'ਏਅਰਸ਼ੋਅ' ਦੇਖਣ ਲਈ ਅੱਜ ਚੰਡੀਗੜ੍ਹ ਆਉਣਗੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ, ਪੂਰਾ ਸ਼ਹਿਰ ਹਾਈ ਅਲਰਟ 'ਤੇ
Saturday, Oct 08, 2022 - 09:44 AM (IST)
ਚੰਡੀਗੜ੍ਹ (ਰਜਿੰਦਰ) : ਰਾਸ਼ਟਰਪਤੀ ਦ੍ਰੋਪਦੀ ਮੁਰਮੂ ਸ਼ਨੀਵਾਰ ਅਤੇ ਐਤਵਾਰ ਨੂੰ ਸ਼ਹਿਰ 'ਚ ਹੋਣਗੇ। ਯੂ. ਟੀ. ਪ੍ਰਸ਼ਾਸਨ ਸ਼ੁੱਕਰਵਾਰ ਨੂੰ ਉਨ੍ਹਾਂ ਦੇ ਆਉਣ ਦੀ ਤਿਆਰੀ 'ਚ ਲੱਗਾ ਰਿਹਾ। ਰਾਸ਼ਟਰਪਤੀ ਸ਼ਨੀਵਾਰ ਦੁਪਹਿਰ ਚੰਡੀਗੜ੍ਹ ਪਹੁੰਚਣਗੇ ਅਤੇ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ, ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ, ਪੰਜਾਬ-ਹਰਿਆਣਾ ਦੇ ਮੁੱਖ ਮੰਤਰੀ ਅਤੇ ਹੋਰਨਾਂ ਨਾਲ ਦੁਪਹਿਰ 3:30 ਵਜੇ ਸੁਖ਼ਨਾ ਝੀਲ ਵਿਖੇ ਏਅਰਸ਼ੋਅ ਦੇਖਣਗੇ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਪਹਿਲੀ ਵਾਰ ਚੰਡੀਗੜ੍ਹ ਪਹੁੰਚ ਰਹੇ ਹਨ। ਉਨ੍ਹਾਂ ਦੇ ਦੌਰੇ ਕਾਰਨ ਪੂਰਾ ਸ਼ਹਿਰ ਹਾਈ ਅਲਰਟ ’ਤੇ ਹੈ। ਉਹ ਸ਼ਨੀਵਾਰ ਰਾਤ ਨੂੰ ਚੰਡੀਗੜ੍ਹ ਹੀ ਰਹਿਣਗੇ।
ਇਹ ਵੀ ਪੜ੍ਹੋ : ਦੁਖ਼ਦ ਖ਼ਬਰ : ਨਾਸਿਕ 'ਚ ਬੱਸ ਨੂੰ ਲੱਗੀ ਭਿਆਨਕ ਅੱਗ, 8 ਲੋਕ ਜ਼ਿੰਦਾ ਸੜੇ
ਉਨ੍ਹਾਂ ਦੇ ਠਹਿਰਨ ਲਈ ਪੰਜਾਬ ਰਾਜ ਭਵਨ ਵਿਖੇ ਪ੍ਰਬੰਧ ਕੀਤੇ ਜਾ ਰਹੇ ਹਨ। ਏਅਰਸ਼ੋਅ ਤੋਂ ਬਾਅਦ ਸ਼ਾਮ 6 ਵਜੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵਲੋਂ ਪੰਜਾਬ ਰਾਜ ਭਵਨ ਵਿਖੇ ਰਾਸ਼ਟਰਪਤੀ ਦਾ ਸੁਆਗਤ ਕੀਤਾ ਜਾਵੇਗਾ। ਇਸ 'ਚ ਗੁਆਂਢੀ ਸੂਬਿਆਂ ਦੇ ਰਾਜਪਾਲ, ਮੁੱਖ ਮੰਤਰੀ, ਸ਼ਹਿਰ ਦੇ ਸੰਸਦ ਮੈਂਬਰ, ਮੇਅਰ ਅਤੇ ਸਾਰੇ ਕੌਂਸਲਰਾਂ ਸਮੇਤ ਵੱਖ-ਵੱਖ ਖੇਤਰਾਂ ਦੇ ਸਤਿਕਾਰਯੋਗ ਲੋਕਾਂ ਨੂੰ ਸੱਦਾ ਦਿੱਤਾ ਗਿਆ ਹੈ। ਸਮਾਗਮ 'ਚ ਰਾਸ਼ਟਰਪਤੀ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਤੋਂ ਬਾਅਦ ਰਾਸ਼ਟਰਪਤੀ ਰਾਜ ਭਵਨ 'ਚ ਹੀ ਰੁਕਣਗੇ। ਰਾਜ ਭਵਨ 'ਚ ਉਨ੍ਹਾਂ ਦੇ ਠਹਿਰਨ ਦੇ ਪ੍ਰਬੰਧ ਤੋਂ ਲੈ ਕੇ ਉਨ੍ਹਾਂ ਦੇ ਖਾਣੇ ਦਾ ਮੈਨਿਊ ਤਿਆਰ ਕੀਤਾ ਜਾ ਰਿਹਾ ਹੈ। ਇਸ ਲਈ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਹੈ। ਰਾਜ ਭਵਨ, ਯੂ. ਟੀ. ਗੈਸਟ ਹਾਊਸ ਅਤੇ ਹੋਟਲ ਮਾਊਂਟ ਵਿਊ ਵਿਖੇ ਹੋਰ ਮਹਿਮਾਨਾਂ ਲਈ ਵੀ ਤਿਆਰੀਆਂ ਚੱਲ ਰਹੀਆਂ ਹਨ।
ਇਹ ਵੀ ਪੜ੍ਹੋ : CM ਮਾਨ ਨਾਲ ਕਿਸਾਨਾਂ ਦੀ ਹੋਈ ਮੀਟਿੰਗ, ਵੱਖ-ਵੱਖ ਮੁੱਦਿਆਂ ਦੇ ਹੱਲ ਲਈ ਦੁਹਰਾਈ ਵਚਨਬੱਧਤਾ
ਸੁਖ਼ਨਾ ਝੀਲ ਅਤੇ ਸਕੱਤਰੇਤ ਦੇ ਆਸ-ਪਾਸ ਦਾ ਇਲਾਕਾ ਸੀਲ
ਸੁਖ਼ਨਾ ਝੀਲ ਅਤੇ ਸੈਕਟਰ-9 ਸਥਿਤ ਯੂ. ਟੀ. ਸਕੱਤਰੇਤ ਦੇ ਆਲੇ-ਦੁਆਲੇ ਦੇ ਇਲਾਕੇ ਨੂੰ ਰਾਸ਼ਟਰਪਤੀ ਦੀ ਆਮਦ ਤੋਂ ਇਕ ਦਿਨ ਪਹਿਲਾਂ ਸੀਲ ਕਰ ਦਿੱਤਾ ਗਿਆ ਹੈ। ਸੈਕਟਰ-9 ਸਥਿਤ ਹਾਊਸਿੰਗ ਬੋਰਡ ਨੂੰ ਜਾਣ ਵਾਲਾ ਰਸਤਾ ਬੰਦ ਕਰ ਦਿੱਤਾ ਗਿਆ ਹੈ। ਸਾਹਮਣੇ ਵਾਲੀ ਪਾਰਕਿੰਗ ਖਾਲ੍ਹੀ ਕਰਵਾ ਕੇ ਉੱਥੇ ਪੁਲਸ ਤਾਇਨਾਤ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ ਏਅਰਪੋਰਟ ’ਤੇ ਕਬੂਤਰਾਂ ਕਾਰਨ ਪਰੇਸ਼ਾਨ ਹੋ ਰਹੇ ਨੇ ਯਾਤਰੀ, ਜਾਣੋ ਪੂਰਾ ਮਾਮਲਾ
ਸੀ. ਆਰ. ਪੀ. ਐੱਫ. ਦੀਆਂ 12 ਟੁਕੜੀਆਂ ਅਤੇ 4000 ਪੁਲਸ ਮੁਲਾਜ਼ਮ ਰਹਿਣਗੇ ਤਾਇਨਾਤ
ਸ਼ਨੀਵਾਰ ਸ਼ਹਿਰ 'ਚ ਕੁੱਲ 4000 ਪੁਲਸ ਮੁਲਾਜ਼ਮ ਤਾਇਨਾਤ ਰਹਿਣਗੇ। ਇਸ ਤੋਂ ਇਲਾਵਾ ਸੀ. ਆਰ. ਪੀ. ਐੱਫ. ਦੀਆਂ 12 ਟੁਕੜੀਆਂ ਵੀ ਤਾਇਨਾਤ ਕੀਤੀਆਂ ਜਾਣਗੀਆਂ। ਸੁਖ਼ਨਾ ਝੀਲ ਦੇ ਆਲੇ-ਦੁਆਲੇ ਦੇ ਇਲਾਕਿਆਂ 'ਚ ਸੀ. ਸੀ. ਟੀ. ਵੀ. ਕੈਮਰੇ ਲਾਏ ਗਏ ਹਨ। 30 ਪੁਲਸ ਨਾਕੇ ਹੋਣਗੇ, ਜੋ ਲੋਕਾਂ ਦਾ ਮਾਰਗ ਦਰਸ਼ਨ ਕਰਨਗੇ। ਪ੍ਰੋਗਰਾਮ 'ਚ ਪੰਜਾਬ ਅਤੇ ਹਰਿਆਣਾ ਦੇ ਕਈ ਅਧਿਕਾਰੀ ਵੀ ਸ਼ਿਰੱਕਤ ਕਰਨਗੇ। ਇਸ ਲਈ ਦੋਵਾਂ ਸੂਬਿਆਂ ਤੋਂ ਅਧਿਕਾਰੀ ਬੁਲਾਏ ਗਏ ਹਨ, ਤਾਂ ਜੋ ਸਿਸਟਮ ਨੂੰ ਚੰਗੀ ਤਰ੍ਹਾਂ ਸੰਭਾਲਿਆ ਜਾ ਸਕੇ। ਰਾਸ਼ਟਰਪਤੀ ਐਤਵਾਰ ਸਵੇਰੇ 10 ਵਜੇ ਸੈਕਟਰ-9 ਵਿਖੇ ਯੂ. ਟੀ. ਸਕੱਤਰੇਤ ਦੀ ਨਵੀਂ ਇਮਾਰਤ ਦਾ ਉਦਘਾਟਨ ਕਰਨਗੇ। ਇਨ੍ਹੀਂ ਦਿਨੀਂ ਇਮਾਰਤ 'ਚ ਦਿਨ-ਰਾਤ ਕੰਮ ਚੱਲ ਰਿਹਾ ਹੈ, ਤਾਂ ਜੋ ਇਸ ਨੂੰ ਤਿਆਰ ਕੀਤਾ ਜਾ ਸਕੇ। ਉਦਘਾਟਨ ਤੋਂ ਬਾਅਦ ਹੌਲੀ-ਹੌਲੀ ਪ੍ਰਸ਼ਾਸਨ ਦੇ ਸਾਰੇ ਵਿਭਾਗ ਇਸ 'ਚ ਤਬਦੀਲ ਹੋ ਜਾਣਗੇ। ਹਾਲਾਂਕਿ ਇਮਾਰਤ ਨੂੰ ਪੂਰੀ ਤਰ੍ਹਾਂ ਤਿਆਰ ਹੋਣ ਵਿਚ ਕੁੱਝ ਮਹੀਨੇ ਲੱਗਣਗੇ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਐਤਵਾਰ ਸਵੇਰੇ 10.45 ਵਜੇ ਪੰਜਾਬ ਇੰਜੀਨੀਅਰਿੰਗ ਕਾਲਜ (ਪੈੱਕ) ਦਾ ਦੌਰਾ ਕਰਨਗੇ ਅਤੇ ਕਨਵੋਕੇਸ਼ਨ 'ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਉਹ ‘ਪੈੱਕ’ 'ਚ ਹੀ 40 ਕਰੋੜ ਦੇ ਹੋਸਟਲ ਦਾ ਨੀਂਹ ਪੱਥਰ ਵੀ ਰੱਖਣਗੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ