ਗਰਭਵਤੀ ਮਾਵਾਂ ਤੇ ਬੱਚਿਆਂ ਦੇ ਪੌਸ਼ਟਿਕ ਆਹਾਰ ''ਤੇ ਖਰਚੇ 81.54 ਲੱਖ
Monday, Sep 25, 2017 - 09:56 AM (IST)
ਮੋਹਾਲੀ (ਨਿਆਮੀਆਂ) : ਮੋਹਾਲੀ ਜ਼ਿਲੇ 'ਚ ਔਰਤਾਂ ਤੇ ਬੱਚਿਆਂ ਦੇ ਵਿਕਾਸ ਅਤੇ ਭਲਾਈ ਨਾਲ ਸਬੰਧਿਤ ਸਕੀਮ ਅਧੀਨ ਜ਼ਿਲੇ 'ਚ ਗਰਭਵਤੀ ਮਾਵਾਂ ਤੇ ਛੋਟੀ ਉਮਰ ਦੇ ਬੱਚਿਆਂ ਨੂੰ ਪੌਸ਼ਟਿਕ ਆਹਾਰ ਦੇਣ ਲਈ ਸਪਲੀਮੈਂਟਰੀ ਨਿਊਟ੍ਰੀਸ਼ੀਅਨ ਪ੍ਰੋਗਰਾਮ ਤਹਿਤ ਇਸ ਸਾਲ 81 ਲੱਖ 54 ਹਜ਼ਾਰ ਰੁਪਏ ਖਰਚ ਕੀਤੇ ਜਾ ਚੁੱਕੇ ਹਨ। ਇਸ ਗੱਲ ਦੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਨੇ ਦੱਸਿਆ ਕਿ ਜ਼ਿਲੇ 'ਚ ਪਿੰਡਾਂ, ਕਸਬਿਆਂ ਤੇ ਸ਼ਹਿਰਾਂ ਵਿਚ ਕੁੱਲ 614 ਆਂਗਣਵਾੜੀ ਕੇਂਦਰ ਕੰਮ ਕਰ ਰਹੇ ਹਨ, ਜਿਨ੍ਹਾਂ 'ਚ 614 ਆਂਗਣਵਾੜੀ ਵਰਕਰ ਤਾਇਨਾਤ ਹਨ ਤੇ ਇਸ ਤੋਂ ਇਲਾਵਾ 22 ਸੁਪਰਵਾਈਜ਼ਰ ਵੀ ਆਪਣੀ ਡਿਊਟੀ ਨਿਭਾਅ ਰਹੇ ਹਨ। ਉਨ੍ਹਾਂ ਦੱਸਿਆ ਕਿ ਹੁਣ ਤਕ ਜ਼ਿਲੇ 'ਚ ਆਂਗਣਵਾੜੀ ਕੇਂਦਰਾਂ ਰਾਹੀਂ 19 ਹਜ਼ਾਰ 318 ਬੱਚੇ ਪੌਸ਼ਟਿਕ ਆਹਾਰ ਪ੍ਰਾਪਤ ਕਰ ਰਹੇ ਹਨ। ਸਪਰਾ ਨੇ ਦੱਸਿਆ ਕਿ ਜ਼ਿਲੇ ਦੇ ਆਂਗਣਵਾੜੀ ਕੇਂਦਰਾਂ ਰਾਹੀਂ 6 ਮਹੀਨਿਆਂ ਤੋਂ 6 ਸਾਲਾਂ ਦੇ 28 ਹਜ਼ਾਰ 611, 6 ਮਹੀਨਿਆਂ ਤੋਂ 3 ਸਾਲਾਂ ਦੇ 12 ਹਜ਼ਾਰ 708 ਤੇ 3 ਤੋਂ 6 ਸਾਲ ਦੇ 6610 ਬੱਚਿਆਂ ਨੂੰ ਪੌਸ਼ਟਿਕ ਆਹਾਰ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ 3 ਤੋਂ 6 ਸਾਲ ਦੇ ਬੱਚਿਆਂ ਨੂੰ 6 ਰੁਪਏ ਪ੍ਰਤੀ ਬੱਚਾ ਤੇ ਗਰਭਵਤੀ ਔਰਤਾਂ ਨੂੰ 7 ਰੁਪਏ ਪ੍ਰਤੀ ਮਾਂ, ਕੁਪੋਸ਼ਿਤ ਬੱਚਿਆਂ ਲਈ 9 ਰੁਪਏ ਪ੍ਰਤੀ ਬੱਚਿਆਂ ਨੂੰ ਸਪਲੀਮੈਂਟਰੀ ਨਿਊਟ੍ਰੀਸ਼ੀਅਨ ਸਕੀਮ ਅਧੀਨ ਫੀਡ ਦਿੱਤੀ ਜਾਂਦੀ ਹੈ।
ਉਨ੍ਹਾਂ ਦੱਸਿਆ ਕਿ ਬੱਚਿਆਂ ਨੂੰ ਸਾਲ ਵਿਚ 300 ਦਿਨ ਪੌਸ਼ਟਿਕ ਆਹਾਰ, ਜਿਸ ਵਿਚ ਗਿਜਾਈ ਵਸਤੂਆਂ ਵਿਚ ਦਲੀਆਂ, ਪੰਜੀਰੀ, ਮਿੱਠੇ ਚਾਵਲ ਆਦਿ ਦਿੱਤੇ ਜਾਂਦੇ ਹਨ ਤਾਂ ਜੋ ਬੱਚੇ ਸਿਹਤ ਪੱਖੋਂ ਤੰਦਰੁਸਤ ਰਹਿ ਸਕਣ। ਉਨ੍ਹਾਂ ਦੱਸਿਆ ਕਿ ਆਂਗਣਵਾੜੀ ਵਰਕਰਾਂ ਰਾਹੀਂ ਗਰਭਵਤੀ ਤੇ ਨਰਸਿੰਗ ਮਦਰਜ਼, ਜਿਨ੍ਹਾਂ ਦੀ ਕੁੱਲ ਗਿਣਤੀ 8175 ਹੈ ਤੇ ਇਨ੍ਹਾਂ ਵਿਚੋਂ 5515 ਨੂੰ 300 ਦਿਨ 7 ਰੁਪਏ ਪ੍ਰਤੀ ਦਿਨ ਫੀਡ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਆਂਗਣਵਾੜੀ ਕੇਂਦਰਾਂ ਰਾਹੀਂ ਜਿਥੇ ਬੱਚਿਆਂ ਦੀ ਸਾਂਭ-ਸੰਭਾਲ ਤੇ ਉਨ੍ਹਾਂ ਨੂੰ ਪੌਸ਼ਟਿਕ ਆਹਾਰ ਦੇਣ ਸਬੰਧੀ ਮਾਵਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ, ਉਥੇ ਹੀ ਗਰਭਵਤੀਆਂ ਨੂੰ ਆਪਣੀ ਸਿਹਤ ਸੰਭਾਲ ਬਾਰੇ ਵੀ ਜਾਣਕਾਰੀ ਦਿੱਤੀ ਜਾਂਦੀ ਹੈ। ਸਪਰਾ ਨੇ ਦੱਸਿਆ ਕਿ ਜ਼ਿਲਾ ਸਿਹਤ ਵਿਭਾਗ ਰਾਹੀਂ ਗਰਭਵਤੀ ਔਰਤਾਂ ਦੀ ਰਜਿਸਟ੍ਰੇਸ਼ਨ ਨੂੰ 100 ਫੀਸਦੀ ਯਕੀਨੀ ਬਣਾਇਆ ਜਾ ਰਿਹਾ ਤੇ ਜ਼ਿਲੇ 'ਚ ਪਿੰਡ ਪੱਧਰ 'ਤੇ ਸੰਸਥਾਗਤ ਜਣੇਪਿਆਂ ਲਈ ਵੀ ਜਾਗਰੂਕ ਕੀਤਾ ਜਾਂਦਾ ਹੈ ਤਾਂ ਜੋ ਜੱਚਾ ਤੇ ਬੱਚਾ ਦੋਵੇਂ ਸੁਰੱਖਿਅਤ ਰਹਿ ਸਕਣ। ਇਸੇ ਤਰ੍ਹਾਂ 'ਜਨਨੀ ਸੁਰੱਕਸ਼ਾ ਯੋਜਨਾ' ਤਹਿਤ ਸਰਕਾਰੀ ਹਸਪਤਾਲਾਂ ਵਿਚ ਜਣੇਪਾ ਕਰਾਉਣ 'ਤੇ ਮਾਵਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ। ਸਪਰਾ ਨੇ ਦੱਸਿਆ ਕਿ ਜ਼ਿਲੇ 'ਚ ਰਾਸ਼ਟਰੀ ਬਾਲ ਸੁਰੱਕਸ਼ਾ ਭਲਾਈ ਸਕੀਮ ਤਹਿਤ ਜ਼ਿਲੇ ਦੇ ਸਕੂਲਾਂ ਵਿਚ ਬੱਚਿਆਂ ਦਾ ਮੈਡੀਕਲ ਚੈੱਕਅਪ ਕੀਤਾ ਜਾਂਦਾ ਹੈ ਤੇ ਇਸ ਲਈ ਮੋਬਾਇਲ ਹੈਲਥ ਟੀਮਾਂ ਬਣਾਈਆਂ ਗਈਆਂ ਹਨ ਜੋ ਕਿ ਬੱਚਿਆਂ ਨੂੰ ਸਿਹਤ ਸੇਵਾਵਾਂ ਮੁਹੱਈਆ ਕਰਵਾ ਰਹੀਆਂ ਹਨ।
