ਬਾਦਲ ਸਰਕਾਰ ਦੀ ਲੁੱਟ ਜਗ-ਜ਼ਾਹਿਰ ਕਰਨਾ ਤੇ ਕੈਪਟਨ ਸਰਕਾਰ ਨੂੰ ਲੁੱਟ ਤੋਂ ਰੋਕਣਾ ਰਹੇਗੀ ਪਹਿਲ : ਖਹਿਰਾ

Sunday, Jul 23, 2017 - 01:38 AM (IST)

ਬਾਦਲ ਸਰਕਾਰ ਦੀ ਲੁੱਟ ਜਗ-ਜ਼ਾਹਿਰ ਕਰਨਾ ਤੇ ਕੈਪਟਨ ਸਰਕਾਰ ਨੂੰ ਲੁੱਟ ਤੋਂ ਰੋਕਣਾ ਰਹੇਗੀ ਪਹਿਲ : ਖਹਿਰਾ

ਚੰਡੀਗੜ੍ਹ  (ਸ਼ਰਮਾ) - ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿਧਾਨਸਭਾ ਵਿਚ ਪਾਰਟੀ ਵਿਧਾਇਕ ਦਲ ਦਾ ਨੇਤਾ ਚੁਣੇ ਜਾਣ ਤੋਂ ਬਾਅਦ ਪੰਜਾਬ ਵਿਧਾਨਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਦੀ ਹੈਸੀਅਤ ਹਾਸਲ ਕਰਨ ਵਾਲੇ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਹੈ ਕਿ ਉਨ੍ਹਾਂ ਦੀ ਪਹਿਲ ਵਿਚ ਸਾਬਕਾ ਬਾਦਲ ਸਰਕਾਰ ਦੇ 10 ਸਾਲਾਂ ਦੇ ਕਾਰਜਕਾਲ ਦੌਰਾਨ ਮਚਾਈ ਗਈ ਲੁੱਟ ਨੂੰ ਜਨਤਕ ਕਰਨਾ ਤੇ ਮੌਜੂਦਾ ਕੈਪਟਨ ਸਰਕਾਰ ਦੇ ਲੁੱਟ ਦੇ ਯਤਨਾਂ ਨੂੰ ਰੋਕਣਾ ਸ਼ਾਮਲ ਹੋਵੇਗਾ। ਇਸ ਤੋਂ ਇਲਾਵਾ ਆਪਣੇ ਸਹਿਯੋਗੀ ਵਿਧਾਇਕਾਂ ਤੇ ਪਾਰਟੀ ਨੇਤਾਵਾਂ ਨਾਲ ਸਰਕਾਰ ਦੀਆਂ ਨਾਕਾਮੀਆਂ ਦਾ ਵਿਧਾਨਸਭਾ ਦੇ ਅੰਦਰ ਤੇ ਬਾਹਰ ਵਿਰੋਧ ਕੀਤਾ ਜਾਵੇਗਾ। ਸਰਕਾਰ 'ਤੇ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਨ ਲਈ ਲਗਾਤਾਰ ਦਬਾਅ ਬਣਾਇਆ ਜਾਵੇਗਾ। ਖਹਿਰਾ ਵਿਧਾਇਕ ਦਲ ਦਾ ਨੇਤਾ ਚੁਣੇ ਜਾਣ ਤੋਂ ਬਾਅਦ ਆਯੋਜਿਤ ਪਾਰਟੀ ਵਿਧਾਇਕ ਦਲ ਦੀ ਪਹਿਲੀ ਬੈਠਕ ਤੋਂ ਬਾਅਦ ਪ੍ਰਦੇਸ਼ ਪਾਰਟੀ ਪ੍ਰਧਾਨ ਭਗਵੰਤ ਮਾਨ ਤੇ ਸਹਿ ਪ੍ਰਧਾਨ ਅਮਨ ਅਰੋੜਾ ਦੇ ਨਾਲ-ਨਾਲ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ।
  ਇਸ ਮੌਕੇ ਖਹਿਰਾ ਨੇ ਕਿਹਾ ਕਿ ਅਗਲੇ ਹਫ਼ਤੇ ਉਹ ਪਾਰਟੀ ਵਿਧਾਇਕਾਂ ਦੇ ਨਾਲ ਸੈਂਡ ਸਕੈਂਡਲ ਦੀ ਜਾਂਚ ਕਰ ਰਹੇ ਜਸਟਿਸ ਨਾਰੰਗ ਨੂੰ ਮਿਲ ਕੇ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਰਸੋਈਏ ਦੇ ਖਾਤੇ ਵਿਚ 13 ਕਰੋੜ ਰੁਪਏ ਜਮ੍ਹਾ ਹੋਣ ਦੇ ਸਰੋਤਾਂ ਦੀ ਜਾਂਚ ਦੀ ਵੀ ਮੰਗ ਕਰਨਗੇ। ਉਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਨਾਲ-ਨਾਲ ਪਿੰਗਲਵਾੜਾ ਸਮੇਤ ਸਾਰੀਆਂ ਧਾਰਮਿਕ ਤੇ ਸਮਾਜਿਕ ਸੰਸਥਾਵਾਂ, ਜੋ ਕਿ ਮੁਫ਼ਤ ਲੰਗਰ ਦਾ ਆਯੋਜਨ ਕਰਦੀਆਂ ਹਨ, ਨੂੰ ਜੀ. ਐੱਸ. ਟੀ. ਤੋਂ ਬਾਹਰ ਰੱਖਣ ਦੀ ਵਕਾਲਤ ਕਰਦਿਆਂ ਇਸ ਦੇ ਲਈ ਵਿਧਾਨਸਭਾ ਦੀ ਵਿਸ਼ੇਸ਼ ਸਹਿਮਤੀ ਦੀ ਮੰਗ ਕੀਤੀ।
ਵਿਧਾਇਕ ਦਲ ਦੀ ਬੈਠਕ ਲਈ ਲਏ ਗਏ ਫੈਸਲਿਆਂ ਦੀ ਜਾਣਕਾਰੀ ਪ੍ਰਦਾਨ ਕਰਦਿਆਂ ਪ੍ਰਦੇਸ਼ ਪਾਰਟੀ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਕਿ ਪਾਰਟੀ ਵੱਲੋਂ 27 ਜੁਲਾਈ ਨੂੰ ਸੁਨਾਮ ਵਿਚ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ ਮੌਕੇ ਇਕ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਜਾਵੇਗਾ। ਇੱਥੋਂ ਹੀ ਮਾਨ ਤੇ ਖਹਿਰਾ ਦੀ ਅਗਵਾਈ ਵਿਚ ਸਮੂਹ ਲੀਡਰਸ਼ਿਪ ਤਖ਼ਤ ਸ੍ਰੀ ਦਮਦਮਾ ਸਾਹਿਬ (ਤਲਵੰਡੀ ਸਾਬੋ) ਤੇ ਬਠਿੰਡਾ ਜ਼ਿਲੇ ਦੇ ਇਤਿਹਾਸਕ ਮੰਦਰ ਮਾਈਸਰ ਖਾਨਾ ਵਿਚ ਮੱਥਾ ਟੇਕੇਗੀ। ਪਾਰਟੀ 7 ਅਗਸਤ ਨੂੰ ਇਤਿਹਾਸਕ ਨਗਰੀ ਬਾਬਾ ਬਕਾਲਾ ਵਿਚ ਰੱਖੜ ਪੁੰਨਿਆ ਮੌਕੇ 'ਤੇ ਰਾਜਨੀਤਿਕ ਕਾਨਫਰੰਸ ਆਯੋਜਿਤ ਕਰੇਗੀ। 15 ਅਗਸਤ ਨੂੰ ਈਸੜੂ ਵਿਚ ਸ਼ਹੀਦ ਕਰਨੈਲ ਸਿੰਘ ਈਸੜੂ ਦੀ ਯਾਦ ਵਿਚ ਕਾਨਫਰੰਸ ਦਾ ਆਯੋਜਨ ਕੀਤਾ ਜਾਵੇਗਾ।
ਮਾਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਤੇ ਘਰ-ਘਰ ਨੌਕਰੀ ਦੇ ਆਪਣੇ ਵਾਅਦੇ ਤੋਂ ਭੱਜ ਰਹੇ ਹਨ। ਨੌਕਰੀਆਂ ਦੀ ਮੰਗ ਨੂੰ ਲੈ ਕੇ ਹਜ਼ਾਰ ਨੌਜਵਾਨ ਸੜਕਾਂ ਤੇ ਪਾਣੀ ਦੀਆਂ ਟੈਂਕੀਆਂ 'ਤੇ ਰੋਸ ਧਰਨੇ ਕਰਨ ਲਈ ਮਜਬੂਰ ਹਨ। ਉਨ੍ਹਾਂ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਨੂੰ ਤਰਸ ਦੇ ਆਧਾਰ 'ਤੇ ਡੀ. ਐੱਸ. ਪੀ. ਦੀ ਨੌਕਰੀ ਦੇਣ 'ਤੇ ਚੁੱਟਕੀ ਲੈਂਦਿਆਂ ਕਿਹਾ ਕਿ ਕੈਪਟਨ ਨੇ ਘਰ-ਘਰ ਸਰਕਾਰੀ ਨੌਕਰੀ ਦੇਣ ਦੀ ਸ਼ੁਰੂਆਤ ਬੇਅੰਤ ਸਿੰਘ ਦੇ ਪਰਿਵਾਰ ਤੋਂ ਕੀਤੀ ਤੇ ਇੱਥੇ ਹੀ ਬੰਦ ਕਰ ਦਿੱਤੀ। ਇਸ ਮੌਕੇ ਪ੍ਰਦੇਸ਼ ਪਾਰਟੀ ਦੇ ਸਹਿ ਪ੍ਰਧਾਨ ਅਮਨ ਅਰੋੜਾ ਤੇ ਲੋਕ ਇਨਸਾਫ਼ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਵੀ ਮੌਜੂਦ ਸਨ।


Related News