ਹੁਸ਼ਿਆਰਪੁਰ: ਸਹੁਰੇ ਪਰਿਵਾਰ ਤੋਂ ਦੁਖੀ ਹੋਈ 8 ਮਹੀਨਿਆਂ ਦੀ ਗਰਭਵਤੀ, ਲਗਾਇਆ ਮੌਤ ਨੂੰ ਗਲੇ

Wednesday, Oct 17, 2018 - 06:49 PM (IST)

ਹੁਸ਼ਿਆਰਪੁਰ: ਸਹੁਰੇ ਪਰਿਵਾਰ ਤੋਂ ਦੁਖੀ ਹੋਈ 8 ਮਹੀਨਿਆਂ ਦੀ ਗਰਭਵਤੀ, ਲਗਾਇਆ ਮੌਤ ਨੂੰ ਗਲੇ

ਹੁਸ਼ਿਆਰਪੁਰ (ਅਮਰਿੰਦਰ)— ਥਾਣਾ ਹਰਿਆਣਾ ਦੇ ਅਧੀਨ ਆਉਂਦੇ ਪਿੰਡ ਡਡਿਆਨਾ ਖੁਰਦ 'ਚ ਮੰਗਲਵਾਰ ਰਾਤ ਸਹੁਰੇ ਪਰਿਵਾਰ ਤੋਂ ਦੁਖੀ ਹੋ ਕੇ 8 ਮਹੀਨਿਆਂ ਦੀ ਗਰਭਵਤੀ ਮਹਿਲਾ ਨੇ ਜ਼ਹਿਰੀਲੀ ਦਵਾਈ ਨਿਗਲ ਕੇ ਖੁਦਕੁਸ਼ੀ ਕਰ ਲਈ। ਵਿਆਹੁਤਾ ਦੀ ਪਛਾਣ ਹਵਨਪ੍ਰੀਤ ਕੌਰ ਪੁੱਤਰੀ ਸਵ. ਰਛਪਾਲ ਸਿੰਘ ਵਾਸੀ ਕੰਗਮਾਈ ਦੇ ਰੂਪ 'ਚ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਮੰਗਲਵਾਰ ਰਾਤ ਹਵਨਪ੍ਰੀਤ ਦੀ ਹਾਲਤ ਨੂੰ ਖਰਾਬ ਹੁੰਦੇ ਦੇਖ ਸਹੁਰਾ ਪਰਿਵਾਰ ਗੁਪਤ ਤਰੀਕੇ ਨਾਲ ਉਸ ਨੂੰ ਹੁਸ਼ਿਆਰਪੁਰ ਦੇ ਇਕ ਨਿੱਜੀ ਹਸਪਤਾਲ ਲੈ ਕੇ ਪਹੁੰਚਿਆ, ਜਿੱਥੇ ਦੇਰ ਰਾਤ ਉਸ ਦੀ ਮੌਤ ਹੋ ਗਈ। ਸੂਚਨਾ ਪਾ ਕੇ ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਪੋਸਟਮਾਰਟਮ ਲਈ ਭੇਜਿਆ। ਪੇਕੇ ਪਰਿਵਾਰ ਦੀ ਸ਼ਿਕਾਇਤ 'ਤੇ ਹਰਿਆਣਾ ਪੁਲਸ ਨੇ ਪਤੀ, ਸੱਸ ਅਤੇ ਸਹੁਰੇ ਖਿਲਾਫ ਮਾਮਲਾ ਦਰਜ ਕਰਨ ਤੋਂ ਬਾਅਦ ਪਤੀ ਹਰਪ੍ਰੀਤ ਸਿੰਘ ਅਤੇ ਸੱਸ ਰੇਸ਼ਮ ਨੂੰ ਹਿਰਾਸਤ 'ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। 
 

PunjabKesari
 

ਜਾਣੋ ਕੀ ਹੈ ਪੂਰਾ ਮਾਮਲਾ 
ਸਿਵਲ ਹਸਪਤਾਲ ਕੰਪਲੈਕਸ 'ਚ ਪੇਕੇ ਪਰਿਵਾਰ ਨੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਵਨਪ੍ਰੀਤ ਦਾ ਵਿਆਹ 31 ਦਸੰਬਰ 2017 ਨੂੰ ਧੂਮਧਾਮ ਨਾਲ ਡਡਿਆਨਾ ਖੁਰਦ ਦੇ ਰਹਿਣ ਵਾਲੇ ਹਰਪ੍ਰੀਤ ਸਿੰਘ ਪੁੱਤਰ ਅਮਰਜੀਤ ਸਿੰਘ ਦੇ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਹੀ ਹਵਨਪ੍ਰੀਤ ਨੂੰ ਪਤੀ ਸਮੇਤ ਸੱਸ ਅਤੇ ਸਹੁਰਾ ਪੇਕੇ ਪਰਿਵਾਰ ਤੋਂ ਪੈਸੇ ਲੈ ਕੇ ਆਉਣ ਲਈ ਕਹਿੰਦੇ ਰਹਿੰਦੇ ਸਨ। ਇਸ ਦੇ ਨਾਲ ਹੀ ਉਸ ਦੀ ਕਈ ਵਾਰ ਕੁੱਟਮਾਰ ਵੀ ਕੀਤੀ ਗਈ ਸੀ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਮੰਗਲਵਾਰ ਵੀ ਹਵਨਪ੍ਰੀਤ ਦੀ ਕੁੱਟਮਾਰ ਕੀਤੀ ਗਈ ਸੀ, ਜਿਸ ਤੋਂ ਦੁਖੀ ਹੋ ਕੇ ਉਸ ਨੇ ਜ਼ਹਿਰੀਲੀ ਦਵਾਈ ਨਿਗਲ ਲਈ। ਇਹ ਹੀ ਨਹੀਂ ਹਵਨਪ੍ਰੀਤ ਦੀ ਹਾਲਤ ਨੂੰ ਵਿਗੜਦਾ ਦੇਖ ਬਿਨਾਂ ਪੇਕੇ ਪਰਿਵਾਰ ਨੂੰ ਦੱਸੇ ਸਹੁਰੇ ਪਰਿਵਾਰ ਵਾਲੇ ਹੁਸ਼ਿਆਰਪੁਰ ਲੈ ਕੇ ਪਹੁੰਚ ਗਏ। ਪੇਕੇ ਪਰਿਵਾਰ ਨੂੰ ਇਸ ਦੀ ਸੂਚਨਾ ਪਿੰਡ ਦੇ ਲੋਕਾਂ ਵੱਲੋਂ ਦਿੱਤੀ ਗਈ। 

PunjabKesari

ਕੀ ਕਹਿੰਦੀ ਹੈ ਹਰਿਆਣਾ ਪੁਲਸ 
ਸੰਪਰਕ ਕਰਨ 'ਤੇ ਥਾਣਾ ਹਰਿਆਣਾ 'ਚ ਤਾਇਨਾਤ ਜਾਂਚ ਅਧਿਕਾਰੀ ਏ. ਐੱਸ. ਆਈ. ਸਿਕੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਹਵਨਪ੍ਰੀਤ ਕੌਰ ਦੇ ਤਾਇਆ ਕ੍ਰਿਸ਼ਨ ਸਿੰਘ ਦੀ ਸ਼ਿਕਾਇਤ 'ਤੇ ਪੁਲਸ ਨੇ ਪਤੀ ਹਰਪ੍ਰੀਤ ਸਿੰਘ, ਸੱਸ ਰੇਸ਼ਮ ਕੌਰ ਅਤੇ ਸਹੁਰਾ ਅਵਤਾਰ ਸਿੰਘ ਖਿਲਾਫ ਧਾਰਾ 304 ਬੀ ਦੇ ਅਧੀਨ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਅੱਜ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਪੁਲਸ ਨੇ ਲਾਸ਼ ਪਰਿਵਾਰ ਵਾਲਿਆਂ ਦੇ ਹਵਾਲੇ ਕਰ ਦਿੱਤੀ, ਜਿੱਥੇ ਪਿੰਡ 'ਚ ਮਾਂ ਅਤੇ ਪੁੱਤ ਦੋਹਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।


author

shivani attri

Content Editor

Related News