ਪੈਸੇ ਮੰਗਣ ਦੇ ਦੋਸ਼ ’ਚ ਪੀ. ਪੀ. ਸੀ. ਬੀ. ਦਾ ਐਕਸੀਅਨ ਸਸਪੈਂਡ, ਪਰ ਨਾਜਾਇਜ਼ ਯੂਨਿਟਾਂ ’ਤੇ ਨਹੀਂ ਲੱਗੀ ਲਗਾਮ

Tuesday, Oct 14, 2025 - 07:14 AM (IST)

ਪੈਸੇ ਮੰਗਣ ਦੇ ਦੋਸ਼ ’ਚ ਪੀ. ਪੀ. ਸੀ. ਬੀ. ਦਾ ਐਕਸੀਅਨ ਸਸਪੈਂਡ, ਪਰ ਨਾਜਾਇਜ਼ ਯੂਨਿਟਾਂ ’ਤੇ ਨਹੀਂ ਲੱਗੀ ਲਗਾਮ

ਲੁਧਿਆਣਾ (ਰਾਮ) : ਪੈਸੇ ਮੰਗਣ ਦੇ ਦੋਸ਼ ’ਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐਕਸੀਅਨ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਵਿਭਾਗੀ ਸੂਤਰਾਂ ਮੁਤਾਬਕ ਅਧਿਕਾਰੀ ’ਤੇ ਕਾਰੋਬਾਰੀਆਂ ਤੋਂ ਰਿਸ਼ਵਤ ਮੰਗਣ ਦੇ ਦੋਸ਼ ਲੱਗੇ ਸਨ। ਵਿਭਾਗ ਨੇ ਮੁੱਢਲੀ ਜਾਂਚ ਦੇ ਆਧਾਰ ’ਤੇ ਤੁਰੰਤ ਪ੍ਰਭਾਵ ਨਾਲ ਉਨ੍ਹਾਂ ਨੂੰ ਸਸਪੈਂਡ ਕਰ ਦਿੱਤਾ। ਹਾਲਾਂਕਿ ਵਿਭਾਗ ਦੇ ਅੰਦਰੂਨੀ ਸੂਤਰਾਂ ਦਾ ਕਹਿਣਾ ਹੈ ਕਿ ਇਹ ਫੈਸਲਾ ਜਲਦਬਾਜ਼ੀ ਵਿਚ ਲਿਆ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੂਰੀ ਜਾਂਚ ਹੋਣ ਤੋਂ ਬਾਅਦ ਹੀ ਸਸਪੈਂਸ਼ਨ ’ਤੇ ਫੈਸਲਾ ਹੋਣਾ ਚਾਹੀਦਾ ਸੀ। ਇਸ ਦੌਰਾਨ ਆਰ. ਓ.-3 ਅਤੇ ਆਰ. ਓ.-4 ਦਫਤਰਾਂ ਵਿਚ ਹੁਣ ਵੀ ਹਾਲਾਤ ਜਿਓਂ ਦੇ ਤਿਓਂ ਹਨ। ਕਈ ਅਧਿਕਾਰੀ ਅਤੇ ਮੁਲਾਜ਼ਮ ਆਪਣੀ ਪੁਰਾਣੀ ਕਾਰਜਸ਼ੈਲੀ ’ਤੇ ਚੱਲ ਰਹੇ ਹਨ। ਸ਼ਹਿਰ ਦੇ ਕੈਲਾਸ਼ ਨਗਰ, ਕਾਲੀ ਸੜਕ, ਤਾਜਪੁਰ ਰੋਡ, ਚੌੜੀ ਸੜਕ, ਬਹਾਦਰਕੇ ਰੋਡ, ਰਾਹੋਂ ਰੋਡ ਅਤੇ ਫੇਸ-6,7,8 ਵਰਗੇ ਇਲਾਕਿਆਂ ’ਚ ਦਰਜਨਾਂ ਨਾਜਾਇਜ਼ ਇਲੈਕਟ੍ਰੋ ਪਲੇਟਿੰਗ ਅਤੇ ਵਾਸ਼ਿੰਗ ਯੂਨਿਟ ਖੁੱਲ੍ਹੇਆਮ ਚੱਲ ਰਹੇ ਹਨ। ਇਨ੍ਹਾਂ ਯੂਨਿਟਾਂ ਤੋਂ ਨਿਕਲਣ ਵਾਲਾ ਗੰਦਾ ਪਾਣੀ ਨਾਲੀਆਂ ਅਤੇ ਡ੍ਰੇਨਾਂ ’ਚ ਛੱਡਿਆ ਜਾ ਰਿਹਾ ਹੈ, ਜਿਸ ਨਾਲ ਪ੍ਰਦੂਸ਼ਣ ਫੈਲ ਰਿਹਾ ਹੈ ਅਤੇ ਲੋਕਾਂ ਨੂੰ ਬਦਬੂ ਅਤੇ ਬੀਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਹ ਵੀ ਪੜ੍ਹੋ : ਅੱਧ ਵਿਚਾਲੇ ਲਟਕੇ ਵਿਕਾਸ ਕਾਰਜਾਂ ਲਈ ਜ਼ਿੰਮੇਵਾਰ ਠੇਕੇਦਾਰਾਂ ’ਤੇ ਹੋਵੇਗੀ ਕਾਰਵਾਈ

ਜਿਨ੍ਹਾਂ ’ਤੇ ਸ਼ਿਕੰਜਾ ਕੱਸਣ ਦੀ ਲੋੜ, ਉਨ੍ਹਾਂ ’ਤੇ ਕੋਈ ਕਾਰਵਾਈ ਨਹੀਂ
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਵਿਭਾਗੀ ਕਾਰਵਾਈ ਸਿਰਫ ਦਿਖਾਵੇ ਤੱਕ ਸੀਮਤ ਹੈ, ਜਿਨ੍ਹਾਂ ’ਤੇ ਅਸੀਂ ਵਿਚ ਸ਼ਿਕੰਜਾ ਕੱਸਣ ਦੀ ਲੋੜ ਹੈ। ਉਨ੍ਹਾਂ ’ਤੇ ਕੋਈ ਕਾਰਵਾਈ ਨਹੀਂ ਹੋ ਰਹੀ। ਆਰ. ਓ. 3- ਅਤੇ ਆਰ. ਓ.-4 ਦੇ ਅਧੀਨ ਕੰਮ ਕਰਨ ਵਾਲੇ ਕੁਝ ਅਧਿਕਾਰੀ ਅਤੇ ਮੁਲਾਜ਼ਮ ਸਾਲਾਂ ਤੋਂ ਮਲਾਈਦਾਰ ਅਹੁਦਿਆਂ ’ਤੇ ਜੰਮੇ ਹੋਏ ਹਨ। ਇਨ੍ਹਾਂ ਦੀ ਹੀ ਲਾਪ੍ਰਵਾਹੀ ਅਤੇ ਮਿਲੀਭੁਗਤ ਕਾਰਨ ਨਾਜਾਇਜ਼ ਯੂਨਿਟਾਂ ਲਗਾਤਾਰ ਚੱਲ ਰਹੀਅਾਂ ਹਨ। ਜਦੋਂ ਤੱਕ ਅਜਿਹੇ ਭ੍ਰਿਸ਼ਟ ਅਧਿਕਾਰੀਆਂ ’ਤੇ ਸਖ਼ਤ ਕਦਮ ਨਹੀਂ ਚੁੱਕੇ ਜਾਂਦੇ, ਉਦੋਂ ਤੱਕ ਪ੍ਰਦੂਸ਼ਣ ਅਤੇ ਅਵਿਵਸਥਾ ਦੀ ਸਮੱਸਿਆ ਬਣੀ ਰਹੇਗੀ।

ਸੈਂਪਲਿੰਗ ਦੇ ਨਾਂ ’ਤੇ ਘਪਲੇਬਾਜ਼ੀ ਜਾਰੀ
ਵਿਭਾਗ ਦੇ ਅੰਦਰੂਨੀ ਸੂਤਰ ਦੱਸਦੇ ਹਨ ਕਿ ਸੈਂਪਲਿੰਗ ਦੇ ਨਾਂ ’ਤੇ ਵੀ ਵੱਡੇ ਪੱਧਰ ’ਤੇ ਘਪਲੇਬਾਜ਼ੀ ਕੀਤੀ ਜਾ ਰਹੀ ਹੈ। ਕਈ ਮਾਮਲਿਆਂ ਵਿਚ ਉਦਯੋਗਿਕ ਇਕਾਈਆਂ ਤੋਂ ਸੈਂਪਲਿੰਗ ਬਦਲੇ ਮੋਟੀ ਰਕਮ ਲਈ ਜਾਂਦੀ ਹੈ, ਤਾਂ ਕਿ ਰਿਪੋਰਟ ‘ਕਲੀਨ’ ਦਿਖਾਈ ਦੇਵੇ। ਇਸ ਦਾ ਸਿੱਧਾ ਅਸਰ ਸ਼ਹਿਰ ਦੇ ਵਾਤਾਵਰਣ ’ਤੇ ਪੈ ਰਿਹਾ ਹੈ, ਕਿਉਂਕਿ ਪ੍ਰਦੂਸ਼ਣ ਫੈਲਾਉਣ ਵਾਲੇ ਯੂਨਿਟ ਬੇਖੌਫ ਕੰਮ ਕਰ ਰਹੇ ਹਨ, ਜਦੋਂਕਿ ਨਿਯਮਾਂ ਦੀ ਪਾਲਣਾ ਕਰਨ ਵਾਲੇ ਉਦਯੋਗ ਪ੍ਰਸ਼ਾਸਨਿਕ ਦਬਾਅ ਵਿਚ ਹਨ।

ਇਹ ਵੀ ਪੜ੍ਹੋ : ਹੁਣ Fastag 'ਚ 1,000 ਰੁਪਏ ਦਾ ਰਿਚਾਰਜ ਮਿਲੇਗਾ ਮੁਫ਼ਤ, NHAI ਲਿਆਇਆ ਇਹ ਖ਼ਾਸ ਆਫਰ

ਭ੍ਰਿਸ਼ਟਾਚਾਰ ਰੋਕਣ ਲਈ ਉੱਚ ਅਧਿਕਾਰੀਆਂ ਦਾ ਦਖ਼ਲ ਜ਼ਰੂਰੀ
ਜਾਣਕਾਰੀ ਦਾ ਕਹਿਣਾ ਹੈ ਕਿ ਜਦੋਂ ਤੱਕ ਪੀ. ਪੀ. ਸੀ. ਬੀ. ਦੀ ਚੇਅਰਪਰਸਨ ਰੀਨਾ ਗੁਪਤਾ ਅਤੇ ਮੈਂਬਰ ਸੈਕਟਰੀ ਲਵਨੀਤ ਦੁੂਬੇ ਇਸ ਦਿਸ਼ਾ ’ਚ ਸਿੱਧਾ ਦਖ਼ਤ ਨਹੀਂ ਦਿੰਦੇ, ਉਦੋਂ ਤੱਕ ਵਿਭਾਗ ਵਿਚ ਫੈਲਿਆ ਭ੍ਰਿਸ਼ਟਾਚਾਰ ਨਹੀਂ ਰੁਕੇਗਾ। ਲੋਕਾਂ ਨੇ ਮੰਗ ਕੀਤੀ ਹੈ ਕਿ ਜਾਂਚ ਨਿਰਪੱਖ ਤਰੀਕੇ ਨਾਲ ਕੀਤੀ ਜਾਵੇ ਅਤੇ ਦੋਸ਼ੀ ਚਾਹੇ ਕੋਈ ਵੀ ਹੋਵੇ, ਉਸ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ। ਨਾਲ ਹੀ ਨਾਜਾਇਜ਼ ਯੂਨਿਟਾਂ ਨੂੰ ਬੰਦ ਕਰਵਾਉਣ ਲਈ ਸਾਂਝੀ ਮੁਹਿੰਮ ਚਲਾਈ ਜਾਵੇ, ਤਾਂ ਕਿ ਸ਼ਹਿਰ ਨੂੰ ਪ੍ਰਦੂਸ਼ਣ ਤੋਂ ਰਾਹਤ ਮਿਲ ਸਕੇ। ਇਸ ਸਬੰਧੀ ਜਦੋਂ ਪੀ. ਪੀ. ਸੀ. ਬੀ. ਦੇ ਚੀਫ ਇੰਜੀਨੀਅਰ ਆਰ. ਕੇ. ਰੱਤੜਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਾਨੂੰ ਜੋ ਹਦਾਇਤਾਂ ਆਹਲਾ ਅਧਿਕਾਰੀਆਂ ਵਲੋਂ ਮਿਲੀਆਂ ਹਨ, ਉਨ੍ਹਾਂ ਮੁਤਾਬਕ ਕਾਰਵਾਈ ਕੀਤੀ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News