ਮੈਗਾ ਆਕਸ਼ਨ ਤੋਂ ਪਹਿਲਾਂ ''ਪੰਜਾਬ ਕਿੰਗਸ'' ਦੇ ਮਾਲਿਕਾਂ ''ਚ ਛਿੜਿਆ ਵਿਵਾਦ, ਅਦਾਲਤ ਪਹੁੰਚੀ ਪ੍ਰਿਟੀ ਜ਼ਿੰਟਾ

Saturday, Aug 17, 2024 - 11:51 PM (IST)

ਚੰਡੀਗੜ੍ਹ, (ਸੁਸ਼ੀਲ)- ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੀ ਮੈਗਾ ਨਿਲਾਮੀ ਤੋਂ ਪਹਿਲਾਂ ਕੇ. ਪੀ. ਐੱਚ. ਡ੍ਰੀਮ ਕ੍ਰਿਕਟ ਪ੍ਰਾਈਵੇਟ ਲਿਮਟਿਡ ਦੀ ਸਹਿ-ਮਾਲਕ ਅਭਿਨੇਤਰੀ ਪ੍ਰਿਟੀ ਜ਼ਿੰਟਾ ਨੇ ਫ੍ਰੈਂਚਾਇਜ਼ੀ ‘ਪੰਜਾਬ ਕਿੰਗਜ਼ 11’ ਦੇ ਸਹਿ-ਮਾਲਕ ਮੋਹਿਤ ਬਰਮਨ ਖ਼ਿਲਾਫ਼ ਚੰਡੀਗੜ੍ਹ ਜ਼ਿਲਾ ਅਦਾਲਤ ਵਿਚ ਪਟੀਸ਼ਨ ਦਾਇਰ ਕੀਤੀ ਹੈ।

ਇਸ ਪਟੀਸ਼ਨ ’ਚ ਪ੍ਰਿਟੀ ਨੇ ਮੋਹਿਤ ਬਰਮਨ ਦੇ 11.5 ਫੀਸਦੀ ਸ਼ੇਅਰ ਕਿਸੇ ਹੋਰ ਨੂੰ ਵੇਚਣ ’ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ। ਇਸ ਪਟੀਸ਼ਨ ’ਤੇ 20 ਅਗਸਤ ਨੂੰ ਵਧੀਕ ਸੈਸ਼ਨ ਜੱਜ ਸੰਜੇ ਸੰਧੀਰ ਦੀ ਅਦਾਲਤ ’ਚ ਸੁਣਵਾਈ ਹੋਵੇਗੀ।

ਪਟੀਸ਼ਨ ਮੁਤਾਬਕ ਮੋਹਿਤ ਬਰਮਨ ਕੇ. ਪੀ. ਐੱਚ. ਡ੍ਰੀਮ ਕ੍ਰਿਕਟ ਪ੍ਰਾਈਵੇਟ ਲਿਮਟਿਡ ਕੰਪਨੀ ’ਚ 48 ਪ੍ਰਤੀਸ਼ਤ ਹਿੱਸੇਦਾਰੀ ਦੇ ਨਾਲ ਸਭ ਤੋਂ ਵੱਡੇ ਸ਼ੇਅਰਧਾਰਕ ਹਨ, ਜਦਕਿ ਪ੍ਰਿਟੀ ਜ਼ਿੰਟਾ ਅਤੇ ਨੇਸ ਵਾਡੀਆ ਕੋਲ 23-23 ਪ੍ਰਤੀਸ਼ਤ ਹਿੱਸੇਦਾਰੀ ਹੈ। ਬਾਕੀ ਸ਼ੇਅਰ ਚੌਥੇ ਸ਼ੇਅਰਧਾਰਕ ਕਰਨ ਪਾਲ ਦੇ ਹਨ। ਆਈ. ਪੀ. ਐੱਲ. ’ਚ ‘ਪੰਜਾਬ ਕਿੰਗਜ਼ 11’ ਇਸ ਕੰਪਨੀ ਦੀ ਟੀਮ ਹੈ।

ਪਟੀਸ਼ਨ ਮੁਤਾਬਕ ਪ੍ਰਿਟੀ ਜ਼ਿੰਟਾ ਦਾ ਕਹਿਣਾ ਹੈ ਕਿ ਮੋਹਿਤ ਬਰਮਨ ਆਪਣੇ 11.5 ਫੀਸਦੀ ਸ਼ੇਅਰ ਕਿਸੇ ਹੋਰ ਪਾਰਟੀ ਨੂੰ ਵੇਚਣ ਦੀ ਧਮਕੀ ਦੇ ਰਿਹਾ ਹੈ, ਇਸ ਲਈ ਉਨ੍ਹਾਂ ਨੇ ਬਰਮਨ ਨੂੰ ਇਹ ਸ਼ੇਅਰ ਵੇਚਣ ਤੋਂ ਰੋਕਣ ਦੀ ਮੰਗ ਕੀਤੀ ਹੈ। ਇਸ ’ਤੇ ਅਦਾਲਤ ਨੇ ਬਰਮਨ ਨੂੰ ਜਵਾਬ ਦੇਣ ਲਈ ਨੋਟਿਸ ਜਾਰੀ ਕੀਤਾ ਹੈ।

ਪ੍ਰਿਟੀ ਨੇ ਆਰਬਿਟਰੇਸ਼ਨ ਐਂਡ ਕੰਸੀਲੀਏਸ਼ਨ ਐਕਟ-1996 ਤਹਿਤ ਦਾਇਰ ਕੀਤੀ ਪਟੀਸ਼ਨ

ਪ੍ਰਿਟੀ ਨੇ ਆਰਬਿਟਰੇਸ਼ਨ ਐਂਡ ਕੰਸੀਲੀਏਸ਼ਨ ਐਕਟ-1996 ਦੇ ਤਹਿਤ ਪਟੀਸ਼ਨ ਦਾਇਰ ਕੀਤੀ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਕੋਈ ਵੀ ਸ਼ੇਅਰਧਾਰਕ ਆਪਣੇ ਸ਼ੇਅਰ ਗਰੁੱਪ ਤੋਂ ਬਾਹਰ ਤਾਂ ਹੀ ਵੇਚ ਸਕਦਾ ਹੈ ਜੇਕਰ ਬਾਕੀ ਸ਼ੇਅਰਧਾਰਕ ਉਨ੍ਹਾਂ ਸ਼ੇਅਰਾਂ ਨੂੰ ਖਰੀਦਣ ਤੋਂ ਇਨਕਾਰ ਕਰ ਦੇਣ।

ਇਸ ਮਾਮਲੇ ਵਿਚ ਹਾਲੇ ਤੱਕ ਅਜਿਹਾ ਨਹੀਂ ਹੋਇਆ ਹੈ। ਬਾਕੀ ਸ਼ੇਅਰਧਾਰਕਾਂ ਨੇ ਹਾਲੇ ਬਰਮਨ ਦੇ ਇਨ੍ਹਾਂ ਸ਼ੇਅਰਾਂ ਨੂੰ ਖਰੀਦਣ ਤੋਂ ਇਨਕਾਰ ਨਹੀਂ ਕੀਤਾ ਹੈ। ਹਾਲਾਂਕਿ ਬਰਮਨ ਨੇ ਵੀ ਹੁਣ ਤੱਕ ਆਪਣੇ ਹਿੱਸੇ ਦੇ ਸ਼ੇਅਰ ਵੇਚਣ ਤੋਂ ਇਨਕਾਰ ਕਰ ਦਿੱਤਾ ਹੈ। ‘ਪੰਜਾਬ ਕਿੰਗਜ਼ 11’ ਨੇ ਵੀ ਹਾਲੇ ਤੱਕ ਇਸ ਬਾਰੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਹੈ।


Rakesh

Content Editor

Related News