ਜਣੇਪੇ ਤੋਂ ਪਹਿਲਾਂ ਹੋਣਗੇ ਗਰਭਵਤੀ ਮਹਿਲਾਵਾਂ ਦੇ ਕੋਰੋਨਾ ਸਬੰਧੀ ਟੈਸਟ
Thursday, Apr 23, 2020 - 07:29 PM (IST)
ਅੰਮ੍ਰਿਤਸਰ,(ਦਲਜੀਤ ਸ਼ਰਮਾ) : ਕੋਰੋਨਾ ਵਾਇਰਸ ਤੋਂ ਗਰਭਵਤੀ ਮਹਿਲਾਵਾਂ ਨੂੰ ਬਚਾਉਣ ਦੇ ਲਈ ਸਿਹਤ ਵਿਭਾਗ ਗੰਭੀਰ ਹੋ ਗਿਆ ਹੈ। ਵਿਭਾਗ ਵੱਲੋਂ ਸੂਬੇ ਦੇ ਸਮੂਹ ਸਿਵਲ ਸਰਜਨਾਂ ਨੂੰ ਪੱਤਰ ਜਾਰੀ ਕਰਕੇ ਨਿਰਦੇਸ਼ ਦਿੱਤੇ ਗਏ ਹਨ ਕਿ ਗਰਭਵਤੀ ਮਹਿਲਾਵਾਂ ਦੇ ਜਣੇਪੇ ਤੋਂ ਪਹਿਲਾਂ ਕੋਰੋਨਾ ਸਬੰਧੀ ਟੈਸਟ ਕਰਵਾਏ ਜਾਣ ਅਤੇ ਜਿਹੜੀਆਂ ਮਹਿਲਾਵਾਂ ਕੋਰੋਨਾ ਦੇ ਵਧੇਰੇ ਖੇਤਰਾਂ 'ਚ ਰਹਿੰਦੀਆਂ ਹਨ, ਉਨ੍ਹਾਂ ਦਾ ਖਾਸ ਧਿਆਨ ਰੱਖਿਆ ਜਾਵੇ। ਜਾਣਕਾਰੀ ਮੁਤਾਬਕ ਪੰਜਾਬ 'ਚ ਕੋਰੋਨਾ ਵਾਇਰਸ ਦੇ ਦਿਨੋਂ ਦਿਨ ਕੇਸ ਵੱਧ ਰਹੇ ਹਨ। ਬੱਚਿਆਂ ਤੋਂ ਲੈ ਕੇ ਬਜ਼ੁਰਗ ਤੱਕ ਇਸ ਵਾਇਰਸ ਦੀ ਜਕੜ 'ਚ ਆ ਰਹੇ ਹਨ। ਸਿਹਤ ਵਿਭਾਗ ਵੱਲੋਂ ਗਰਭਵਤੀ ਮਹਿਲਾਵਾਂ ਨੂੰ ਕੋਰੋਨਾ ਤੋਂ ਬਚਾਉਣ ਲਈ ਵਿਸ਼ੇਸ਼ ਯੋਜਨਾ ਬਣਾਈ ਗਈ ਹੈ। ਯੋਜਨਾ ਤਹਿਤ ਡਿਲਵਰੀ ਤੋਂ ਪਹਿਲਾਂ ਹਰ ਇਕ ਮਹਿਲਾ ਦਾ ਕੋਰੋਨਾ ਸਬੰਧੀ ਟੈਸਟ ਕਰਵਾਉਣਾ ਲਾਜ਼ਮੀ ਰੱਖਿਆ ਗਿਆ ਹੈ।
ਵਿਭਾਗ ਦੇ ਅਨੁਸਾਰ ਜਿਹੜੇ ਖੇਤਰਾ 'ਚ ਕੋਰੋਨਾ ਦੇ ਜ਼ਿਆਦਾ ਕੇਸ ਆ ਰਹੇ ਹਨ। ਉਨ੍ਹਾਂ ਖੇਤਰਾਂ 'ਚੋਂ ਗਰਭਵਤੀ ਮਹਿਲਾਵਾਂ ਨੂੰ ਸੁਰੱਖਿਅਤ ਥਾਵਾਂ 'ਤੇ ਭੇਜਣ ਅਤੇ ਉਨ੍ਹਾਂ ਦਾ ਧਿਆਨ ਰੱਖਣ ਦੇ ਲਈ ਸਿਵਲ ਸਰਜਨਾਂ ਨੂੰ ਆਸ਼ਾ ਅਤੇ ਏ. ਐਡ. ਐਮ. ਦੀ ਡਿਊਟੀ ਲਗਾਉਣ ਲਈ ਕਿਹਾ ਗਿਆ ਹੈ। ਡਾਇਰੈਕਟਰ ਹੈਲਥ ਅਤੇ ਫੈਮਲੀ ਵੈਲਫੇਅਰ ਡਾ. ਪ੍ਰਭਦੀਪ ਕੌਰ ਜੌਹਲ ਨੇ ਦੱਸਿਆ ਕਿ ਸਿਹਤ ਵਿਭਾਗ ਜੱਚਾ ਅਤੇ ਬੱਚਾ ਦੀ ਸਿਹਤ ਨੂੰ ਲੈ ਕੇ ਪੂਰੀ ਮੁਸਤੈਦੀ ਨਾਲ ਕੰਮ ਕਰ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਕੋਰੋਨਾ ਦੀ ਮਹਾਮਾਰੀ ਦੌਰਾਨ ਗਰਭਵਤੀ ਮਹਿਲਾਵਾਂ ਦਾ ਖਾਸ ਧਿਆਨ ਰੱਖਿਆ ਜਾਵੇ। ਸੂਬੇ ਦੇ ਸਮੂਹ ਸਿਵਲ ਸਰਜਨਾਂ ਨੂੰ ਸਰਕਾਰ ਦੇ ਨਿਰਦੇਸ਼ਾਂ ਸਬੰਧੀ ਜਾਣੂ ਕਰਵਾਇਆ ਜਾ ਰਿਹਾ ਹੈ। ਸਿਵਲ ਸਰਜਨ ਡਾ. ਜੁਗਲ ਕਿਸ਼ੋਰ ਨੇ ਕਿਹਾ ਕਿ ਗਰਭਵਤੀ ਮਹਿਲਾਵਾਂ ਦੇ ਟੈਸਟ ਕਰਵਾਉਣ ਲਈ ਰੂਪ ਰੇਖਾ ਉਲੀਕੀ ਜਾ ਰਹੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਸਰਕਾਰ ਦੇ ਆਦੇਸ਼ਾਂ ਦੀ ਇਨ-ਬਿਨ ਪਾਲਣਾ ਕਰਵਾਈ ਜਾਵੇਗੀ।