ਸਿਹਤ ਵਿਭਾਗ ਦੀ ਟੀਮ ਵੱਲੋਂ ਰੋਕੀ ਗਈ ਘਰ ’ਚ ਹੋਣ ਜਾ ਰਹੀ ਡਿਲੀਵਰੀ

Monday, Jul 01, 2024 - 05:15 PM (IST)

ਸਿਹਤ ਵਿਭਾਗ ਦੀ ਟੀਮ ਵੱਲੋਂ ਰੋਕੀ ਗਈ ਘਰ ’ਚ ਹੋਣ ਜਾ ਰਹੀ ਡਿਲੀਵਰੀ

ਮਮਦੋਟ (ਸ਼ਰਮਾ) : ਘਰਾਂ 'ਚ ਹੋ ਰਹੇ ਜਣੇਪੇ ਨੂੰ ਰੋਕਣ ਲਈ ਸਿਹਤ ਵਿਭਾਗ ਵੱਲੋਂ ਹਰ ਤਰ੍ਹਾਂ ਦੀਆਂ ਸੰਭਵ ਕੋਸ਼ਿਸ਼ਾਂ ਕਰਦਿਆਂ ਗਰਭਵਤੀ ਔਰਤਾਂ ਅਤੇ ਪਰਿਵਾਰਿਕ ਮੈਂਬਰਾਂ ਨੂੰ ਜੱਚਾ-ਬੱਚਾ ਦੀ ਤੰਦਰੁਸਤੀ ਲਈ ਸਰਕਾਰੀ ਹਸਪਤਾਲ ’ਚ ਜਣੇਪਾ ਕਰਵਾਉਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਉੱਥੇ ਹੀ ਦਾਈਆਂ ਨੂੰ ਸਖ਼ਤ ਤਾੜਨਾ ਕੀਤੀ ਜਾ ਰਹੀ ਹੈ ਤਾਂ ਜੋ ਘਰਾਂ 'ਚ ਹੋ ਰਹੇ ਜਣੇਪੇ ਨੂੰ ਰੋਕਿਆ ਜਾ ਸਕੇ। ਇਸ ਦੇ ਚੱਲਦਿਆਂ ਹੀ ਮਮਦੋਟ ਵਿਖੇ ਗਰਭਵਤੀ ਦੀ ਡਿਲੀਵਰੀ ਦਾ ਕੇਸ ਦਾਈ ਵੱਲੋਂ ਕੀਤੇ ਜਾਣ ਦਾ ਇਲਮ ਲੱਗਦਿਆਂ ਹੀ ਸਿਹਤ ਵਿਭਾਗ ਦੀ ਟੀਮ ਨੇ ਡਾ. ਰਮਨ ਗੁਪਤਾ ਐੱਸ. ਐੱਮ. ਓ. ਦੇ ਦਿਸ਼ਾ-ਨਿਰਦੇਸ਼ਾਂ ’ਤੇ ਡਾ. ਰੇਖਾ ਭੱਟੀ ਮੈਡੀਕਲ ਅਫ਼ਸਰ ਦੀ ਅਗਵਾਈ ਹੇਠ ਉਕਤ ਦਾਈ ਦੇ ਘਰ ਪਹੁੰਚ ਕੀਤੀ।

ਟੀਮ ਨੇ ਗਰਭਵਤੀ ਔਰਤ ਦੇ ਪਰਿਵਾਰ ਨਾਲ ਰਾਬਤਾ ਕਾਇਮ ਕੀਤਾ ਅਤੇ ਗਰਭਵਤੀ ਨੂੰ ਉਸ ਦੀ ਸਿਹਤ ਅਤੇ ਹੋਣ ਵਾਲੇ ਬੱਚੇ ਦੀ ਸਿਹਤ ਪ੍ਰਤੀ ਜਾਣੂੰ ਕਰਵਾਇਆ। ਸਿਹਤ ਵਿਭਾਗ ਦੀ ਟੀਮ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਗਰਭਵਤੀ ਔਰਤ ਨੂੰ ਸਰਕਾਰੀ ਹਸਪਤਾਲ ਵਿਖੇ 108 ਐਂਬੂਲੈਸ ਬੁਲਾ ਕੇ ਸ਼ਿਫਟ ਕਰਵਾਇਆ ਗਿਆ। ਉੱਥੇ ਦਾਈ ਨੂੰ ਸਿਹਤ ਅਮਲੇ ਨਾਲ ਸਹਿਯੋਗ ਕਰਨ ਦੀ ਹਦਾਇਤ ਕੀਤੀ ਤਾਂ ਜੋ ਘਰ 'ਚ ਜਣੇਪੇ ਨੂੰ ਰੋਕਿਆ ਜਾ ਸਕੇ। ਡਾ. ਰੇਖਾ ਮੈਡੀਕਲ ਅਫ਼ਸਰ ਨੇ ਕਿਹਾ ਕਿ ਸਰਕਾਰਾਂ ਵੱਲੋਂ ਸਖ਼ਤ ਕਾਨੂੰਨ ਵੀ ਬਣਾਏ ਗਏ ਹਨ ਅਤੇ ਸਮੇਂ-ਸਮੇਂ ’ਤੇ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਵੀ ਕੀਤਾ ਜਾ ਰਿਹਾ ਹੈ ਪਰ ਫਿਰ ਵੀ ਘਰ ’ਚ ਡਿਲੀਵਰੀਆਂ ਹੋ ਰਹੀਆਂ ਹਨ, ਜਿਸ ਨੂੰ ਰੋਕਣ ਲਈ ਸਿਹਤ ਅਮਲਾ ਤੱਤਪਰ ਹੈ।

ਉਨ੍ਹਾਂ ਕਿਹਾ ਕਿ ਸਬੰਧਿਤ ਦਾਈ ਨੂੰ ਵੀ ਹਦਾਇਤ ਕੀਤੀ ਗਈ ਕਿ ਉਹ ਭਵਿੱਖ ’ਚ ਜੱਚਾ-ਬੱਚਾ ਦੀ ਸਿਹਤ ਨੂੰ ਦੇਖਦੇ ਹੋਏ ਕਦੇ ਵੀ ਘਰ ’ਚ ਡਿਲੀਵਰੀ ਨਾ ਕਰੇ। ਡਾ. ਰੇਖਾ ਭੱਟੀ ਨੇ ਦਸਿਆ ਕਿ ਸਿਹਤ ਨੂੰ ਧਿਆਨ ’ਚ ਰੱਖਦੇ ਹੋਏ ਜਿੱਥੇ ਸਰਕਾਰੀ ਹਸਪਤਾਲਾਂ ’ਚ ਮਾਹਰ ਡਾਕਟਰਾਂ ਵੱਲੋਂ ਗਰਭਵਤੀ ਔਰਤਾਂ ਦਾ ਮੁਫ਼ਤ ਇਲਾਜ ਕੀਤਾ ਜਾਂਦਾ ਹੈ, ਉੱਥੇ ਪਿੰਡਾਂ ’ਚ ਕੰਮ ਕਰਦੇ ਡਾਕਟਰ ਅਤੇ ਪੈਰਾ ਮੈਡੀਕਲ ਸਟਾਫ਼ ਸਮੇਤ ਆਸ਼ਾ ਵਰਕਰਾਂ ਵੱਲੋਂ ਸਮੇਂ-ਸਮੇਂ ’ਤੇ ਗਰਭਵਤੀ ਔਰਤ ਦੇ ਘਰ ਪੁੱਜ ਕੇ ਉਸ ਦੀ ਅਤੇ ਉਸ ਦੇ ਹੋਣ ਵਾਲੇ ਬੱਚੇ ਦੀ ਤੰਦਰੁਸਤੀ ਲਈ ਚੈੱਕਅਪ ਕਰ ਕੇ ਦਵਾਈਆਂ ਆਦਿ ਮੁਹੱਈਆ ਕਰਵਾਈਆਂ ਜਾਂਦੀਆਂ ਹਨ।

ਇਸ ਮੌਕੇ ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਸਮੂਹ ਸਿਹਤ ਕੇਂਦਰਾਂ ’ਚ ਮਾਹਰ ਡਾਕਟਰਾਂ ਵੱਲੋਂ ਆਧੁਨਿਕ ਮਸ਼ੀਨਾਂ ਨਾਲ ਹਸਪਤਾਲ ’ਚ ਆਉਂਦੇ ਮਰੀਜ਼ਾਂ ਦਾ ਇਲਾਜ ਕੀਤਾ ਜਾਂਦਾ ਹੈ। ਡਿਲੀਵਰੀ ਕੇਸ ਬਾਰੇ ਵਿਚਾਰ ਸਾਂਝੇ ਕਰਦਿਆਂ ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਜੱਚਾ-ਬੱਚਾ ਦੀ ਤੰਦਰੁਸਤੀ ਲਈ ਸਿਹਤ ਵਿਭਾਗ ਵੱਲੋਂ ਅਨੇਕਾਂ ਪ੍ਰਬੰਧ ਕੀਤੇ ਜਾਂਦੇ ਹਨ ਅਤੇ ਮਾਹਰ ਡਾਕਟਰਾਂ ਵੱਲੋਂ ਹਰ ਤਰ੍ਹਾਂ ਸਾਵਧਾਨੀ ਵਰਤਦਿਆਂ ਡਿਲੀਵਰੀ ਕੇਸ ਨੂੰ ਨੇਪਰੇ ਚਾੜ੍ਹਿਆ ਜਾਂਦਾ ਹੈ। ਬੱਚੇ ਦੇ ਜਨਮ ਤੋਂ ਬਾਅਦ ਵੀ ਜੱਚਾ-ਬੱਚਾ ਦੀ ਤੰਦਰੁਸਤੀ ਲਈ ਸਿਹਤ ਵਿਭਾਗ ਵੱਲੋਂ ਲੋੜ ਅਨੁਸਾਰ ਵਸਤਾਂ ਮੁਹੱਈਆ ਕਰਵਾਉਣ ਦੇ ਨਾਲ-ਨਾਲ ਬੱਚੇ ਨੂੰ ਲੱਗਣ ਵਾਲੇ ਟੀਕਾਕਰਨ ਤੋਂ ਜਾਣੂੰ ਕਰਵਾਇਆ ਜਾਂਦਾ ਹੈ ਅਤੇ ਬੱਚੇ ਨੂੰ ਹੋਣ ਵਾਲੀਆਂ ਬੀਮਾਰੀਆਂ ਤੋਂ ਬਚਾਓ ਲਈ ਯਤਨ ਕੀਤੇ ਜਾਂਦੇ ਹਨ।
 


author

Babita

Content Editor

Related News