ਬਾਲੋਂ ਦੇ ਪ੍ਰਾਇਮਰੀ ਸਕੂਲ ਦੀ ਹਾਲਤ ਹੋਈ ਖਸਤਾ

Monday, Jul 09, 2018 - 12:43 AM (IST)

ਬਾਲੋਂ ਦੇ ਪ੍ਰਾਇਮਰੀ ਸਕੂਲ ਦੀ ਹਾਲਤ ਹੋਈ ਖਸਤਾ

ਬੰਗਾ, (ਜ.ਬ.)- ਬਲਾਕ ਦੇ ਪਿੰਡ ਬਾਲੋਂ ਦੇ ਪ੍ਰਾਇਮਰੀ ਸਕੂਲ ਦੀ ਬਿਲਡਿੰਗ ਕਾਫ਼ੀ ਖਸਤਾ  ਹਾਲਤ ’ਚ ਹੈ। ਦੀਵਾਰਾਂ ਅਤੇ ਛੱਤ ’ਚ ਆਈਆਂ ਤਰੇਡ਼ਾਂ  ਕਿਸੇ ਵੀ ਸਮੇਂ ਅਣਸੁਖਾਵੀਂ ਘਟਨਾ ਹੋਣ ਦੀ ਚਿਤਾਵਨੀ ਦੇ ਰਹੀਆਂ ਹਨ। ਇਥੇ ਹੀ ਬਸ ਨਹੀਂ, ਅੱਜਕੱਲ ਬਰਸਾਤ ਦੌਰਾਨ ਬੱਚੇ ਇਸ ਬਿਲਡਿੰਗ  ਦੀ ਚੋਂਦੀ ਛੱਤ ਥੱਲੇ ਪਡ਼੍ਹਨ ਲਈ ਮਜਬੂਰ ਹਨ। 
PunjabKesari
ਬੱਚੇ ਰਿਸਕ ਲੈ ਕੇ ਪਡ਼੍ਹਨ ਲਈ ਮਜਬੂਰ
ਪਿੰਡ ਬਾਲੋਂ ਦਾ ਸਰਕਾਰੀ ਪ੍ਰਾਇਮਰੀ ਸਕੂਲ ਜੋ 1952 ਤੋਂ ਚੱਲ ਰਿਹਾ ਹੈ। ਪਰ ਇਸ ਦੀ ਪੁਰਾਣੀ ਬਿਲਡਿੰਗ ਦੀ ਥਾਂ ਹੁਣ ਨਵੀਂ ਬਿਲਡਿੰਗ ਬਣ ਚੁੱਕੀ ਹੈ। ਜਿਸ ਬਿਲਡਿੰਗ ਦਾ ਇਕ ਹਿੱਸਾ 2001 ’ਚ ਬਣਿਆ ਅਤੇ ਦੂਜਾ 2005-06 ’ਚ। ਸਕੂਲ ਕੋਲ ਇਸ ਸਮੇਂ 4 ਕਮਰੇ ਅਤੇ 1 ਰਸੋਈ ਹੈ। ਜਿਨ੍ਹਾਂ ’ਚੋਂ 2005-06 ਦੌਰਾਨ ਬਣੇ ਦੋਵੇਂ ਕਮਰਿਆਂ ਅਤੇ 1 ਰਸੋਈ ਦੀ ਹਾਲਤ ਕਾਫੀ ਖਸਤਾ ਹੈ। ਇਥੇ ਦੱਸ ਦਈਏ ਕੇ ਰਸੋਈ ਬਣਾਉਣ ਵਾਲੇ ਕਾਰੀਗਰਾਂ ਨੇ ਛੱਤ ਦਾ ਪਾਣੀ ਕੱਢਣ ਲਈ ਕੋਈ ਪਾਈਪ ਹੀ ਨਹੀਂ ਲਾਇਆ।  ਬੱਚੇ ਇਨ੍ਹਾਂ ਕਮਰਿਆਂ ’ਚ ਹੀ ਜ਼ਿੰਦਗੀ ਦਾ ਵੱਡਾ ਰਿਸਕ ਲੈ ਕੇ ਪਡ਼੍ਹਨ ਲਈ ਮਜਬੂਰ ਹਨ।
PunjabKesari
ਪੀ. ਡਬਲਯੂ. ਡੀ. ਵਿਭਾਗ ਨੂੰ  ਕਰਵਾਇਆ  ਗਿਐ  ਜਾਣੂ 
ਸਕੂਲ ਦੇ ਮੁੱਖ ਅਧਿਆਪਕ ਅਸ਼ੋਕ ਕੁਮਾਰ ਨੇ ਦੱਸਿਆ ਕਿ ਉਹ ਸਕੂਲ ਦੀ ਬਿਲਡਿੰਗ ਦੀ ਇਸ ਹਾਲਤ ਸਬੰਧੀ 4 ਜੁਲਾਈ, 2017 ਨੂੰ ਪੀ.ਡਬਲਯੂ.ਡੀ. ਵਿਭਾਗ ਨੂੰ ਪੱਤਰ ਲਿਖ ਕੇ ਦੱਸ ਚੁੱਕੇ ਹਨ ਕਿ  ਖਰਾਬ ਹਾਲਤ ਕਾਰਨ ਕੋਈ ਅਣਸੁਖਾਵੀਂ ਘਟਨਾ ਹੋ ਸਕਦੀ ਹੈ। ਟੀਚਰ ਅਸ਼ੋਕ ਕੁਮਾਰ ਨੇ ਦੱਸਿਆ ਕਿ ਅੱਜ 1 ਸਾਲ ਬਾਅਦ ਵੀ ਵਿਭਾਗ ਦਾ ਕੋਈ ਅਧਿਕਾਰੀ ਬਿਲਡਿੰਗ ਦੇ ਨਿਰੀਖਣ  ਲਈ ਨਹੀਂ ਪਹੁੰਚਿਆ।
ਕੀ ਕਹਿਣੈ ਬਲਾਕ ਐਜੂਕੇਸ਼ਨ ਅਧਿਕਾਰੀ ਦਾ  
ਜਦੋਂ ਮਾਮਲੇ ਸਬੰਧੀ ਬਲਾਕ ਦੇ ਪ੍ਰਾਇਮਰੀ ਐਜੂਕੇਸ਼ਨ ਅਫ਼ਸਰ ਅਸ਼ੋਕ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਕੂਲ ਵੱਲੋਂ ਇਸ ਦੀ ਸੂਚਨਾ ਆਨਲਾਈਨ ਵੀ ਵਿਭਾਗ ਨੂੰ ਦਿੱਤੀ ਹੋਈ ਹੈ, ਪਰ ਹਾਲੇ ਤੱਕ ਵਿਭਾਗ ਵੱਲੋਂ ਇਸ ਸਬੰਧੀ ਕੋਈ ਜਵਾਬ ਨਹੀਂ ਆਇਆ।  ਦੋਬਾਰਾ ਫਿਰ ਵਿਭਾਗ ਨੂੰ ਲਿਖਿਆ ਜਾਵੇਗਾ। 
ਕੀ ਕਹਿਣੈ ਪੀ. ਡਬਲਯੂ.ਡੀ. ਵਿਭਾਗ ਦਾ
ਉਧਰ ਜਦੋਂ ਇਸ ਮਾਮਲੇ ਸਬੰਧੀ ਪੀ. ਡਬਲਯੂ. ਡੀ. ਦੇ ਜੇ.ਈ. ਰਾਜੀਵ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਸੋਮਵਾਰ ਹੀ ਸਕੂਲ ਦੀ ਵਿਜ਼ਟ ਕਰਨਗੇ ਅਤੇ ਬਣਦੀ ਕਾਰਵਾਈ ਕਰ ਕੇ ਸਰਟੀਫਿਕੇਟ ਜਾਰੀ ਕੀਤਾ ਜਾਵੇਗਾ।


Related News