ਟਮਾਟਰ ਦੀ ਲੋਕਲ ਫਸਲ ਸ਼ੁਰੂ ਹੋਣ ਨਾਲ ਕੀਮਤਾਂ ’ਚ ਹੋਇਆ ਸੁਧਾਰ
Thursday, Dec 02, 2021 - 03:39 PM (IST)
ਲੁਧਿਆਣਾ (ਖੁਰਾਣਾ) : ਬੀਤੇ ਦਿਨੀਂ ਟਮਾਟਰ ਦੀਆਂ ਕੀਮਤਾਂ ਦਾ ਸੈਂਕੜਾ ਜੜਨ ਤੋਂ ਬਾਅਦ ਹੁਣ ਬੈਕ ਗੇਅਰ ਫੜਨ ਲੱਗਾ ਹੈ। ਕਾਰੋਬਾਰੀਆਂ ਨੇ ਦੱਸਿਆ ਕਿ ਟਮਾਟਰ ਦੀ ਲੋਕਲ ਫਸਲ ਸ਼ੁਰੂ ਹੋਣ ਨਾਲ ਕੀਮਤਾਂ ’ਚ ਵੱਡਾ ਸੁਧਾਰ ਹੋਇਆ ਹੈ ਅਤੇ ਕੱਲ ਤੱਕ 100 ਰੁ. ਪ੍ਰਤੀ ਕਿਲੋ ਦਾ ਅੰਕੜਾ ਛੁਹਣ ਵਾਲਾ ਟਮਾਟਰ ਹੁਣ ਸੰਭਲਦੇ ਹੋਏ 30 ਤੋਂ 40 ਰੁਪਏ ਕਿਲੋ ’ਤੇ ਲੁੜਕ ਗਿਆ ਹੈ। ਹੋਲਸੇਲ ਸਬਜ਼ੀ ਮੰਡੀ ’ਚ ਟਮਾਟਰ ਦੇ ਨਾਮੀ ਕਾਰੋਬਾਰੀ ਮਨੋਜ ਕੁਮਾਰ ਮੋਨੂ ਨੇ ਦੱਸਿਆ ਕਿ ਬੀਤੇ ਸਮੇਂ ਦੌਰਾਨ ਹਿਮਾਚਲ, ਹਰਿਆਣਾ ਅਤੇ ਪੰਜਾਬ ਵਿਚ ਟਮਾਟਰ ਦੀ ਫਸਲ ਖਤਮ ਹੋਣ ਕਾਰਨ ਟਮਾਟਰ ਦੀ ਸਪਲਾਈ ਮਹਾਰਾਸ਼ਟਰ ਦੇ ਨਾਸਿਕ ਤੋਂ ਹੋ ਰਹੀ ਸੀ ਜਿਸ ਕਾਰਨ ਟਮਾਟਰ ਦੀ ਕੀਮਤ 80 ਤੋਂ 100 ਰੁ. ਕਿਲੋ ਨੂੰ ਪੁੱਜ ਗਈ ਸੀ ਪਰ ਹੌਲੀ-ਹੌਲੀ ਪਟਿਆਲਾ ਅਤੇ ਹਰਿਆਣਾ ਤੋਂ ਟਮਾਟਰ ਦੀ ਫਸਲ ਮੰਡੀਆਂ ’ਚ ਆਉਣ ਨਾਲ ਕੀਮਤਾਂ ਵਾਪਸ ਪਟੜੀ ’ਤੇ ਪਰਤਣ ਲੱਗੀਆਂ ਹਨ ਜੋ ਆਮ ਜਨਤਾ ਦੇ ਲਈ ਵੱਡੀ ਰਾਹਤ ਸਾਬਤ ਹੋ ਰਹੀ ਹੈ। ਅਜਿਹੇ ਮੌਕੇ ਹੁਣ ਗਲੀਆਂ-ਮੁਹੱਲਿਆਂ ਵਿਚ ਸਬਜ਼ੀਆਂ ਦੀ ਵਿਕਰੀ ਕਰਨ ਵਾਲੇ ਸਟ੍ਰੀਟ ਵੈਂਡਰਾਂ ਦੀਆਂ ਰੇਹੜੀਆਂ ਅਤੇ ਠੇਲਿਆਂ ’ਤੇ ਵੀ ਟਮਾਟਰ ਵਾਪਸ ਦਿਖਾਈ ਦੇਣ ਲੱਗੇ ਹਨ।
ਤੜਕੇ ਦਾ ਬਾਦਸ਼ਾਹ ਪਰਤਿਆ ਗਾਹਕ ਦੀ ਪਹੁੰਚ ਵਿਚ
ਹਰ ਸਬਜ਼ੀ ਵਿਚ ਤੜਕੇ ਦਾ ਬਾਦਸ਼ਾਹ ਟਮਾਟਰ ਇਕ ਵਾਰ ਫਿਰ ਆਮ ਆਦਮੀ ਦੇ ਬਜਟ ਵਿਚ ਫਿੱਟ ਬੈਠਦਾ ਦਿਖਾਈ ਦੇ ਰਿਹਾ ਹੈ। ਇਹ ਕਹਿਣਾ ਹੈ ਹੋਲਸੇਲ ਕਾਰੋਬਾਰੀ ਮਨੋਜ ਕੁਮਾਰ ਮੋਨੂ ਦਾ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿਚ ਟਮਾਟਰ ਦਾ 25 ਕਿਲੋ ਵਾਲਾ ਕ੍ਰੇਟ 600 ਤੋਂ ਇਕ ਹਜ਼ਾਰ ਰੁ. ਵਿਚ ਵਿਕ ਰਿਹਾ, ਮਤਲਬ ਟਮਾਟਰ ਦੀ ਕੁਆਲਟੀ ਦੇ ਮੁਤਾਬਕ ਮੋਨੂ ਨੇ ਦੱਸਿਆ ਨਾਸਿਕ ਤੋਂ ਆਉਣ ਵਾਲੇ ਕ੍ਰੇਟ ਦੇ ਪਿੱਛੇ ਮਾਲ ਭਾੜਾ ਪ੍ਰਤੀ ਕ੍ਰੇਟ 200 ਰੁ. ਤੱਕ ਬੈਠਦਾ ਹੈ, ਜਦੋਂਕਿ ਹਰਿਆਣਾ ਤੋਂ 40 ਰੁ. ਅਤੇ ਪਟਿਆਲਾ ਤੋਂ ਸਿਰਫ 20 ਰੁ. ਕ੍ਰੇਟ ਜਿਸ ਦਾ ਸਿੱਧਾ ਅਸਰ ਟਮਾਟਰ ਦੀਆਂ ਕੀਮਤਾਂ ’ਤੇ ਗਾਹਕਾਂ ਦੀ ਜੇਬ ’ਤੇ ਪੈਣਾ ਤੈਅ ਹੈ।