ਸਹੁਰੇ ਪਰਿਵਾਰ ਵੱਲੋਂ ਤੰਗ ਕਰਨ ’ਤੇ ਗਰਭ ’ਚ ਪਲ ਰਹੀ ਬੱਚੀ ਦੀ ਮੌਤ
Sunday, Mar 24, 2024 - 01:17 PM (IST)
ਜੋਧਾਂ (ਜ.ਬ.) : ਪੁਲਸ ਥਾਣਾ ਜੋਧਾਂ ਵਿਖੇ ਗਰਭਪਤੀ ਔਰਤ ਨੂੰ ਸਹੁਰੇ ਪਰਿਵਾਰ ਦੇ ਮੈਂਬਰਾਂ ਵਲੋਂ ਤੰਗ-ਪਰੇਸ਼ਾਨ ਕਰਨ ’ਤੇ ਗਰਭ ’ਚ ਪਲ ਰਹੀ ਬੱਚੀ ਦੀ ਮੌਤ ਹੋ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ। ਇਸ ਸਬੰਧੀ ਗੱਲ ਕਰਦਿਆਂ ਪੀੜਤ ਔਰਤ ਸੰਦੀਪ ਕੌਰ ਪੁੱਤਰੀ ਬਲਦੇਵ ਸਿੰਘ ਵਾਸੀ ਜੱਸੋਵਾਲ ਨੇ ਦੱਸਿਆ ਕਿ ਉਸ ਦਾ ਵਿਆਹ ਪਿਛਲੇ ਸਾਲ ਮਈ ਮਹੀਨੇ ’ਚ ਰਾਜਦੀਪ ਸਿੰਘ ਪੁੱਤਰ ਜਗਪਾਲ ਸਿੰਘ ਵਾਸੀ ਗੁੱਜਰਵਾਲ ਨਾਲ ਹੋਇਆ ਸੀ, ਵਿਆਹ ਤੋਂ ਕੁੱਝ ਸਮਾਂ ਬਾਅਦ ਹੀ ਸਹੁਰਾ ਪਰਿਵਾਰ ਵਾਲਿਆਂ ਵਲੋਂ ਤੰਗ ਕੀਤਾ ਜਾਣ ਲੱਗਾ।
ਉਸ ਦੇ ਗਰਭਵਤੀ ਹੋਣ ਦੇ ਬਾਵਜੂਦ ਵੀ ਸਹੁਰਾ ਪਰਿਵਾਰ ਵਲੋਂ ਉਸ ਕੋਲੋਂ ਘਰ ਦਾ ਕੰਮ ਕਰਵਾਇਆ ਜਾਣ ਲੱਗਾ। ਸੰਦੀਪ ਕੌਰ ਦਾ ਕਹਿਣਾ ਹੈ ਕਿ ਮੇਰੇ ਵਾਰ-ਵਾਰ ਕਹਿਣ 'ਤੇ ਮੈਨੂੰ ਪੀਲੀਆ ਹੋਣ ਕਾਰਨ ਡਾਕਟਰੀ ਇਲਾਜ ਲਈ ਲੁਧਿਆਣਾ ਦੇ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ। ਹਸਪਤਾਲ ਤੋਂ ਛੁੱਟੀ ਮਿਲਣ ’ਤੇ ਮੈਂ ਆਪਣੇ ਸਹੁਰੇ ਘਰ ਗੁੱਜਰਵਾਲ ਚਲੀ ਗਈ। ਉਸ ਤੋਂ ਬਾਅਦ ਵੀ ਸਹੁਰਾ ਪਰਿਵਾਰ ਵਲੋਂ ਹਸਪਤਾਲ ’ਚ ਇਲਾਜ ’ਤੇ ਖ਼ਰਚ ਆਏ ਪੈਸੇ ਮੰਗ ਰਹੇ ਹਨ।
ਸਹੁਰਿਆਂ ਵਲੋਂ ਦਿੱਤੀ ਜਾਂਦੀ ਪਰੇਸ਼ਾਨੀ ਕਾਰਨ ਬੀਮਾਰ ਰਹਿਣ ਕਾਰਨ ਉਸ ਦੇ ਢਿੱਡ ’ਚ ਪਲ ਰਹੀਆਂ 2 ਧੀਆਂ ’ਚੋਂ ਇਕ ਦੀ ਮੌਤ ਹੋ ਗਈ। ਪੀੜਤ ਔਰਤ ਸੰਦੀਪ ਕੌਰ ਵਾਸੀ ਜੱਸੋਵਾਲ ਦੇ ਬਿਆਨਾਂ ’ਤੇ ਪਤੀ ਰਾਜਦੀਪ ਸਿੰਘ, ਸਹੁਰਾ ਜਗਪਾਲ ਸਿੰਘ ਅਤੇ ਸੱਸ ਕਰਮਜੀਤ ਕੌਰ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਜਾਂਚ ਅਧਿਕਾਰੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਰਾਜਦੀਪ ਸਿੰਘ, ਜਗਪਾਲ ਸਿੰਘ ਅਤੇ ਕਰਮਜੀਤ ਕੌਰ ਦੀ ਗ੍ਰਿਫ਼ਤਾਰੀ ਲਈ ਪੁਲਸ ਵਿਭਾਗ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਤਿੰਨੋਂ ਹੀ ਮੁਲਜ਼ਮ ਅਜੇ ਪੁਲਸ ਦੀ ਗ੍ਰਿਫ਼ਤ ’ਚੋਂ ਬਾਹਰ ਦੱਸੇ ਜਾਂਦੇ ਹਨ।