ਪੰਜਵੀਂ ਕਲਾਸ ''ਚ ਪੜ੍ਹਨ ਵਾਲੇ ਪ੍ਰਭਜੋਤ ਨੇ ਖੁਦ ਰਚਿਆ ਸੀ ਅਗਵਾ ਹੋਣ ਦਾ ਡਰਾਮਾ, ਇਸ ਤਰ੍ਹਾਂ ਸਾਹਮਣੇ ਆਈ ਸੱਚਾਈ

Saturday, Aug 05, 2017 - 04:19 PM (IST)

ਰੂਪਨਗਰ (ਵਿਜੇ)-ਜ਼ਿਲਾ ਪੁਲਸ ਨੇ ਪੰਜਵੀਂ ਕਲਾਸ 'ਚ ਪੜ੍ਹਦੇ 11 ਸਾਲਾ ਬੱਚੇ ਵੱਲੋਂ ਅਗਵਾ ਹੋਣ ਦੇ ਨਾਟਕੀ ਢੰਗ ਨਾਲ ਰਚੇ ਡਰਾਮੇ ਦੀ ਅਸਲੀਅਤ ਦਾ 24 ਘੰਟੇ ਦੇ ਅੰਦਰ-ਅੰਦਰ ਪਤਾ ਲਗਾਉਣ 'ਚ ਸਫਲਤਾ ਹਾਸਲ ਕੀਤੀ ਹੈ। ਪੁਲਸ ਨੇ ਦੱਸਿਆ ਕਿ ਇਹ ਸਾਰਾ ਡਰਾਮਾ ਮੋਰਿੰਡਾ ਸਕੂਲ ਵਿਚ ਪੜ੍ਹਨ ਵਾਲੇ ਵਿਦਿਆਰਥੀ ਪ੍ਰਭਜੋਤ ਸਿੰਘ ਨੇ ਖੁਦ ਰਚਿਆ ਸੀ। ਇਹ ਜਾਣਕਾਰੀ ਦਿੰਦਿਆਂ ਰਾਜ ਬਚਨ ਸਿੰਘ ਸੰਧੂ ਸੀਨੀਅਰ ਕਪਤਾਨ ਪੁਲਸ ਰੂਪਨਗਰ ਨੇ ਦੱਸਿਆ ਕਿ 3 ਅਗਸਤ ਨੂੰ ਮਨਜੀਤ ਸਿੰਘ ਪੁੱਤਰ ਬੰਤਾ ਸਿੰਘ ਵਾਸੀ ਸਮਰਾਲਾ ਚੌਕ ਮੋਰਿੰਡਾ ਨੇ ਥਾਣਾ ਦਰਖਾਸਤ ਦਿੱਤੀ ਸੀ ਕਿ ਉਸ ਦਾ ਪੋਤਰਾ ਪ੍ਰਭਜੋਤ ਸਿੰਘ ਜੋ ਕਿ ਨੈਸ਼ਨਲ ਪਬਲਿਕ ਸਕੂਲ ਕੁਰਾਲੀ ਵਿਖੇ ਪੰਜਵੀਂ ਕਲਾਸ 'ਚ ਪੜ੍ਹਦਾ ਹੈ, ਹਰ ਰੋਜ਼ ਦੀ ਤਰ੍ਹਾਂ ਸਵੇਰੇ ਸਕੂਲ ਜਾਣ ਲਈ ਤਿਆਰ ਹੋ ਕੇ ਘਰੋਂ ਬਾਹਰ ਸਕੂਲ ਬੱਸ ਆਉਣ ਦੀ ਉਡੀਕ ਕਰ ਰਿਹਾ ਸੀ ਤਾਂ ਇਕ ਚਿੱਟੇ ਰੰਗ ਦੀ ਕਾਰ ਆਈ, ਜਿਸ 'ਚ ਚਾਰ ਮੋਨੇ ਬੰਦੇ ਸੀ, ਜੋ ਪ੍ਰਭਜੋਤ ਸਿੰਘ ਨੂੰ ਚੁੱਕ ਕੇ ਲੈ ਗਏ ਤੇ ਨਿਊ ਰੇਲਵੇ ਸਟੇਸ਼ਨ ਮੋਰਿੰਡਾ 'ਤੇ ਛੱਡ ਦਿੱਤਾ। ਜਿਸ ਸਬੰਧੀ ਮੁਕੱਦਮਾ ਦਰਜ ਕੀਤਾ ਗਿਆ ਤੇ ਇਸ ਘਟਨਾ ਨੂੰ ਬੜੀ ਸੰਜੀਦਗੀ ਨਾਲ ਲੈਂਦੇ ਹੋਏ, ਨਵਰੀਤ ਸਿੰਘ ਵਿਰਕ, ਪੀ.ਪੀ.ਐਸ. ਉੱਪ ਕਪਤਾਨ ਪੁਲਸ ਸ੍ਰੀ ਚਮਕੌਰ ਸਾਹਿਬ ਤੇ ਇੰਸਪੈਕਟਰ ਕੁਲਭੂਸ਼ਨ ਸ਼ਰਮਾ ਮੁੱਖ ਅਫਸਰ ਥਾਣਾ ਮੋਰਿੰਡਾ ਤੇ ਇੰਸਪੈਕਟਰ ਅਮਰਬੀਰ ਸਿੰਘ ਇੰਚਾਰਜ ਸੀ. ਆਈ. ਏ. ਰੂਪਨਗਰ ਦੀ ਅਗਵਾਈ ਹੇਠ ਅਲੱਗ-ਅਲੱਗ ਟੀਮਾਂ ਦਾ ਗਠਨ ਕਰਕੇ ਤਫਤੀਸ਼ ਅਮਲ 'ਚ ਲਿਆਂਦੀ ਗਈ। 
ਘਟਨਾ ਸਥਾਨ ਤੋਂ ਲੈ ਕੇ ਜਿੱਥੇ ਬੱਚਾ ਆਪਣੇ ਮਾਪਿਆਂ ਨੂੰ ਮਿਲਿਆ, ਉਸ ਸਾਰੇ ਏਰੀਆ ਦੇ ਸੀ. ਸੀ. ਟੀ. ਵੀ. ਕੈਮਰੇ ਦੀਆਂ ਫੁਟੇਜ ਚੈੱਕ ਕੀਤੀਆਂ ਗਈਆਂ। ਮੌਕਾ ਵਾਰਦਾਤ ਜਿੱਥੋਂ ਬੱਚਾ ਅਗਵਾ ਕੀਤਾ ਗਿਆ ਸੀ ਤੇ ਜਿੱਥੋਂ ਬਰਾਮਦ ਹੋਇਆ ਸੀ, ਉੱਥਂੋ ਤਕਨੀਕੀ ਟੀਮਾਂ ਦੀ ਸਹਾਇਤਾ ਲੈ ਕੇ ਮੋਬਾਇਲ ਡੰਪ ਚੁਕਵਾਏ ਗਏ। ਬੱਚੇ ਅਤੇ ਉਸਦੇ ਪਰਿਵਾਰ ਤੋਂ ਇਸ ਘਟਨਾ ਬਾਰੇ ਪੂਰੀ ਜਾਣਕਾਰੀ ਇਕੱਠੀ ਕੀਤੀ ਗਈ। ਉਸ ਤੋਂ ਬਾਅਦ ਬੱਚੇ ਦੇ ਘਰ ਤੋਂ ਲੈ ਕੇ ਸਕੂਲ ਬਸ ਚੜ੍ਹਨ ਤੱਕ ਦੇ ਸਟਾਪ ਵਿਚਕਾਰ ਗੁਰਦੇਵ ਸਿੰਘ ਦੇ ਘਰ ਲਾਗੇ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਚੈੱਕ ਕਰਨ ਤੇ ਪਾਇਆ ਗਿਆ ਕਿ ਬੱਚੇ ਨੇ ਆਪਣੀ ਵਾਟਰ ਬੋਤਲ ਗਲੇ 'ਚ ਲਟਕਾਈ ਹੋਈ ਸੀ ਤੇ ਬੈਗ ਪਿੱਛੇ ਲਟਕਾਇਆ ਹੋਇਆ ਸੀ, ਜੋ ਬਾਰ-ਬਾਰ ਮੁੜ ਕੇ ਆਪਣੇ ਘਰ ਵੱਲ ਦੇਖ ਕਰ ਕਾਹਲੀ ਨਾਲ ਚੱਲ ਰਿਹਾ ਸੀ। ਇਸੇ ਫੁਟੇਜ 'ਚ ਅਗਵਾ ਹੋਇਆ ਬੱਚਾ ਪ੍ਰਭਜੋਤ ਸਵੇਰੇ 6.14 ਵਜੇ ਜਾਂਦਾ ਦਿਖਾਈ ਦੇ ਰਿਹਾ ਸੀ, ਜਦਕਿ ਇਸੇ ਫੁਟੇਜ 'ਚ ਇਕ ਹੋਰ ਬੱਚਾ ਜਿਸ ਦਾ ਨਾਮ ਰੀਤਇੰਦਰਜੀਤ ਸਿੰਘ ਹੈ 6.17 ਵਜੇ ਜਾਂਦਾ ਦਿਖਾਈ ਦੇ ਰਿਹਾ ਸੀ। ਮੁੱਖ ਅਫਸਰ ਥਾਣਾ ਮੋਰਿੰਡਾ ਨੇ ਦੂਸਰੇ ਦਿਨ ਮੌਕੇ 'ਤੇ ਜਾ ਕੇ ਦੁਬਾਰਾ ਮੁਆਇਨਾ ਕੀਤਾ, ਜਿੱਥੇ ਰੀਤ ਇੰਦਰਜੀਤ ਸਿੰਘ ਨੇ ਦੱਸਿਆ ਕਿ ਜਦੋਂ ਮੈਂ 6.17 ਵਜੇ ਬੱਸ ਸਟਾਪ 'ਤੇ ਪਹੁੰਚਿਆ ਤਾਂ ਪ੍ਰਭਜੋਤ ਉੱਥੇ ਮੌਜੂਦ ਨਹੀਂ ਸੀ ਤੇ ਪ੍ਰਭਜੋਤ ਦਾ ਬੈਗ ਤੇ ਵਾਟਰ ਬੋਤਲ ਉੱਥੇ ਪਈ ਸੀ। ਜੋ ਹੋਰ ਮਾਂ-ਬਾਪ ਆਪਣੇ ਬੱਚਿਆਂ ਨੂੰ ਸਕੂਲ ਬੱਸ ਚੜ੍ਹਾਉਣ ਲਈ ਖੜ੍ਹੇ ਸਨ, ਜਿਨਾਂ ਨਾਲ ਹੋਈ ਘਟਨਾ ਬਾਰੇ ਗੱਲਬਾਤ ਕਰਨ 'ਤੇ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਇੱਥੇ ਕੋਈ ਵੀ ਘਟਨਾ ਹੁੰਦੀ ਨਹੀਂ ਦੇਖੀ ਅਤੇ ਨਾ ਹੀ ਕੋਈ ਚਿੱਟੇ ਰੰਗ ਦੀ ਕਾਰ ਖੜ੍ਹੀ ਜਾਂ ਆਉਂਦੀ ਜਾਂਦੀ ਦੇਖੀ ਪਰ ਉਨ੍ਹਾਂ ਨੇ ਉੱਥੇ ਨਜਦੀਕ ਹੀ ਖੰਭੇ ਦੇ ਨਾਲ ਸਕੂਲ ਬੈਗ ਤੇ ਵਾਟਰ ਬੋਤਲ ਸਿੱਧੇ ਖੜ੍ਹੇ ਕੀਤੇ ਦੇਖੇ ਸਨ। ਉਸ ਤੋਂ ਬਾਅਦ ਪ੍ਰਭਜੋਤ ਸਿੰਘ ਦੀ ਭੈਣ ਹਰਸਿਮਰਨ ਕੌਰ ਨੇ ਉੱਥੇ ਆ ਕੇ ਪਛਾਣ ਕੀਤੀ ਕਿ ਇਹ ਬੈਗ ਅਤੇ ਵਾਟਰ ਬੋਤਲ ਪ੍ਰਭਜੋਤ ਦੀ ਹੀ ਹੈ। ਜਿਸ ਤੋਂ ਬਾਅਦ ਸਾਰਿਆਂ ਨੇ ਪ੍ਰਭਜੋਤ ਦੀ ਤਲਾਸ਼ ਕਰਨੀ ਸ਼ੁਰੂ ਕਰ ਦਿੱਤੀ। ਹੁਣ ਤਕ ਦੀ ਤਫਤੀਸ਼ ਤਂੋ ਪੁਲਸ ਨੂੰ ਕਾਫੀ ਅਜਿਹੇ ਸੁਰਾਗ ਹੱਥ ਲੱਗ ਚੁੱਕੇ ਹਨ, ਜਿਸ ਤਂੋ ਇਹ ਸ਼ਪੱਸ਼ਟ ਸੀ ਕਿ ਇਹ ਕੋਈ ਅਗਵਾਹ ਦੀ ਘਟਨਾ ਨਾ ਹੋ ਕੇ ਬੱਚੇ ਵੱਲੋਂ ਸਕੂਲ ਨਾ ਜਾਣ ਦਾ ਡਰਾਮਾ ਰਚਿਆ ਹੋ ਸਕਦਾ ਹੈ। 
4 ਅਗਸਤ ਨੂੰ ਬੱਚੇ ਦੇ ਸਕੂਲ ਆਉਣ ਤੋਂ ਬਾਅਦ ਮਾਨਯੋਗ ਐਸ. ਐਸ. ਪੀ. ਸਾਹਿਬ ਵੱਲੋਂ ਬੱਚੇ ਨਾਲ ਪਿਆਰ ਨਾਲ ਗੱਲਬਾਤ ਕਰਨ 'ਤੇ ਬੱਚੇ ਨੇ ਦੱਸਿਆ ਕਿ ਜਦੋਂ ਤੋਂ ਉਹ ਪਿੰਡ ਤੋਂ ਸ਼ਹਿਰ ਵਾਲੇ ਮਕਾਨ 'ਚ ਕਿਰਾਏ 'ਤੇ ਸ਼ਿਫਟ ਹੋਏ ਹਨ ਉਸ ਘਰ 'ਚ ਉਸ ਦਾ ਮਨ ਨਹੀਂ ਲੱਗਦਾ ਸੀ ਤੇ ਉਹ ਆਪਣੇ ਪਿੰਡ ਵਾਲੇ ਮਕਾਨ 'ਚ ਦਾਦਾ-ਦਾਦੀ ਕੋਲ ਹੀ ਰਹਿਣਾ ਚਾਹੁੰਦਾ ਸੀ ਤੇ ਅੱਜ ਉਸਦਾ ਸਕੂਲ ਜਾਣ ਦਾ ਬਿਲਕੁਲ ਮੰਨ ਨਹੀਂ ਸੀ ਜੋ ਇਹ ਆਪਣਾ ਸਕੂਲ ਬੈਗ ਅਤੇ ਵਾਟਰ ਬੋਤਲ ਖੰਭੇ ਨਾਲ ਇਕ ਸਾਇਡ ਰੱਖ ਕੇ ਪੈਦਲ ਹੀ ਆਪਣੇ ਪਿੰਡ ਨੂੰ ਜੋ ਸ਼ਾਟ ਕੱਟ ਰਸਤਾ ਜਾਂਦਾ ਹੈ 'ਤੇ ਤੁਰ ਪਿਆ ਜੋ ਉਸ ਨੂੰ ਅੱਗੇ ਉਸਦੇ ਦਾਦਾ ਜੀ ਅਚਾਨਕ ਰਸਤੇ 'ਚ ਹੀ ਮਿਲ ਗਏ, ਜਿਸ 'ਤੇ ਉਹ ਡਰ ਗਿਆ ਕਿ ਹੁਣ ਉਹ ਸਾਰਿਆਂ ਨੂੰ ਕੀ ਜਵਾਬ ਦੇਵਾਗਾ। ਇਸ ਲਈ ਇਹ ਝੂਠਾ ਅਗਵਾਹ ਕਰਨ ਦਾ ਡਰਾਮਾ ਰੱਚ ਦਿੱਤਾ। ਇਸ ਤਰ੍ਹਾਂ ਵੱਖ-ਵੱਖ ਪਹਿਲੂਆਂ ਅਤੇ ਡੂੰਘਾਈ ਨਾਲ ਕੀਤੀ ਤਫਤੀਸ਼ ਤੋਂ ਤੇ ਸਾਹਮਣੇ ਆਏ ਇਹ ਸਾਰੇ ਹਾਲਾਤਾਂ ਤੋਂ ਇਹ ਸਭ ਕੁਝ ਝੂਠਾ ਪਾਇਆ ਗਿਆ ਹੈ।


Related News