ਅਹਿਮ ਖ਼ਬਰ : ਪੰਜਾਬ ''ਚ ਇਸ ਤਾਰੀਖ਼ ਤੱਕ ਲੱਗਣਗੇ ''ਬਿਜਲੀ ਕੱਟ'', ਨਿੱਜੀ ਪਲਾਂਟਾਂ ਕੋਲ ਬਚਿਆ ਡੇਢ ਦਿਨ ਦਾ ਕੋਲਾ

10/11/2021 9:20:12 AM

ਪਟਿਆਲਾ (ਜੋਸਨ) : ਪੰਜਾਬ ਵਿੱਚ ਬਿਜਲੀ ਸਪਲਾਈ ਦੀ ਸਥਿਤੀ ਗੰਭੀਰ ਬਣੀ ਹੋਈ ਹੈ ਅਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ. ਐੱਸ. ਪੀ. ਸੀ. ਐੱਲ.) ਨੇ ਐਤਵਾਰ ਨੂੰ ਕਿਹਾ ਕਿ ਸੂਬੇ ਵਿਚ 13 ਅਕਤੂਬਰ ਤੱਕ ਰੋਜ਼ਾਨਾ 3 ਘੰਟੇ ਤੱਕ ਬਿਜਲੀ ਕਟੌਤੀ ਕੀਤੀ ਜਾਵੇਗੀ। ਕੋਲੇ ਦੀ ਗੰਭੀਰ ਕਮੀ ਕਾਰਨ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ ਨੂੰ ਬਿਜਲੀ ਉਤਪਾਦਨ ਵਿਚ ਕਟੌਤੀ ਕਰਨ ਅਤੇ ਬਿਜਲੀ ਕੱਟ ਲਾਉਣ ਲਈ ਮਜਬੂਰ ਹੋਣਾ ਪਿਆ ਹੈ।

ਇਹ ਵੀ ਪੜ੍ਹੋ : ਚੰਨੀ ਦੇ ਪੁੱਤ ਨੂੰ ਵਿਆਹ 'ਤੇ ਆਸ਼ੀਰਵਾਦ ਦੇਣ ਨਹੀਂ ਪੁੱਜੇ 'ਨਵਜੋਤ ਸਿੱਧੂ', ਗੈਰ ਮੌਜੂਦਗੀ ਸਭ ਨੂੰ ਰੜਕੀ

ਪਾਵਰਕਾਮ ਦੇ ਚੇਅਰਮੈਨ ਏ. ਵੇਣੂੰ ਪ੍ਰਸਾਦ ਨੇ ਕਿਹਾ ਕਿ ਕੋਲੇ ਦੇ ਭੰਡਾਰ ਵਿਚ ਕਮੀ ਦੇ ਕਾਰਨ, ਕੋਲੇ ਨਾਲ ਚੱਲਣ ਵਾਲੇ ਬਿਜਲੀ ਯੂਨਿਟ ਆਪਣੀ ਉਤਪਾਦਨ ਸਮਰੱਥਾ ਦੇ 50 ਫ਼ੀਸਦੀ ਤੋਂ ਵੀ ਘੱਟ ’ਤੇ ਕੰਮ ਕਰ ਰਹੇ ਹਨ। ਅਧਿਕਾਰੀਆਂ ਨੇ ਐਤਵਾਰ ਨੂੰ ਕਿਹਾ ਕਿ ਨਿੱਜੀ ਬਿਜਲੀ ਤਾਪ ਯੂਨਿਟਾਂ ਦੇ ਕੋਲ ਡੇਢ ਦਿਨ ਤੱਕ ਅਤੇ ਸੂਬੇ ਦੀਆਂ ਮਾਲਕੀ ਵਾਲੀਆਂ ਇਕਾਈਆਂ ਦੇ ਕੋਲ ਚਾਰ ਦਿਨਾਂ ਤੱਕ ਲਈ ਕੋਲੇ ਦਾ ਭੰਡਾਰ ਹੈ। ਕੋਲਾ ਸੰਕਟ ਵਿਚ ਬੁਰੀ ਤਰ੍ਹਾਂ ਫਸ ਚੁੱਕੀ ਪਾਵਰਕਾਮ ਨੇ ਪੰਜਾਬ ਦੇ ਲੋਕਾਂ ਨੂੰ ਕੱਟਾਂ ਤੋਂ ਬਚਾਉਣ ਲਈ 11.60 ਰੁਪਏ ਦੇ ਹਿਸਾਬ ਦੇ ਨਾਲ ਬੇਹੱਦ ਮਹਿੰਗੀ 1800 ਮੈਗਾਵਾਟ ਬਿਜਲੀ ਖ਼ਰੀਦੀ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਬਿਜਲੀ ਸੰਕਟ ਨੂੰ ਲੈ ਕੇ 'ਨਵਜੋਤ ਸਿੱਧੂ' ਦਾ ਟਵੀਟ, ਪੰਜਾਬ ਸਰਕਾਰ ਨੂੰ ਦਿੱਤੀ ਸਲਾਹ

ਉਨ੍ਹਾਂ ਦੱਸਿਆ ਕਿ ਬੀਤੇ ਦਿਨ ਕੋਲੇ ਦੇ 22 ਰੈਕਾਂ ਦੀ ਜਗ੍ਹਾ 11 ਰੈਕ ਪ੍ਰਾਪਤ ਹੋਏ ਸਨ। ਏ. ਵੇਨੂ ਪ੍ਰਸਾਦ ਨੇ ਖ਼ੁਲਾਸਾ ਕੀਤਾ ਕਿ ਪਾਵਰਕਾਮ ਮਹਿੰਗੀਆਂ ਦਰਾਂ ’ਤੇ ਵੀ ਖੇਤੀਬਾੜੀ ਸੈਕਟਰ ਸਮੇਤ ਸੂਬੇ ਦੇ ਖਪਤਕਾਰਾਂ ਦੀ ਮੰਗ ਨੂੰ ਪੂਰਾ ਕਰਨ ਲਈ ਮਾਰਕਿਟ ਤੋਂ ਬਿਜਲੀ ਖ਼ਰੀਦ ਰਿਹਾ ਹੈ। ਪੀ. ਐੱਸ. ਪੀ. ਸੀ. ਐੱਲ. ਨੇ 9 ਅਕਤੂਬਰ ਨੂੰ ਪੰਜਾਬ ਦੀ 8788 ਮੈਗਾਵਾਟ ਦੀ ਵੱਧ ਤੋਂ ਵੱਧ ਬਿਜਲੀ ਦੀ ਮੰਗ ਪੂਰੀ ਕੀਤੀ ਹੈ। ਉਨ੍ਹਾਂ ਖ਼ੁਲਾਸਾ ਕੀਤਾ ਕਿ ਐਕਸਚੇਂਜ ਤੋਂ 11.60 ਰੁਪਏ ਪ੍ਰਤੀ ਯੂਨਿਟ ਦੀ ਦਰ ਨਾਲ 10 ਅਕਤੂਬਰ ਲਈ ਲਗਭਗ 1800 ਮੈਗਾਵਾਟ ਬਿਜਲੀ ਖ਼ਰੀਦੀ ਜਾ ਚੁੱਕੀ ਹੈ।

ਇਹ ਵੀ ਪੜ੍ਹੋ : ਚੰਨੀ ਦੇ ਬੇਟੇ ਦੇ ਆਨੰਦ ਕਾਰਜਾਂ ਮੌਕੇ ਸਖ਼ਤ ਸੁਰੱਖਿਆ, ਗੁਰਦੁਆਰਾ ਸਾਹਿਬ 'ਚ ਆਮ ਸ਼ਰਧਾਲੂਆਂ ਦੀ ਐਂਟਰੀ ਬੰਦ (ਤਸਵੀਰਾਂ)

ਬਿਜਲੀ ਦੀ ਖ਼ਰੀਦ ਦੇ ਬਾਵਜੂਦ ਪੀ. ਐੱਸ. ਪੀ. ਸੀ. ਐੱਲ. ਨੂੰ ਮੰਗ ਅਤੇ ਸਪਲਾਈ ਦੇ ਵਿਚਲੇ ਪਾੜੇ ਨੂੰ ਦੂਰ ਕਰਨ ਲਈ ਬਿਜਲੀ ਖ਼ਪਤਕਾਰਾਂ ਦੀਆਂ ਸਾਰੀਆਂ ਸ਼੍ਰੇਣੀਆਂ ਅਤੇ ਰਾਜ ਭਰ ’ਚ ਲੋਡ ਸ਼ੈਡਿੰਗ ਕਰਨੀ ਪਏਗੀ। ਉਨ੍ਹਾਂ ਕਿਹਾ ਕਿ ਬੁੱਧਵਾਰ ਤੱਕ ਹਰ ਰੋਜ਼ ਤਕਰੀਬਨ ਛੋਟੇ ਬਿਜਲੀ ਕੱਟ ਦੀ ਮਿਆਦ ਲਾਗੂ ਕਰਨੀ ਪਵੇਗੀ। ਕੋਲਾ ਸੰਕਟ ਕਾਰਨ ਏ. ਵੇਣੂੰ ਪ੍ਰਸਾਦ ਨੇ ਪੰਜਾਬ ਦੇ ਖ਼ਪਤਕਾਰਾਂ ਨੂੰ ਬਿਜਲੀ ਸਮਝਦਾਰੀ ਨਾਲ ਵਰਤੋਂ ਕਰਨ ਦੀ ਅਪੀਲ ਕੀਤੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News