ਨਾਗਰਿਕ ਸੋਧ ਬਿੱਲ ''ਚ ਮੁਸਲਿਮ ਧਰਮ ਨੂੰ ਵੀ ਮਿਲੇ ਸਥਾਨ: ਚੰਦੂਮਾਜਰਾ

01/27/2020 6:49:42 PM

ਗੜ੍ਹਸ਼ੰਕਰ (ਸ਼ੋਰੀ)— ਦਿੱਲੀ ਦੀਆਂ ਵਿਧਾਨ ਸਭਾ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਵੱਖ ਹੋਣ ਨਾਲ ਪੰਜਾਬ ਦੀ ਸਿਆਸਤ 'ਤੇ ਕਿਸੇ ਵੀ ਤਰ੍ਹਾਂ ਦਾ ਕੋਈ ਫਰਕ ਨਹੀਂ ਪਵੇਗਾ ਕਿਉਂਕਿ ਹਰ ਇਕ ਰਾਜ ਦੀ ਆਪਣੀ ਰਣਨੀਤੀ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਸ੍ਰੀ ਅਨੰਦਪੁਰ ਸਾਹਿਬ ਤੋਂ ਸਾਬਕਾ ਸੰਸਦ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨਿਅਰ ਨੇਤਾ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕੀਤਾ, ਜੋ ਹਲਕਾ ਗੜ੍ਹਸ਼ੰਕਰ ਵਿਖੇ ਵਿਸ਼ੇਸ਼ ਤੌਰ 'ਤੇ ਪੁੱਜੇ ਹੋਏ ਸਨ। ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪ੍ਰੇਮ ਸਿੰਘ ਚੰਦੂਮਾਜਰਾ ਨੇ ਪੰਜਾਬ ਦੀ ਕਾਂਗਰਸ ਸਰਕਾਰ ਦੀ ਕਾਰਗੁਜ਼ਾਰੀ 'ਤੇ ਚੁਟਕੀ ਲੈਂਦੇ ਹੋਏ ਕਿਹਾ ਕਿ ਪੰਜਾਬ ਦੀਆਂ ਸਰਕਾਰਾਂ 'ਚੋਂ ਅੱਜ ਤੱਕ ਸਭ ਤੋਂ ਮਾੜੀ ਕਾਰਗੁਜ਼ਾਰੀ ਕਾਂਗਰਸ ਦੀ ਰਹੀ ਹੈ। ਬਿਜਲੀ ਦੀਆਂ ਲਗਾਤਾਰ ਵੱਧ ਰਹੀਆਂ ਕੀਮਤਾਂ ਨੂੰ ਵੀ ਨਾਲ ਲੈ ਕੇ ਪੰਜਾਬ ਸਰਕਾਰ ਨੂੰ ਘੇਰਿਆ ਅਤੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਦੇ ਆਪਣੇ ਹੀ ਮੰਤਰੀ ਸਰਕਾਰ ਨੂੰ ਘੇਰ ਰਹੇ ਹਨ। 

ਚੰਦੂਮਾਜਰਾ ਨੇ ਇਕ ਸਵਾਲ ਦੇ ਉੱਤਰ 'ਚ ਕਿਹਾ ਕਿ ਭਾਜਪਾ ਨੇ ਜੋ ਸੀ. ਏ. ਏ. ਦਾ ਬਿਲ ਪੇਸ਼ ਕੀਤਾ ਹੈ, ਉਹ ਹੂ-ਬ-ਹੂ ਅਕਾਲੀ ਦਲ ਨੂੰ ਮਨਜੂਰ ਨਹੀਂ ਸੀ। ਇਸੇ ਕਾਰਨ ਦਿੱਲੀ ਵਿਧਾਨਸਭਾ ਚੋਣਾਂ 'ਚ ਅਕਾਲੀ ਦਲ ਨੇ ਖੁਦ ਨੂੰ ਬਾਹਰ ਰੱਖ ਲਿਆ। ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਨਾਗਰਿਕ ਸੋਧ ਬਿਲ (ਸੀ. ਏ. ਏ.) 'ਚ ਇਕ ਧਰਮ ਦੇ ਲੋਕਾਂ ਨਾਲ ਧੱਕਾ ਹੋਣ ਦਾ ਸੰਦੇਸ਼ ਦੇ ਗਿਆ ਹੈ, ਜਦਕਿ ਅਸਲੀਅਤ 'ਚ ਅਜਿਹਾ ਨਹੀਂ ਹੈ, ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਚਾਹੁੰਦਾ ਹੈ ਕਿ ਹੋਰ ਧਰਮਾਂ ਦੀ ਤਰ੍ਹਾਂ ਮੁਸਲਿਮ ਧਰਮ ਨੂੰ ਵੀ ਇਸ ਬਿੱਲ 'ਚ ਸਥਾਨ ਮਿਲੇ।

ਚੰਦੂਮਾਜਰਾ ਨੇ ਕਿਹਾ ਕੀ ਪੰਜਾਬ ਵਿਧਾਨਸਭਾ ਚੋਣਾਂ 'ਚ ਹੁਣ ਭਾਜਪਾ ਨੇ ਦੇਖਣਾ ਹੈ, ਸਾਡਾ ਸਟੈਂਡ ਤਾਂ ਇਹ ਹੀ ਰਹੇਗਾ। ਭਾਜਪਾ ਵੱਲੋਂ ਜ਼ਿਆਦਾ ਸੀਟਾਂ ਦੀ ਮੰਗ ਸੰਬੰਧੀ ਉਨ੍ਹਾਂ ਨੇ ਕਿਹਾ ਕੀ ਜ਼ਿਆਦਾ ਦੀ ਚਾਹਤ ਰੱਖਣਾ ਬੁਰੀ ਗੱਲ ਨਹੀਂ ਹੈ। ਬੰਗਾ-ਗੜ੍ਹਸ਼ੰਕਰ-ਸ੍ਰੀ ਆਨੰਦਪੁਰ ਸਾਹਿਬ ਸੜਕ ਦੀ ਮਾੜੀ ਸਥਿਤੀ ਸੰਬੰਧੀ ਚੰਦੂਮਾਜਰਾ ਨੇ ਕਿਹਾ ਕੀ ਜੇਕਰ ਕੈਪਟਨ ਸਰਕਾਰ ਸਮੇਂ 'ਤੇ ਡੀ. ਪੀ. ਆਰ. ਕੇਂਦਰ ਨੂੰ ਭੇਜ ਦਿੰਦੀ ਤਾਂ ਇਹ ਸੜਕ ਨੈਸ਼ਨਲ ਹਾਈਵੇਅ ਬਣ ਜਾਂਦੀ ਪਰ ਅਫਸੋਸ ਉਨ੍ਹਾਂ ਨੇ ਇਹ ਨਹੀਂ ਕੀਤਾ। ਰਾਜ ਸਰਕਾਰ ਵੱਲੋਂ ਕਰਵਾਈ ਜਾ ਰਹੀ ਰੀਪੇਅਰ ਸੰਬੰਧੀ ਉਨ੍ਹਾਂ ਨੇ ਕਿਹਾ ਕੀ ਸੜਕ 'ਤੇ ਬਹੁਤ ਟ੍ਰੈਫਿਕ ਰਹਿੰਦਾ ਹੈ, ਇਸ ਲਈ ਸਟਰਂੈਥ ਵਧਾਉਣੀ ਜ਼ਰੂਰੀ ਹੈ। ਇਸ ਮੌਕੇ 'ਤੇ ਬੂਟਾ ਸਿੰਘ ਅਲੀਪੁਰ, ਹਰਜੀਤ ਸਿੰਘ ਭਾਤਪੁਰੀ ਅਤੇ ਹੋਰ ਵੀ ਹਾਜ਼ਰ ਸਨ।


shivani attri

Content Editor

Related News