ਸਿੱਖਾਂ ਨੇ ਜਿਸ ਵੀ ਮੁਲਕ ''ਚ ਕੰਮ ਕੀਤਾ, ਉਥੇ ਦੀ ਸ਼ਾਨ ਵਧਾਈ : ਪ੍ਰਿੰਸ ਚਾਰਲਸ

11/14/2019 4:24:12 PM

ਜਲੰਧਰ (ਚਾਵਲਾ) : ਇੰਗਲੈਂਡ ਦੇ ਸਹਿਜ਼ਾਦੇ ਪ੍ਰਿੰਸ ਆਫ ਵੇਲਜ਼ ਪ੍ਰਿੰਸ ਚਾਰਲਸ ਅੱਜ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਨਤਮਸਤਕ ਹੋਏੇ। ਉੱਥੇ ਉਨ੍ਹਾਂ ਲੰਗਰ ਹਾਲ ਵਿਚ ਜਾ ਕੇ ਲੰਗਰ ਦੀ ਵੀ ਸੇਵਾ ਕੀਤੀ। ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ, ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ, ਕੁਲਵੰਤ ਸਿੰਘ ਬਾਠ, ਪਰਮਜੀਤ ਸਿੰਘ ਚੰਡੋਕ ਅਤੇ ਹੋਰਨਾਂ ਨੇ ਪ੍ਰਿੰਸ ਚਾਰਲਸ ਨੂੰ ਸਿਰੋਪਾ ਦੇ ਕੇ ਸਨਮਾਨਤ ਕੀਤਾ ਅਤੇ ਸਿਰੀ ਸਾਹਿਬ ਭੇਟ ਕੀਤੀ। ਇਸ ਬਾਰੇ ਜਾਣਕਾਰੀ ਦਿੰਦਿਆਂ ਸਿਰਸਾ ਨੇ ਦੱਸਿਆ ਕਿ ਪ੍ਰਿੰਸ ਚਾਰਲਸ ਪ੍ਰਿੰਸ ਆਫ ਵੇਲਜ਼ ਅੱਜ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ 'ਤੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਨਤਮਸਤਕ ਹੋਏ। ਉਨ੍ਹਾਂ ਦੇ ਨਾਲ ਭਾਈ ਮਹਿੰਦਰ ਸਿੰਘ ਯੂ. ਕੇ. ਵਾਲੇ ਅਤੇ ਹੋਰ ਸ਼ਖਸੀਅਤਾਂ ਵੀ ਸਨ।

ਉਨ੍ਹਾਂ ਦੱਸਿਆ ਕਿ ਪ੍ਰਿੰਸ ਚਾਰਲਸ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਇਸ ਅਸਥਾਨ ਬਾਰੇ ਜਾਣਕਾਰੀ ਹਾਸਲ ਕਰਨ ਵਿਚ ਬਹੁਤ ਦਿਚਸਪੀ ਵਿਖਾਈ। ਉਨ੍ਹਾਂ ਨੇ ਵੱਡੀ ਗਿਣਤੀ ਦੀ ਸੰਗਤ 'ਚ ਇਥੇ ਆਮਦ ਤੇ ਉਸ ਲਈ ਲੰਗਰ ਤਿਆਰ ਕਰਨ ਅਤੇ ਵਰਤਾਉਣ ਦੀ ਪ੍ਰਕਿਰਿਆ ਜਾਣਨ ਦੀ ਇੱਛਾ ਪ੍ਰਗਟ ਕੀਤੀ। ਉਨ੍ਹਾਂ ਨੇ ਲੰਗਰ ਹਾਲ ਵਿਚ ਜਾ ਕੇ ਖੁਦ ਪ੍ਰਸ਼ਾਦੇ ਬਣਾਉਣ ਦੀ ਸੇਵਾ ਵੀ ਕੀਤੀ। ਇਸ ਮੌਕੇ ਪ੍ਰਿੰਸ ਚਾਰਲਸ ਨੇ ਖੁਦ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਫਲਸਫਾ ਸਾਰੀ ਦੁਨੀਆ ਵਿਚ ਫੈਲ ਰਿਹਾ ਹੈ ਅਤੇ ਇਕ ਬਹਾਦਰ ਕੌਮ ਵਜੋਂ ਜਾਣੇ ਜਾਂਦੇ ਸਿੱਖ, ਜਿਸ ਵੀ ਮੁਲਕ ਵਿਚ ਜਾਂਦੇ ਹਨ, ਉਥੇ ਦੀ ਤਰੱਕੀ ਅਤੇ ਖੁਸ਼ਹਾਲੀ ਵਾਸਤੇ ਕੰੰਮ ਕਰਦੇ ਹਨ। ਇਨ੍ਹਾਂ ਨੇ ਇੰਗਲੈਂਡ, ਕੈਨੇਡਾ ਤੇ ਜਿਸ ਵੀ ਮੁਲਕ ਵਿਚ ਜਾ ਕੇ ਵਾਸਾ ਕੀਤਾ, ਉਥੇ ਦੀ ਤਕਦੀਰ ਬਦਲਣ ਵਾਸਤੇ ਕੋਈ ਕਸਰ ਨਹੀਂ ਛੱਡੀ।

ਜਦੋਂ ਪ੍ਰਿੰਸ ਚਾਰਲਸ ਨੂੰ ਸਿਰੀ ਸਾਹਿਬ ਭੇਟ ਕੀਤੀ ਗਈ ਤਾਂ ਉਨ੍ਹਾਂ ਨੇ ਇਸ ਬਾਰੇ ਪੁੱਛਿਆ ਤਾਂ ਸਿਰਸਾ ਨੇ ਦੱਸਿਆ ਕਿ ਸਿਰੀ ਸਾਹਿਬ ਗੁਰੂ ਹਰਿਗੋਬਿੰਦ ਸਾਹਿਬ ਵੱਲੋਂ ਕੀਤੀ ਬਖਸ਼ਿਸ਼ ਹੈ ਅਤੇ ਮੀਰੀ ਤੇ ਪੀਰੀ ਦੇ ਸਿਧਾਂਤ ਦੀ ਪ੍ਰਤੀਕ ਹੈ। ਇਸ 'ਤੇ ਪ੍ਰਿੰਸ ਚਾਰਲਸ ਨੇ ਆਸ ਪ੍ਰਗਟ ਕੀਤੀ ਕਿ ਇੰਗਲੈਂਡ ਵਿਚ ਵੀ ਇਹ ਸਿਰੀ ਸਾਹਿਬ ਇਸ ਸਿਧਾਂਤ ਦੀ ਪਹਿਰੇਦਾਰੀ ਕਰੇਗੀ। ਸ੍ਰੀ ਸਿਰਸਾ ਨੇ ਇਸ ਮੌਕੇ ਇੰਗਲੈਂਡ ਦੀ ਸੰਗਤ ਨੂੰ ਵਧਾਈ ਵੀ ਦਿੱਤੀ ਅਤੇ ਧੰਨਵਾਦ ਵੀ ਕੀਤਾ।


Anuradha

Content Editor

Related News