ਸ਼ਰਾਬ ਫੈਕਟਰੀ ਖ਼ਿਲਾਫ਼ ਲੱਗੇ ਸਾਂਝੇ ਕਿਸਾਨ ਮੋਰਚੇ 'ਚ ਪਹੁੰਚੇ ਰੁਲਦੂ ਸਿੰਘ ਮਾਨਸਾ, ਆਖੀਆਂ ਵੱਡੀਆਂ ਗੱਲਾਂ
Tuesday, Dec 27, 2022 - 04:40 PM (IST)
ਜ਼ੀਰਾ (ਗੁਰਮੇਲ ਸੇਖਵਾਂ) : ਜ਼ੀਰਾ ਸ਼ਰਾਬ ਫੈਕਟਰੀ ਅੱਗੇ ਚੱਲ ਰਿਹਾ ਧਰਨਾ ਦਿਨੋਂ-ਦਿਨ ਗਰਮ ਹੋ ਰਿਹਾ ਹੈ। ਅੱਜ ਮੋਰਚੇ ਵਿੱਚ ਵਿਸ਼ੇਸ਼ ਤੌਰ ’ਤੇ ਪਹੁੰਚੇ ਪੰਜਾਬ ਕਿਸਾਨ ਯੂਨੀਅਨ ਦੇ ਪ੍ਰਧਾਨ ਰੁਲਦੂ ਸਿੰਘ ਮਾਨਸਾ (ਖੂੰਡੇ ਵਾਲਾ ਬਾਬਾ) ਨੇ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਨੂੰ ਕਰੜੇ ਹੱਥੀਂ ਲਿਆ। ਸ਼ਰਾਬ ਫੈਕਟਰੀ ਦੀ ਲੜਾਈ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਕਿਸੇ ਕਿਸਾਨ ਯੂਨੀਅਨ ਦਾ ਨਿੱਜੀ ਮਸਲਾ ਨਹੀ, ਇਹ ਸਭ ਦਾ ਸਾਂਝਾ ਅਤੇ ਆਉਣ ਵਾਲੀਆਂ ਪੀੜੀਆਂ ਦਾ ਮਸਲਾ ਹੈ। ਉਨ੍ਹਾਂ ਕਿਹਾ ਕਿ ਦੀਪ ਮਲਹੋਤਰਾ ਵਰਗੇ ਵੱਡੇ ਘਰਾਣੇ ਸ਼ਰਾਬ ਦੀਆਂ ਫੈਕਟਰੀਆਂ ਲਗਾ ਕੇ ਸਾਡੇ ਪਾਣੀ ਨੂੰ ਦੂਸ਼ਿਤ ਕਰ ਰਹੇ ਹਨ ਪਰ ਸਰਕਾਰ ਕਾਰਵਾਈ ਕਰਨ ਦੀ ਬਜਾਏ ਟਾਲ-ਮਟੋਲ ਕਰ ਰਹੀ ਹੈ।
ਇਹ ਵੀ ਪੜ੍ਹੋ- ਨੌਕਰੀ 'ਤੇ ਗਈ ਨਾਬਾਲਗ ਕੁੜੀ ਹੋਈ ਲਾਪਤਾ, ਮਗਰੋਂ ਆਏ ਫੋਨ ਨੇ ਪਰਿਵਾਰ ਦੇ ਉਡਾਏ ਹੋਸ਼
ਰੁਲਦੂ ਸਿੰਘ ਮਾਨਸਾ ਨੇ ਆਖਿਆ ਕਿ ਜੇਕਰ ਆਮ ਲੋਕ ਡਰੰਮੀ ਵਿੱਚ ਥੋੜੀ ਜਿਹੀ ਲਾਹਣ ਕੱਢ ਲੈਂਦੇ ਸੀ ਤਾਂ ਉਨ੍ਹਾਂ ਲਈ ਉਹ ਲਾਹਨ ਡੋਲਣੀ ਵੀ ਬੜੀ ਵੱਡੀ ਸਮੱਸਿਆ ਬਣ ਜਾਂਦੀ ਸੀ ਕਿਉਂਕਿ ਜੇਕਰ ਲਾਹਨ ਨਾਲੀ ਵਿੱਚ ਵੀ ਡੋਲੀ ਜਾਵੇ ਤਾਂ ਉਸਦੀ ਬਦਬੂ ਆਉਂਦੀ ਰਹਿੰਦੀ ਸੀ। ਤਾਂ ਫਿਰ ਦੀਪ ਮਲਹੋਤਰਾ ਦੀਆਂ ਫੈਕਟਰੀਆਂ ਦੀ ਲਾਹਨ ਕਿਸੇ ਨਾਲੇ ਵਿੱਚ ਜਾਂ ਕਿਸੇ ਸੇਮਨਾਲੇ ਵਿੱਚ ਜਾਂਦੀ ਹੈ, ਉਸਦਾ ਸਬੂਤ ਦੇਵੇ ਜਾਂ ਪ੍ਰਸ਼ਾਸਨ ਪੁੱਛੇ। ਕਿਸਾਨ ਆਗੂ ਰੁਲਦੂ ਨੇ ਕਿਹਾ ਕਿ ਇਹ ਮੋਰਚਾ ਹਰ ਹਾਲ ਵਿੱਚ ਫੈਕਟਰੀ ਬੰਦ ਕਰਵਾ ਕੇ ਰਹੇਗਾ, ਦੀਪ ਮਲੋਹਤਰਾ ਨੂੰ ਇਸ ਫੈਕਟਰੀ ਨੂੰ ਬੰਦ ਕਰ ਦੇਵੇ ਅਤੇ ਕਾਲੋਨੀਆਂ ਕੱਟ ਦੇਵੇ, ਜੇਕਰ ਇਸ ਸੰਘਰਸ਼ ਦੌਰਾਨ ਸਾਡੇ ਕੋਈ ਕਿਸਾਨ ਸ਼ਹੀਦ ਹੋ ਜਾਂਦੇ ਹਨ ਤਾਂ ਇਹ ਫੈਕਟਰੀ ਵਾਲੀ ਜਗ੍ਹਾ ’ਤੇ ਸ਼ਹੀਦੀ ਪਾਰਕ ਬਣੇਗਾ।
ਇਹ ਵੀ ਪੜ੍ਹੋ- ਹੁਸ਼ਿਆਰਪੁਰ 'ਚ ਡਿਊਟੀ ਦੌਰਾਨ ASI ਨਾਲ ਵਾਪਰਿਆ ਭਿਆਨਕ ਹਾਦਸਾ, ਤੜਫ਼-ਤੜਫ਼ ਕੇ ਹੋਈ ਮੌਤ
ਰੁਲਦੂ ਸਿੰਘ ਮਾਨਸਾ ਆਖਿਆ ਕਿ ਇਸ ਫੈਕਟਰੀ ਨੂੰ ਬੰਦ ਕਰਵਾਵੇ ਤਾਂ ਕਿ ਆਉਣ ਵਾਲੀਆਂ ਪੀੜੀਆਂ ਲਈ ਸਾਡਾ ਕੁਦਰਤੀ ਪਾਣੀ ਬਚ ਸਕੇ। ਇਸ ਮੌਕੇ ਭਗਤ ਪੂਰਨ ਸਿੰਘ ਪਿੰਗਲਵਾੜਾ ਅੰਮ੍ਰਿਤਸਰ ਦੇ ਸੰਚਾਲਕ ਬੀਬੀ ਇੰਦਰਜੀਤ ਕੌਰ ਵੀ ਵਿਸੇਸ਼ ਤੌਰ ’ਤੇ ਪਹੁੰਚੇ ਸਨ, ਜਿਨ੍ਹਾਂ ਨੇ ਸੰਬੋਧਨ ਦੌਰਾਨ ਕਿਹਾ ਕਿ ਹਵਾ, ਪਾਣੀ ਅਤੇ ਧਰਤੀ ਕੁਦਰਤੀ ਦਾਤਾਂ ਹਨ, ਨੂੰ ਮਲੀਨ ਕਰਨ ਦਾ ਕਿਸੇ ਨੂੰ ਵੀ ਹੱਕ ਨਹੀ ਹੈ। ਉਨ੍ਹਾਂ ਕਿਹਾ ਕਿ ਏਕੇ ਵਿੱਚ ਬਰਕਤ ਹੈ ਤੇ ਸਾਨੂੰ ਸਭ ਨੂੰ ਇੱਕ ਹੋ ਕੇ ਕੁਦਰਤੀ ਦਾਤਾਂ ਨੂੰ ਬਚਾਉਣਾ ਚਾਹੀਦਾ ਹੈ, ਜੋ ਸਮੇਂ ਦੀ ਲੋੜ ਹੈ। ਇਸ ਮੌਕੇ ਹੋਰ ਵੀ ਵੱਖ-ਵੱਖ ਜੱਥੇਬੰਦੀਆਂ ਦੇ ਨੁਮਾਇੰਦਿਆਂ ਤੇ ਬੁਲਾਰਿਆਂ ਨੇ ਸ਼ਮੂਲੀਅਤ ਕੀਤੀ ਤੇ ਸੰਬੋਧਨ ਕੀਤਾ। ਮੋਰਚੇ ਵਿੱਚ ਇਲਾਕੇ ਦੀਆਂ ਬੀਬੀਆਂ ਨੇ ਵੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।