ਚੰਦੂਮਾਜਰਾ ਵੱਲੋਂ ਸ਼ਹੀਦ ਕੁਲਵਿੰਦਰ ਦੀ ਯਾਦ ''ਚ ਲਾਇਬ੍ਰੇਰੀ ਸਥਾਪਤ ਕਰਨ ਲਈ 2 ਲੱਖ ਦਾ ਐਲਾਨ
Saturday, Feb 23, 2019 - 04:20 PM (IST)
ਨੂਰਪੁਰਬੇਦੀ (ਭੰਡਾਰੀ)— ਪੁਲਵਾਮਾ 'ਚ ਸ਼ਹੀਦ ਹੋਏ ਕੁਲਵਿੰਦਰ ਸਿੰਘ ਦੀ ਯਾਦ 'ਚ ਸਥਾਪਤ ਕੀਤੀ ਜਾਣ ਵਾਲੀ ਲਾਇਬ੍ਰੇਰੀ ਲਈ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਆਪਣੇ ਅਖਤਿਆਰੀ ਫੰਡ 'ਚੋਂ 2 ਲੱਖ ਦੀ ਗਰਾਂਟ ਦੇਣ ਦਾ ਐਲਾਨ ਕੀਤਾ। ਚੰਦੂਮਾਜਰਾ ਅੱਜ ਸ਼ਹੀਦ ਕੁਲਵਿੰਦਰ ਸਿੰਘ ਦੇ ਜੱਦੀ ਪਿੰਡ ਰੌਲੀ ਵਿਖੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਵੰਡਾਉਣ ਲਈ ਪਹੁੰਚੇ ਸਨ। ਇਸ ਮੌਕੇ ਉਨ੍ਹਾਂ ਨੇ ਸ਼ਹੀਦ ਦੇ ਪਿਤਾ ਦਰਸ਼ਨ ਸਿੰਘ, ਮਾਤਾ ਅਮਰਜੀਤ ਕੌਰ ਅਤੇ ਦਾਦਾ ਕਰਨੈਲ ਸਿੰਘ ਨੂੰ ਹੌਸਲਾ ਦਿੰਦੇ ਕਿਹਾ ਕਿ ਫੌਜੀ ਕੁਲਵਿੰਦਰ ਸਿੰਘ ਦੀ ਸ਼ਹਾਦਤ 'ਤੇ ਦੇਸ਼ ਵਾਸੀਆਂ ਨੂੰ ਮਾਣ ਹੈ। ਭਾਰਤ ਸਰਕਾਰ ਪਾਕਿਸਤਾਨ ਤੋਂ ਉਕਤ ਹਰਕਤ ਦਾ ਗਿਣ-ਗਿਣ ਕੇ ਬਦਲਾ ਲਵੇਗੀ ਅਤੇ ਭਾਰਤੀ ਫੌਜ ਪੁਲਵਾਮਾ ਖੇਤਰ 'ਚ ਅੱਤਵਾਦੀਆਂ ਦੇ ਸਮੁੱਚੇ ਟਿਕਾਣਿਆਂ ਨੂੰ ਤਹਿਸ-ਨਹਿਸ ਕਰ ਦੇਵੇਗੀ। ਉਨ੍ਹਾਂ ਨੇ ਕਿਹਾ ਕਿ ਫੌਜੀ ਕੁਲਵਿੰਦਰ ਸਿੰਘ ਸਮੁੱਚੀ ਕੌਮ ਦਾ ਸ਼ਹੀਦ ਹੈ ਜੋ ਸਦਾ ਅਮਰ ਰਹੇਗਾ। ਅਖਤਿਆਰੀ ਫੰਡ 'ਚੋਂ 2 ਲੱਖ ਦੇਣ ਦਾ ਐਲਾਨ ਕਰਨ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸੇ ਹੋਰ ਕਾਰਜ ਲਈ ਵੀ ਆਰਥਿਕ ਸਹਾਇਤਾ ਦੀ ਜ਼ਰੂਰਤ ਹੋਵੇ ਤਾਂ ਪਿੰਡ ਵਾਸੀ ਉਨ੍ਹਾਂ ਦੇ ਧਿਆਨ 'ਚ ਲਿਆ ਸਕਦੇ ਹਨ। ਇਸ ਮੌਕੇ ਉਨ੍ਹਾਂ ਨਾਲ ਰਣਜੀਤ ਢੀਂਡਸਾ, ਭਜਨ ਲਾਲ ਕਾਂਗੜ, ਕੇਸਰ ਸਿੰਘ, ਬਾਦਲ ਸਿੰਘ ਬਸੀ, ਠੇਕੇਦਾਰ ਕੁਲਵੀਰ ਸਿੰਘ, ਨਿਰਮਲ ਸਿੰਘ ਰੌਲੀ, ਹੇਮਰਾਜ ਝਾਂਡੀਆਂ, ਲਖਵਿੰਦਰ ਸੈਣੀਮਾਜਰਾ, ਮਨਦੀਪ ਸਿੰਘ ਅਤੇ ਗਿਆਨ ਸਿੰਘ ਕੁੰਭੇਵਾਲ ਆਦਿ ਹਾਜ਼ਰ ਸਨ।
ਇਸ ਤੋਂ ਇਲਾਵਾ ਭਾਜਪਾ ਦੇ ਰਾਸ਼ਟਰੀ ਮੀਤ ਪ੍ਰਧਾਨ ਅਤੇ ਸਾਬਕਾ ਰਾਜ ਸਭਾ ਮੈਂਬਰ ਅਵਿਨਾਸ਼ ਰਾਏ ਖੰਨਾ ਨੇ ਵੀ ਅੱਜ ਸ਼ਹੀਦ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਉਨ੍ਹਾਂ ਨੇ ਸ਼ਹੀਦ ਦੇ ਪਿਤਾ ਦਰਸ਼ਨ ਸਿੰਘ ਨਾਲ ਦੁੱਖ ਸਾਂਝਾ ਕਰਦੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਪਾਕਿਸਤਾਨ ਨੂੰ ਸਬਕ ਸਿਖਾਉਣ ਲਈ ਸਖਤ ਕਦਮ ਚੁੱਕੇ ਜਾ ਰਹੇ ਹਨ। ਉਹ ਕੇਂਦਰ ਸਰਕਾਰ ਦੀ ਤਰਫੋਂ ਸ਼ਹੀਦ ਦੇ ਪਰਿਵਾਰ ਨੂੰ ਹਰ ਪੱਖੋਂ ਸਹਾਇਤਾ ਮੁਹੱਈਆ ਕਰਵਾਉਣਗੇ। ਇਸ ਮੌਕੇ ਉਨ੍ਹਾਂ ਨਾਲ ਪੰਜਾਬ ਭਾਜਪਾ ਦੇ ਸਕੱਤਰ ਵਿਜੇ ਪੁਰੀ, ਚਮਨ ਲਾਲ ਵਰਮਾ, ਜਤਿੰਦਰ ਸਿੰਘ ਅਠਵਾਲ ਜ਼ਿਲਾ ਪ੍ਰਧਾਨ, ਕਰਨ ਪੁਰੀ, ਡਾ. ਪਰਮਿੰਦਰ ਸ਼ਰਮਾ, ਸੰਜੂ ਬਾਂਸਲ, ਬ੍ਰਿਜਮੋਹਣ ਆਦਿ ਹਾਜ਼ਰ ਸਨ।