ਪਰਨੀਤ ਕੌਰ ਨਾਲ ਠੱਗੀ ਵਾਲੇ ਤਾਂ ਫੜ ਲਏ ਪਰ ਆਮ ਆਦਮੀ ਦੀ ਜਾਂਚ ਠੰਡੇ ਬਸਤੇ ''ਚ ਕਿਉਂ?

08/10/2019 4:57:58 PM

ਜਲੰਧਰ (ਬੁਲੰਦ) : ਬੀਤੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਸੰਸਦ ਮੈਂਬਰ ਪਰਨੀਤ ਕੌਰ ਤੋਂ ਫਰਜ਼ੀ ਬੈਂਕ ਕਰਮਚਾਰੀ ਬਣ ਕੇ 23 ਲੱਖ ਰੁਪਏ ਦੀ ਠੱਗੀ ਨੂੰ ਪੁਲਸ ਨੇ 5 ਘੰਟਿਆਂ 'ਚ ਟਰੇਸ ਕਰ ਲਿਆ ਸੀ। ਪੁਲਸ ਨੇ ਮੁਲਜ਼ਮਾਂ ਨੂੰ ਫੜ ਲਿਆ ਸੀ ਪਰ ਆਮ ਆਦਮੀ ਦੇ ਨਾਲ ਹੋ ਰਹੀਆਂ ਅਜਿਹੀਆਂ ਠੱਗੀਆਂ ਦੇ ਮਾਮਲੇ 'ਚ ਪੁਲਸ ਕੁਝ ਕਿਉਂ ਨਹੀਂ ਕਰ ਰਹੀ। ਅਜਿਹੀਆਂ ਹੀ ਠੱਗੀਆਂ ਦੇ ਸ਼ਿਕਾਰ ਹੋਏ ਜਲੰਧਰ ਦੇ ਸੈਂਟਰਲ ਟਾਉੂਨ ਇਲਾਕੇ ਦੇ ਗੋਬਿੰਦਰ ਸਿੰਘ ਜੋ ਕਿ ਆਦਮਪੁਰ ਏਅਰਪੋਰਟ 'ਚ ਸਰਕਾਰੀ ਠੇਕੇਦਾਰ ਹਨ, ਨੇ ਦੱਸਿਆ ਕਿ ਉਨ੍ਹਾਂ ਨਾਲ ਫੋਨ ਦੇ ਜ਼ਰੀਏ ਫਰਜ਼ੀ ਬੈਂਕ ਕਰਮਚਾਰੀ ਬਣ ਕੇ ਇਕ ਵਿਅਕਤੀ ਨੇ ਕੁੱਲ 46200 ਰੁਪਏ ਦੀ ਠੱਗੀ ਕੀਤੀ ਹੈ। ਇਹ ਠੱਗੀ ਰੋਕੀ ਜਾ ਸਕਦੀ ਸੀ ਕਿਉਂਕਿ ਇਸ ਦੀ ਸੂਚਨਾ ਤੁਰੰਤ ਉਨ੍ਹਾਂ ਨੇ ਇਕ ਆਨਲਾਈਨ ਸ਼ਾਪਿੰਗ ਕੰਪਨੀ ਨੂੰ ਕਰ ਦਿੱਤੀ ਸੀ ਪਰ ਇਸ ਤੋਂ ਬਾਅਦ ਵੀ ਠੱਗੀ ਰੁਕ ਨਹੀਂ ਸਕੀ। 

ਪੁਲਸ ਕਮਿਸ਼ਨਰ ਨੂੰ ਦਿੱਤੀ ਸ਼ਿਕਾਇਤ
ਪੁਲਸ ਕਮਿਸ਼ਨਰ ਨੂੰ ਦਿੱਤੀ ਗਈ ਆਪਣੀ ਸ਼ਿਕਾਇਤ 'ਚ ਗੋਬਿੰਦਰ ਨੇ ਦੱਸਿਆ ਕਿ 3 ਅਗਸਤ ਨੂੰ ਉਨ੍ਹਾਂ ਨੂੰ 01246089501 ਨੰਬਰ 'ਤੇ ਕਾਲ ਆਈ ਅਤੇ ਇਸ ਦਾ ਟਰੂ ਕਾਲਰ 'ਤੇ ਨਾਂ ਐੱਸ. ਬੀ. ਆਈ. ਕ੍ਰੈਡਿਟ ਕਾਰਡ ਕਸਟਮਰ ਕੇਅਰ ਲਿਖਿਆ ਆ ਰਿਹਾ ਸੀ। ਫੋਨ 'ਤੇ ਇਕ ਵਿਅਕਤੀ ਨੇ ਸ਼ਿਕਾਇਤਕਰਤਾ ਨੂੰ ਦੱਸਿਆ ਕਿ ਉਹ ਐੱਸ. ਬੀ. ਆਈ. ਕਸਟਮਰ ਕੇਅਰ ਤੋਂ ਬੋਲ ਰਿਹਾ ਹੈ ਅਤੇ ਤੁਹਾਡੇ ਚੰਗੇ ਸਿੱਬਲ ਨੂੰ ਦੇਖਦੇ ਹੋਏ ਤੁਹਾਡੇ ਕ੍ਰੈਡਿਟ ਕਾਰਡ ਦੀ ਲਿਮਿਟ ਵਧਾਈ ਜਾ ਰਹੀ ਹੈ ਅਤੇ ਨਵਾਂ ਕਾਰਡ ਇਸ਼ੂ ਕੀਤਾ ਜਾ ਰਿਹਾ ਹੈ।

ਆਵਾਜ਼ ਕਲੀਅਰ ਨਾ ਸੁਣਨ 'ਤੇ ਕੀਤਾ ਦੂਜੇ ਨੰਬਰ ਤੋਂ ਫੋਨ 
ਇਸ ਦੌਰਾਨ ਆਵਾਜ਼ ਫੋਨ 'ਤੇ ਕਲੀਅਰ ਨਾ ਸੁਣਾਈ ਦੇਣ ਕਾਰਨ ਕੰਪਨੀ ਵਲੋਂ ਦੁਬਾਰਾ 7071565533 ਨੰਬਰ 'ਤੇ ਕਾਲ ਕੀਤੀ। ਫੋਨ ਕਰਨ ਵਾਲੇ ਉਕਤ ਵਿਅਕਤੀ ਨੇ ਸ਼ਿਕਾਇਤਕਰਤਾ ਤੋਂ ਉਸ ਦੇ ਕਾਰਡ ਨੰਬਰ ਦੇ ਆਖਰੀ ਚਾਰ ਡਿਜਿਟ ਅਤੇ ਸੀ. ਵੀ. ਵੀ. ਨੰਬਰ ਮੰਗਿਆ। ਸ਼ਿਕਾਇਤਕਰਤਾ ਨੇ ਉਕਤ ਫੋਨ ਕਰਨ ਵਾਲੇ ਨੂੰ ਕਾਰਡ ਦੇ ਆਖਰੀ ਚਾਰ ਨੰਬਰ ਤਾਂ ਦੱਸ ਦਿੱਤੇ ਪਰ ਸੀ. ਵੀ. ਵੀ. ਨੰਬਰ ਨਹੀਂ ਦੱਸਿਆ। ਉਸ ਤੋਂ ਬਾਅਦ ਉਕਤ ਵਿਅਕਤੀ ਨੇ ਕਿਹਾ ਕਿ ਤੁਹਾਨੂੰ ਤਿੰਨ-ਚਾਰ ਦਿਨਾਂ 'ਚ ਨਵਾਂ ਕਾਰਡ ਮਿਲ ਜਾਵੇਗਾ ਅਤੇ ਇਹ ਪੁਰਾਣਾ ਕਾਰਡ ਬਲਾਕ ਕਰ ਦਿੱਤਾ ਗਿਆ ਹੈ। ਅਗਲੇ ਦਿਨ 4 ਅਗਸਤ ਨੂੰ ਅਚਾਨਕ ਗੋਬਿੰਦਰ ਦੇ ਮੋਬਾਇਲ 'ਤੇ ਮੈਸੇਜ ਆਇਆ ਕਿ ਉਨ੍ਹਾਂ ਦੇ ਕ੍ਰੈਡਿਟ ਕਾਰਡ ਤੋਂ 900 ਰੁਪਏ ਕਿਸੇ ਹੋਰ ਮੋਬਾਇਲ ਨੰਬਰ 'ਤੇ ਪੇ. ਟੀ. ਐੱਮ. ਦੇ ਜ਼ਰੀਏ ਟਰਾਂਸਫਰ ਹੋਏ ਹਨ। ਉਸ ਦੇ ਅੱਧੇ ਘੰਟੇ ਬਾਅਦ ਇਕ ਹੋਰ ਮੈਸੇਜ ਆਇਆ ਕਿ ਤੁਹਾਡੇ ਨੰਬਰ ਤੋਂ 999 ਰੁਪਏ ਕਿਸੇ ਹੋਰ ਨੰਬਰ 'ਤੇ ਪੇ. ਟੀ. ਐੱਮ ਦੇ ਜ਼ਰੀਏ ਟਰਾਂਸਫਰ ਹੋਏ ਹੈ। ਇਹ ਦੋਵੇਂ ਮੈਸੇਜ ਗੁਰਬਿੰਦਰ ਨੇ ਪੜ੍ਹੇ ਨਹੀਂ।

ਕੁਝ ਸਮੇਂ ਬਾਅਦ ਜਦੋਂ ਸ਼ਿਕਾਇਤਕਰਤਾ ਨੇ ਮੈਸੇਜ ਦੇਖੇ ਤਾਂ ਹੈਰਾਨ ਰਹਿ ਗਿਆ ਕਿ ਉਨ੍ਹਾਂ ਨੇ ਕਿਸੇ ਨੂੰ ਕੋਈ ਪੈਸੇ ਟਰਾਂਸਫਰ ਨਹੀਂ ਕੀਤੇ ਪਰ ਕਿਵੇਂ ਉਨ੍ਹਾਂ ਦੇ ਖਾਤੇ 'ਚੋਂ ਪੈਸੇ ਨਿਕਲ ਗਏ। ਅਜੇ ਉਹ ਇਸ ਮਾਮਲੇ ਨੂੰ ਲੈ ਕੇ ਆਪਣਾ ਕ੍ਰੈਡਿਟ ਕਾਰਡ ਬਲਾਕ ਕਰਵਾਉਣ ਦੀ ਪ੍ਰਕਿਰਿਆ ਪੂਰੀ ਕਰ ਹੀ ਰਹੇ ਸਨ ਕਿ ਉਕਤ ਠੱਗ ਨੇ ਗੋਬਿੰਦਰ ਦੇ ਕਾਰਡ ਤੋਂ 44188 ਰੁਪਏ ਦੀ ਸ਼ਾਪਿੰਗ ਫਲਿਪ ਕਾਰਟ ਤੋਂ ਕਰ ਲਈ। ਇਸ ਤੋਂ ਬਾਅਦ ਉਨ੍ਹਾਂ ਨੇ ਤੁਰੰਤ ਕਾਰਡ ਬਲਾਕ ਕਰਵਾਉਣ ਤੋਂ ਬਾਅਦ ਆਨਲਾਈਨ ਸ਼ਾਪਿੰਗ ਕੰਪਨੀ ਦੇ ਕਸਟਮਰ ਕੇਅਰ 'ਤੇ ਫੋਨ ਕੀਤਾ ਕਿ ਉਨ੍ਹਾਂ ਦੇ ਕ੍ਰੈਡਿਟ ਕਾਰਡ ਨੂੰ ਕਿਸੇ ਨੇ ਠੱਗੀ ਕਰ ਕੇ ਸ਼ਾਪਿੰਗ ਕੀਤੀ ਹੈ ਕ੍ਰਿਪਾ ਇਸ ਸ਼ਾਪਿੰਗ ਨੂੰ ਕੈਂਸਲ ਕੀਤਾ ਜਾਵੇ। ਇਸ ਸ਼ਿਕਾਇਤ ਨੂੰ ਦਰਜ ਕਰਨ ਤੋਂ ਬਾਅਦ ਵੀ ਫਲਿਪਕਾਰਟ ਕੰਪਨੀ ਨੇ ਉਕਤ ਸ਼ਾਪਿੰਗ ਨੂੰ ਰੱਦ ਨਹੀਂ ਕੀਤਾ, ਜਦਕਿ ਸ਼ਿਕਾਇਤਕਰਤਾ ਨੇ ਸਾਰੀ ਡਿਟੇਲ ਉਕਤ ਕੰਪਨੀ ਨਾਲ ਸ਼ੇਅਰ ਕਰ ਦਿੱਤੀ ਸੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਸ਼ਾਪਿੰਗ ਕੰਪਨੀ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਸੀ ਕਿ ਉਕਤ ਪ੍ਰੋਡਕਟ ਡਲਿਵਰ ਨਹੀਂ ਕੀਤਾ ਜਾਵੇਗਾ ਪਰ ਇਸ ਦੇ ਬਾਵਜੂਦ ਵੀ ਕੰਪਨੀ ਨੇ ਉਨ੍ਹਾਂ ਨਾਲ ਠੱਗੀ ਕਰਨ ਵਾਲੇ ਨੂੰ ਪ੍ਰੋਡਕਟ ਡਲਿਵਰ ਕੀਤੇ।

ਸਾਈਬਰ ਕ੍ਰਾਈਮ ਸੈੱਲ ਨੂੰ ਮਾਰਕ ਕੀਤੀ ਸ਼ਿਕਾਇਤ
ਜਿਸ ਤੋਂ ਬਾਅਦ ਗੋਬਿੰਦਰ ਨੇ ਪੁਲਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ। ਕਮਿਸ਼ਨਰ ਦਫਤਰ ਤੋਂ ਸ਼ਿਕਾਇਤ ਥਾਣਾ ਨੰਬਰ 4 ਨੂੰ ਮਾਰਕ ਕੀਤੀ ਗਈ। ਜਿੱਥੇ ਸ਼ਿਕਾਇਤਕਰਤਾ ਨੂੰ ਕਿਹਾ ਗਿਆ ਕਿ ਤੁਸੀਂ ਦੁਬਾਰਾ ਸ਼ਿਕਾਇਤ ਦਿਓ ਕਿਉਂਕਿ ਤੁਹਾਨੂੰ ਥਾਣਾ 3 ਲੱਗਦਾ ਹੈ ਨਾ ਕਿ 4। ਦੁਬਾਰਾ ਗੋਬਿੰਦਰ ਨੇ ਸ਼ਿਕਾਇਤ ਥਾਣਾ 3 ਨੂੰ ਭੇਜੀ। ਤਿੰਨ ਨੰਬਰ ਥਾਣੇ ਵਾਲਿਆਂ ਨੇ ਸ਼ਿਕਾਇਤਕਰਤਾ ਨੂੰ ਕਿਹਾ ਕਿ ਤੁਹਾਡੀ ਸ਼ਿਕਾਇਤ ਸਾਈਬਰ ਕ੍ਰਾਈਮ ਸੈੱਲ ਨੂੰ ਮਾਰਕ ਕਰ ਦਿੱਤੀ ਗਈ ਹੈ। ਸ਼ਿਕਾਇਤਕਰਤਾ ਨੇ ਕਿਹਾ ਕਿ 6 ਤਰੀਕ ਤੋਂ ਲੈ ਕੇ ਅੱਜ 9 ਤਾਰੀਖ ਤੱਕ ਉਹ ਕਈ ਚੱਕਰ ਸਾਈਬਰ ਕ੍ਰਾਈਮ ਸੈੱਲ ਦੇ ਲਗਾ ਚੁੱਕੇ ਹਨ ਪਰ ਉਥੇ ਇਹ ਕਿਹਾ ਜਾ ਰਿਹਾ ਹੈ ਕਿ ਸਾਡੇ ਕੋਲ ਤੁਹਾਡੀ ਸ਼ਿਕਾਇਤ ਨਹੀਂ ਆਈ ਪਰ ਥਾਣੇ ਵਾਲੇ ਕਹਿੰਦੇ ਹਨ ਕਿ ਅਸੀਂ ਤਾਂ ਭੇਜ ਦਿੱਤੀ ਹੈ। ਅਜਿਹੇ 'ਚ ਆਮ ਆਦਮੀ ਆਪਣੇ ਨਾਲ ਹੋਈ ਠੱਗੀ ਦੇ ਬਾਅਦ ਪੁਲਸ ਥਾਣਿਆਂ ਦੇ ਚੱਕਰਾਂ ਵਿਚ ਉਲਝਿਆ ਰਹਿੰਦਾ ਹੈ। ਜਿਸ ਦੇ ਉਲਟ ਮੁੱਖ ਮੰਤਰੀ ਦੀ ਪਤਨੀ ਦੀ ਠੱਗੀ 5 ਘੰਟਿਆਂ 'ਚ ਸੁਲਝਾ ਲਈ ਜਾਂਦੀ ਹੈ। ਉਨ੍ਹਾਂ ਨੇ ਪੁਲਸ ਕਮਿਸ਼ਨਰ ਤੋਂ ਮੰਗ ਕੀਤੀ ਕਿ ਆਮ ਆਦਮੀ ਸਰਕਾਰ ਨੂੰ ਟੈਕਸ ਦਿੰਦਾ ਹੈ, ਜਿਸ ਦੇ ਨਾਲ ਸਰਕਾਰ ਚੱਲਦੀ ਹੈ ਪਰ ਪੁਲਸ ਵਾਲਿਆਂ ਦੀ ਤਨਖਾਹ ਬਣਦੀ ਹੈ ਪਰ ਆਮ ਆਦਮੀ ਨੂੰ ਇਨਸਾਫ ਨਹੀਂ ਮਿਲ ਪਾਉਣਾ ਸ਼ਰਮਸਾਰ ਹੈ।


Anuradha

Content Editor

Related News