ਗਰਭਵਤੀ ਪਤਨੀ ਨੂੰ ਹਸਪਤਾਲ ਲਿਜਾਂਦੇ ਨੌਜਵਾਨ ਦੀ ਪੁਲਸ ਵਲੋਂ ਕੁੱਟ-ਮਾਰ (ਵੀਡੀਓ)
Thursday, Mar 26, 2020 - 04:37 PM (IST)
ਅੰਮ੍ਰਿਤਸਰ ( ਸੰਜੀਵ ) - ਕੋਰੋਨਾ ਵਾਇਰਸ ਤੋਂ ਲੋਕਾਂ ਨੂੰ ਬਚਾਉਣ ਲਈ ਬੇਸ਼ੱਕ ਪੰਜਾਬ ਪੁਲਸ ਦਿਨ-ਰਾਤ ਸਰਗਰਮੀ ਨਾਲ ਡਿਊਟੀ ਕਰ ਰਹੀ ਹੈ ਪਰ ਕੁਝ ਪੁਲਸ ਮੁਲਾਜ਼ਮ ਅਜਿਹੇ ਵੀ ਹਨ, ਜੋ ਮਜਬੂਰ ਸ਼ਹਿਰ ਵਾਸੀਆਂ ਨਾਲ ਧੱਕੇਸ਼ਾਹੀ ਕਰ ਰਹੇ ਹਨ। ਅੰਮ੍ਰਿਤਸਰ ਦੇ ਗੁਰੂ ਰਾਮਦਾਸ ਨਗਰ ’ਚ ਕਰਫਿਊ ਦੇ ਸਮੇਂ ਇਕ ਪਰਿਵਾਰ ਨੂੰ ਉਸ ਸਮੇਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਜਦੋਂ ਇਕ ਨੌਜਵਾਨ ਆਪਣੀ 8 ਮਹੀਨੇ ਦੀ ਗਰਭਵਤੀ ਪਤਨੀ ਦਾ ਇਲਾਜ ਕਰਵਾਉਣ ਲਈ ਉਸ ਨੂੰ ਹਸਪਤਾਲ ਲੈ ਕੇ ਜਾ ਰਿਹਾ ਸੀ। ਰਾਸਤੇ ’ਚ ਤਾਇਨਾਤ ਕੀਤੇ ਪੁਲਸ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਰੋਕ ਕੇ ਨੌਜਵਾਨ ਦੀ ਬੜੇ ਬੇਰਹਿਮੀ ਨਾਲ ਕੁੱਟਮਾਰ ਕੀਤੀ।
ਪੜ੍ਹੋ ਇਹ ਵੀ ਖਬਰ - ਪਹਿਲਾਂ ਪਤਨੀ ਦਾ ਕੁਹਾੜੀ ਮਾਰ ਕੀਤਾ ਕਤਲ, ਫਿਰ ਲੈ ਲਿਆ ਫਾਹਾ (ਤਸਵੀਰਾਂ)
ਇਸ ਦੌਰਾਨ ਜਦੋਂ ਨੌਜਵਾਨ ਨੇ ਪੁਲਸ ਨੂੰ ਕਿਹਾ ਕਿ ਉਹ ਘਰ ਜਾ ਕੇ ਆਪਣੀ ਪਤਨੀ ਦੀ ਬਾਕੀ ਰਿਪੋਰਟ ਵੀ ਦਿਖਾ ਸਕਦਾ ਹੈ ਤਾਂ ਪੁਲਸ ਮੁਲਾਜ਼ਮ ਉਸ ਦੇ ਨਾਲ ਘਰ ਚਲੇ ਗਏ, ਜਿਥੇ ਜਾ ਕੇ ਉਨ੍ਹਾਂ ਕਾਫੀ ਬਹਿਸ ਕਰਨ ਤੋਂ ਬਾਅਦ ਨੌਜਵਾਨ ਨੂੰ ਘਰ ਤੋਂ ਬਾਹਰ ਲੈ ਗਏ। ਘਰੋਂ ਬਾਹਰ ਲੈ ਜਾਣ ’ਤੇ ਉਨ੍ਹਾਂ ਸੜਕ ’ਤੇ ਉਸ ਦੀ ਮੁੜ ਤੋਂ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ, ਜਿਸ ਕਾਰਨ ਉਸ ਦੇ ਨੱਕ ਦੀ ਹੱਡੀ ਟੁੱਟ ਗਈ। ਪੁਲਸ ਵਲੋਂ ਨੌਜਵਾਨ ਨਾਲ ਕੀਤੀ ਗਈ ਕੁੱਟਮਾਰ ਦੀ ਇਹ ਸਾਰੀ ਘਟਨਾ ਉਥੇ ਲੱਗੇ ਸੀ.ਸੀ.ਟੀ.ਵੀ ਕੈਮਰੇ ’ਚ ਕੈਦ ਹੋ ਗਈ। ਕੁੱਟਮਾਰ ਕਾਰਨ ਗੰਭੀਰ ਤੌਰ ’ਤੇ ਜ਼ਖਮੀ ਹੋਏ ਨੌਜਵਾਨ ਨੂੰ ਉਸ ਦੇ ਪਰਿਵਾਰ ਨੇ ਇਲਾਜ ਲਈ ਹਸਪਤਾਲ ਦਾਖਲ ਕਰਵਾ ਦਿੱਤਾ।
ਘਟਨਾ ਦੀ ਸੂਚਨਾ ਮਿਲਣ ’ਤੇ ਮੌਕੇ ’ਤੇ ਪੁੱਜੇ ਪੁਲਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਨੇ ਕਿਹਾ ਕਿ ਇਸ ਤਰ੍ਹਾਂ ਨਾਲ ਨੌਜਵਾਨ ਦੀ ਕੁੱਟਮਾਰ ਕਰਨਾ ਗਲਤ ਹੈ। ਇਸ ਮਾਮਲੇ ਦੀ ਜਾਂਚ ਕਰਦੇ ਹੋਏ ਉਹ ਕਾਰਵਾਈ ਕਰਨਗੇ। ਦੱਸ ਦੇਈਏ ਕਿ ਕੋਰੋਨਾ ਵਾਇਰਸ ਨਾਂ ਦੀ ਭਿਆਨਕ ਬੀਮਾਰੀ ਦੇ ਕਾਰਨ ਪੂਰੇ ਦੇਸ਼ ’ਚ 21 ਦਿਨ ਤੱਕ ਕਰਫਿਊ ਜਾਰੀ ਕਰ ਦਿੱਤਾ ਗਿਆ ਹੈ। ਕਰਫਿਊ ਮੌਕੇ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਤਾਇਨਾਤ ਕੀਤੀ ਪੁਲਸ ਹੀ ਜੇਕਰ ਲੋਕਾਂ ਨਾਲ ਅਜਿਹਾ ਵਿਵਹਾਰ ਕਰੇਗੀ ਤਾਂ ਲੋਕਾਂ ਦੀ ਸੁਰੱਖਿਆ ਕੌਣ ਕਰੇਗਾ। ਹੁਣ ਦੇਖਣਾ ਇਹ ਹੋਵੇਗਾ ਕਿ ਪੁਲਸ ਨੇ ਇਸ ਵਿਵਹਾਰ ’ਤੇ ਪੁਲਸ ਦੇ ਉੱਚ ਅਧਿਕਾਰੀ ਕਾਰਵਾਈ ਕਰਦੇ ਹਨ ਜਾਂ ਨਹੀਂ।