਮੁੱਖ ਮੰਤਰੀ ਚੰਨੀ ਅਤੇ ਸਿੱਖਿਆ ਮੰਤਰੀ ਪਰਗਟ ਸਿੰਘ ਵੀ ਕੈਪਟਨ ਅਤੇ ਬਾਦਲਾਂ ਵਾਂਗ ਅਸਲੀਅਤ ਕਬੂਲਣ ਦੀ ਥਾਂ ਹਕੀਕਤ 'ਤੇ ਪਰਦੇ ਅਤੇ ਲੋਕਾਂ ਦੀਆਂ ਅੱਖਾਂ 'ਚ ਘੱਟਾ ਪਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਹਨ। ਇਹ ਵੱਖਰੀ ਗੱਲ ਹੈ ਕਿ ਪੰਜਾਬ ਦੇ ਲੋਕ ਅਤੇ ਮਾਪੇ ਨਾ ਚੰਨੀ ਦੇ ਫ਼ੋਕੇ ਐਲਾਨਾਂ 'ਤੇ ਵਿਸ਼ਵਾਸ਼ ਕਰ ਰਹੇ ਹਨ ਅਤੇ ਨਾ ਹੀ ਪਰਗਟ ਸਿੰਘ ਦੇ ਨੰਬਰ-ਵਨ ਸਕੂਲਾਂ ਦੇ ਦਾਅਵਿਆਂ ਨੂੰ ਮੰਨ ਰਹੇ ਹਨ। 

'ਆਪ' ਆਗੂ ਨੇ ਕਿਹਾ ਕਿ ਇੰਨਾ ਹੀ ਨਹੀਂ, ਦਿੱਲੀ ਸਰਕਾਰ ਦੇ ਸਕੂਲਾਂ ਨਾਲ ਪੰਜਾਬ ਦੇ ਸਕੂਲਾਂ ਦੀ ਤੁਲ਼ਨਾ ਲਈ ਚੁਣੌਤੀ ਦੇ ਕੇ ਪਰਗਟ ਸਿੰਘ ਉਲਟਾ ਮਜ਼ਾਕ ਦੇ ਪਾਤਰ ਬਣੇ ਹਨ। ਉਨ੍ਹਾਂ ਕਿਹਾ ਕਿ ਪੰਜਾਬ 'ਚ ਸਰਦੀਆਂ ਜ਼ੋਰ ਫੜ੍ਹ ਚੁੱਕੀਆਂ ਹਨ ਪਰ ਮੁੱਖ ਮੰਤਰੀ ਚੰਨੀ ਦਾ ਸਰਕਾਰੀ ਸਕੂਲਾਂ 'ਚ ਪੜ੍ਹਦੇ ਸਾਰੇ ਵਿਦਿਆਰਥੀਆਂ ਨੂੰ ਸਕੂਲੀ ਵਰਦੀਆਂ ਦੇਣ ਦਾ ਐਲਾਨ ਵੀ ਖੋਖਲਾ ਐਲਾਨ ਹੀ ਸਾਬਿਤ ਹੋ ਰਿਹਾ ਹੈ। ਵਿਧਾਇਕ ਨੇ ਕਿਹਾ ਕਿ ਚੰਨੀ ਸਰਕਾਰ ਨੂੰ ਵੋਟਾਂ ਲਈ ਸਕੂਲੀ ਵਿਦਿਆਰਥੀਆਂ ਨੂੰ ਬਖ਼ਸ਼ ਦੇਣਾ ਚਾਹੀਦਾ ਹੈ ਕਿਉਂਕਿ ਸੂਬੇ ਦੇ ਸਰਕਾਰੀ ਸਕੂਲਾਂ 'ਚ ਬਹੁਗਿਣਤੀ ਬੱਚੇ ਆਮ ਅਤੇ ਗ਼ਰੀਬ ਵਰਗ ਨਾਲ ਸਬੰਧਿਤ ਪਰਿਵਾਰਾਂ ਤੋਂ ਹਨ। ਅਜਿਹੇ ਮਾਸੂਮਾਂ ਨੂੰ ਲਾਅਰਾ ਲਾਉਣਾ ਮਜਬੂਰੀ ਅਤੇ ਗ਼ਰੀਬੀ ਦਾ ਮਜ਼ਾਕ ਹੈ, ਜੋ ਕਿਸੇ ਵੀ ਸਰਕਾਰ ਅਤੇ ਸਿਆਸੀ ਦਲ ਨੂੰ ਸ਼ੋਭਾ ਨਹੀਂ ਦਿੰਦਾ। 

ਪ੍ਰਿੰਸੀਪਲ ਬੁੱਧਰਾਮ ਨੇ ਕਿਹਾ ਕਿ ਤਾਜ਼ਾ ਰਿਪੋਰਟਾਂ ਮੁਤਾਬਕ ਪੰਜਾਬ ਦੇ 5 ਹਜ਼ਾਰ ਤੋਂ ਵੱਧ ਸਰਕਾਰੀ ਸਕੂਲ ਪਾਵਰਕਾਮ (ਬਿਜਲੀ ਵਿਭਾਗ) ਦੇ ਡਿਫਾਲਟਰ ਹਨ, ਅਰਥਾਤ ਇਹ ਸਰਕਾਰੀ ਸਕੂਲ ਬਿਜਲੀ ਦਾ ਬਿੱਲ ਹੀ ਨਹੀਂ ਭਰ ਸਕੇ। ਇਹ ਮੰਦਭਾਗਾ ਵਰਤਾਰਾ ਪੰਜਾਬ ਸਰਕਾਰ ਦੇ ਮੂੰਹ 'ਤੇ ਚਪੇੜ ਹੈ ਅਤੇ ਸਕੂਲੀ ਸਿੱਖਿਆ ਬਾਰੇ ਪੰਜਾਬ ਸਰਕਾਰ ਦੇ ਇੱਕ ਨੰਬਰੀ ਦਾਅਵੇ ਦੀ ਪੋਲ ਖੋਲਦਾ ਹੈ। ਪ੍ਰਿੰਸੀਪਲ ਬੁੱਧਰਾਮ ਨੇ ਕਿਹਾ ਕਿ ਪੰਜਾਬ ਦੇ ਲੋਕ ਚੰਗੀ ਤਰ੍ਹਾਂ ਸਮਝ ਚੁੱਕੇ ਹਨ ਕਿ ਕਾਂਗਰਸ, ਬਾਦਲ ਅਤੇ ਭਾਜਪਾ ਵਰਗੀਆਂ ਰਵਾਇਤੀ ਪਾਰਟੀਆਂ ਕਦੇ ਵੀ ਪੰਜਾਬ ਦੇ ਸਰਕਾਰੀ ਸਿੱਖਿਆ ਅਤੇ ਸਿਹਤ ਵਿਵਸਥਾ ਨੂੰ ਸੁਧਾਰ ਨਹੀਂ ਸਕਦੀਆਂ। ਸਰਕਾਰੀ ਸਕੂਲਾਂ ਅਤੇ ਹਸਪਤਾਲਾਂ ਦੀ ਕਾਇਆਂ-ਕਲਪ ਸਿਰਫ਼ ਕੇਜਰੀਵਾਲ ਮਾਡਲ ਹੀ ਕਰ ਸਕਦਾ ਹੈ। ਇਸ ਬਾਰੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ 'ਚ ਚੌਥੀ ਗਾਰੰਟੀ ਦੇ ਚੁੱਕੇ ਹਨ ਕਿ ਪੰਜਾਬ 'ਚ ਪੈਦਾ ਹੋਣ ਵਾਲੇ ਹਰ ਬੱਚੇ ਨੂੰ ਸਰਕਾਰੀ ਸਕੂਲਾਂ 'ਚ ਬਿਹਤਰੀਨ ਸਿੱਖਿਆ ਪੂਰੀ ਤਰ੍ਹਾਂ ਮੁਫ਼ਤ ਮੁਹੱਈਆ ਕੀਤੀ ਜਾਵੇਗੀ। ਇਸ ਲਈ 2022 'ਚ ਇੱਕ ਮੌਕਾ ਆਮ ਆਦਮੀ ਪਾਰਟੀ ਨੂੰ ਦਿੱਤਾ ਜਾਵੇ।


Babita

Content Editor

Related News