ਪਾਵਰਕਾਮ ਨੇ ਹੁਣ ਤੱਕ 26 ਹਜ਼ਾਰ ਮੁਲਾਜ਼ਮਾਂ ਨੂੰ ਦਿੱਤੀ ਤਨਖ਼ਾਹ

12/05/2019 1:25:36 AM

ਚੰਡੀਗੜ੍ਹ/ਪਟਿਆਲਾ,(ਪਰਮੀਤ) : ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਨੇ ਹੁਣ ਤੱਕ 26 ਹਜ਼ਾਰ ਮੁਲਾਜ਼ਮਾਂ ਅਤੇ 43 ਹਜ਼ਾਰ ਪੈਨਸ਼ਨਰਾਂ ਨੂੰ ਮਹੀਨਾਵਾਰ ਤਨਖਾਹ ਲਈ 146.55 ਕਰੋੜ ਦੀ ਰਾਸ਼ੀ ਜਾਰੀ ਕਰ ਦਿੱਤੀ ਹੈ। ਬਾਕੀ ਰਹਿੰਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਵੀ ਜਲਦੀ ਹੀ ਤਨਖਾਹ ਜਾਰੀ ਕੀਤੀ ਜਾਵੇਗੀ। ਇਹ ਪ੍ਰਗਟਾਵਾ ਪਾਵਰਕਾਮ ਦੇ ਚੇਅਰਮੈਨ ਇੰਜੀ. ਬਲਦੇਵ ਸਿੰਘ ਸਰਾਂ ਨੇ ਕੀਤਾ।
ਬਲਦੇਵ ਸਰਾਂ ਨੇ ਦੱਸਿਆ ਕਿ 30 ਨਵੰਬਰ ਨੂੰ 3400 ਰੁਪਏ ਤੱਕ ਦੇ ਗਰੇਡ ਪੇਅ ਵਾਲੇ 12913 ਮੁਲਾਜ਼ਮਾਂ ਲਈ 26.27 ਕਰੋੜ ਰੁਪਏ ਜਾਰੀ ਕੀਤੇ ਗਏ ਸਨ। 2 ਦਸੰਬਰ ਨੂੰ 25000 ਰੁਪਏ ਮਹੀਨਾ ਵਾਲੇ 43348 ਪੈਨਸ਼ਨਰਾਂ ਨੂੰ 69.77 ਕਰੋੜ ਰੁਪਏ ਦੀ ਰਾਸ਼ੀ ਵੰਡੀ ਗਈ। ਅੱਜ 3400 ਤੋਂ 5000 ਰੁਪਏ ਗਰੇਡ ਪੇਅ ਵਾਲੇ 13142 ਮੁਲਾਜ਼ਮਾਂ ਨੂੰ 50.51 ਕਰੋੜ ਰੁਪਏ ਰਾਸ਼ੀ ਜਾਰੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਹੁਣ ਸਿਰਫ 5 ਹਜ਼ਾਰ ਰੁਪਏ ਗਰੇਡ ਪੇਅ ਵਾਲੇ 7894 ਮੁਲਾਜ਼ਮਾਂ ਨੂੰ 48.23 ਕਰੋੜ ਰੁਪਏ ਜਾਰੀ ਕਰਨੇ ਬਾਕੀ ਹਨ। 25 ਹਜ਼ਾਰ ਤੋਂ ਉੱਪਰ ਪੈਨਸ਼ਨ ਵਾਲੇ 28482 ਮੁਲਾਜ਼ਮਾਂ ਲਈ 102.34 ਕਰੋੜ ਰੁਪਏ ਜਾਰੀ ਕਰਨੇ ਬਾਕਾਇਆ ਹਨ। ਚੇਅਰਮੈਨ ਸਰਾਂ ਨੇ ਦੱਸਿਆ ਕਿ ਪਾਵਰਕਾਮ ਨੂੰ ਆਰਥਕ ਸੰਕਟ ਦਾ ਸਾਹਮਣਾ ਇਸ ਲਈ ਕਰਨਾ ਪਿਆ ਹੈ ਕਿਉਂਕਿ ਸਰਕਾਰ ਵੱਲੋਂ 5500 ਕਰੋੜ ਰੁਪਏ ਸਬਸਿਡੀ ਅਜੇ ਤੱਕ ਨਹੀਂ ਦਿੱਤੀ ਗਈ। ਵੱਖ-ਵੱਖ ਵਿਭਾਗਾਂ ਵੱਲ 1921 ਕਰੋੜ ਰੁਪਏ ਦੇ ਬਿਜਲੀ ਬਿੱਲ ਪੈਂਡਿੰਗ ਹਨ। ਪਾਵਰਕਾਮ ਨੂੰ 1420 ਕਰੋੜ ਰੁਪਏ ਪ੍ਰਾਈਵੇਟ ਥਰਮਲ ਪਲਾਂਟਾਂ ਨੂੰ ਅਦਾ ਕਰਨੇ ਪਏ ਹਨ।

ਇਨ੍ਹਾਂ ਵਿਭਾਗਾਂ ਦੇ 1921 ਕਰੋੜ ਦੇ ਬਿਜਲੀ ਬਿੱਲ ਬਕਾਇਆ
ਪੰਜਾਬ ਸਰਕਾਰ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲ 1107.33 ਕਰੋੜ ਰੁਪਏ ਦੇ ਬਿਜਲੀ ਬਿੱਲ ਪੈਂਡਿੰਗ ਹਨ। ਸਥਾਨਕ ਸਰਕਾਰਾਂ ਵਿਭਾਗ ਵੱਲ 359.80 ਕਰੋੜ, ਸਿੰਜਾਈ ਵਿਭਾਗ ਵੱਲ 167.40 ਕਰੋੜ, ਪਬਲਿਕ ਵਰਕਸ ਵੱਲ 71.51 ਕਰੋੜ, ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲ 69.85 ਕਰੋੜ, ਉਦਯੋਗ ਅਤੇ ਵਣਜ ਵਿਭਾਗ ਦੇ 58.99 ਕਰੋੜ, ਗ੍ਰਹਿ ਵਿਭਾਗ ਅਤੇ ਜੇਲਾਂ ਵੱਲ 22.47 ਕਰੋੜ, ਮਾਲੀਆ, ਮੁੜ-ਵਸੇਬਾ ਅਤੇ ਕੁਦਰਤੀ ਆਫਤ ਪ੍ਰਬੰਧਨ ਵਿਭਾਗ ਵੱਲ 11.33 ਕਰੋੜ ਰੁਪਏ, ਸਕੂਲ ਸਿੱਖਿਆ ਵੱਲ 8.53 ਕਰੋੜ, ਜਨਰਲ ਪ੍ਰਸ਼ਾਸਨ ਵੱਲ 8.36 ਕਰੋੜ, ਕਾਨੂੰਨੀ ਅਤੇ ਵਿਧਾਨਕ ਮਾਮਲੇ ਵਿਭਾਗ ਵੱਲ 6.49 ਕਰੋੜ, ਪ੍ਰਸ਼ਾਸਕੀ ਸੁਧਾਰ ਵਿਭਾਗ 3.97 ਕਰੋੜ, ਸਹਿਕਾਰਤਾ 2.38 ਕਰੋੜ, ਅਮਲਾ ਵਿਭਾਗ 1.97 ਕਰੋੜ, ਜੰਗਲਾਤ ਵਿਭਾਗ 1.22 ਕਰੋੜ, ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ 1.11 ਕਰੋੜ, ਖੇਤੀਬਾੜੀ 1.04 ਕਰੋੜ, ਸੂਚਨਾ ਅਤੇ ਲੋਕ ਸੰਪਰਕ ਵਿਭਾਗ 91 ਲੱਖ, ਸੂਚਨਾ ਤਕਨਾਲੋਜੀ, 90 ਲੱਖ, ਟਰਾਂਸਪੋਰਟ 90 ਲੱਖ ਰੁਪਏ, ਵਿਜੀਲੈਂਸ 88 ਲੱਖ, ਮੈਡੀਕਲ ਸਿੱਖਿਆ ਅਤੇ ਖੋਜ 81 ਲੱਖ, ਖੁਰਾਕ ਤੇ ਸਿਵਲ ਸਪਲਾਈ ਵਿਭਾਗ ਵੱਲ ਬਕਾਇਆ 60 ਲੱਖ ਰੁਪਏ ਸਮੇਤ ਕੁੱਲ ਬਕਾਇਆ ਰਾਸ਼ੀ 1977.74 ਕਰੋੜ ਰੁਪਏ ਸੀ, ਜਿਸ ਵਿਚੋਂ ਪੰਜਾਬ ਸਰਕਾਰ ਨੇ ਨਵੰਬਰ ਮਹੀਨੇ ਵਿਚ 56.49 ਕਰੋੜ ਦੀ ਐਡਜਸਮੈਂਟ ਕੀਤੀ ਹੈ। 1921.25 ਕਰੋੜ ਰੁਪਏ ਅਜੇ ਵੀ ਬਿਜਲੀ ਬਿੱਲਾਂ ਦੇ ਵੱਖ-ਵੱਖ ਵਿਭਾਗਾਂ ਵੱਲ ਬਕਾਇਆ ਹਨ।


Related News