ਪਾਵਰਕਾਮ ਦੇ ਚੌਂਕੀਦਾਰ ਦੀ ਪਤਨੀ 12 ਸਾਲਾਂ ਤੋਂ ਪੈਨਸ਼ਨ ਲਈ ਖਾ ਰਹੀ ਧੱਕੇ
Wednesday, Jan 03, 2018 - 06:29 PM (IST)
ਮੁਕੰਦਪੁਰ (ਸੰਜੀਵ ਭਨੋਟ)— ਰੋਜ਼ਾਨਾ ਪਾਵਰਕਾਮ ਦੇ ਅਧਿਕਾਰੀਆਂ ਦੀਆਂ ਗਲਤੀਆਂ ਦਾ ਖਾਮਿਆਜ਼ਾ ਪਾਵਰਕਾਮ ਦੇ ਖਪਤਕਾਰਾਂ ਨੂੰ ਭੁਗਤਣਾ ਹੀ ਪੈਂਦਾ ਹੈ ਪਰ ਕਿਤੇ-ਕਿਤੇ ਮਹਿਕਮੇ ਦੇ ਅਧਿਕਾਰੀ ਵੀ ਇਸ ਦੀ ਲਪੇਟ 'ਚ ਆ ਜਾਂਦੇ ਹਨ, ਜਿਸ ਦਾ ਖਾਮਿਆਜ਼ਾ ਉਨ੍ਹਾਂ ਦੀ ਮੌਤ ਤੋਂ ਬਾਅਦ ਵੀ ਉਨ੍ਹਾਂ ਦੇ ਪਰਿਵਾਰ ਭੁਗਤਣ ਲਈ ਮਜਬੂਰ ਹੁੰਦੇ ਹਨ। ਇਸੇ ਤਰ੍ਹਾਂ ਦੀ ਘਟਨਾ ਸਬੰਧੀ ਪਾਵਰਕਾਮ (ਬਿਜਲੀ ਬੋਰਡ) ਦੇ ਰਹੇ ਚੌਂਕੀਦਾਰ ਜੋਗਾ ਸਿੰਘ ਪੁੱਤਰ ਸ਼ਾਮ ਸਿੰਘ ਵਾਸੀ ਮੁਕੰਦਪੁਰ ਦੀ ਪਤਨੀ ਹਰਭਜਨ ਕੌਰ ਨੇ ਆਪਣੇ ਬਿਆਨਾਂ 'ਚ ਦੱਸਿਆ ਕਿ ਮੇਰੇ ਪਤੀ ਨੂੰ 1983 'ਚ ਬਿਜਲੀ ਬੋਰਡ 'ਚ ਬਤੌਰ ਚੌਂਕੀਦਾਰ ਰੋਪੜ ਮੰਡਲ ਦੇ ਚਮਕੌਰ ਸਾਹਿਬ ਵਿਖੇ ਚੌਂਕੀਦਾਰ ਦੀ ਨੌਕਰੀ ਮਿਲੀ ਸੀ ਅਤੇ ਇਸ ਉਪਰੰਤ ਸਮੇਂ ਦੀਆਂ ਸਰਕਾਰਾਂ ਸਮੇਤ ਮਹਿਕਮੇ ਨੇ ਭਰਤੀ ਕੀਤੇ ਕੱਚੇ ਮੁਲਾਜਮਾਂ ਨੂੰ ਪੱਕਾ ਕਰਨ ਲਈ 1889 'ਚ ਵੱਖ-ਵੱਖ ਲੈਟਰ ਕੱਢੇ ਕਿ ਜਿੰਨੇ ਵੀ ਕੱਚੇ ਮੁਲਾਜ਼ਮ ਹਨ, ਉਨਾਂ ਨੂੰ ਪੱਕਾ ਕੀਤਾ ਜਾਵੇ ਤੇ ਜੋਗਾ ਸਿੰਘ ਦੀ ਸਰਵਿਸ ਬੁੱਕ ਵੀ ਦਰਸਾਉਂਦੀ ਹੈ ਕਿ ਜੋਗਾ ਸਿੰਘ ਦੀ ਸਰਵਿਸ ਬੁੱਕ ਕਾਇਮ ਮੁਕਾਮ ਦਰਸਾਇਆ ਗਿਆ ਹੈ ਅਤੇ ਬਾਅਦ 'ਚ ਕੱਟ ਦਿੱਤਾ ਗਿਆ।
ਅਧਿਕਾਰੀਆਂ ਨੇ ਸਰਵਿਸ ਬੁੱਕ 'ਚ ਇਹ ਸ਼ਬਦ ਕੱਟੇ ਸਾਫ ਦਿਖਾਈ ਦਿੰਦੇ ਹਨ। ਉਸ ਨੇ ਦੱਸਿਆ ਕਿ ਮੇਰੇ ਪਤੀ ਦੇ 22 ਸਾਲ ਦੀ ਨੌਕਰੀ 'ਚ ਖਰੜ, ਮੁਰਿੰਡਾ, ਚਮਕੌਰ ਸਾਹਿਬ, ਅੰਸਰੋਂ, ਗੜ੍ਹਸ਼ੰਕਰ ਅਤੇ ਮੁਕੰਦਪੁਰ ਦੀ ਬਦਲੀ ਹੁੰਦੀ ਰਹੀ। ਜੇਕਰ ਮੇਰਾ ਪਤੀ ਕੱਚਾ ਸੀ ਤਾਂ ਬਦਲੀਆਂ ਕਿਉਂ ਹੁੰਦੀਆਂ ਰਹੀਆਂ। ਉਸ ਨੇ ਅੱਗੇ ਦੱਸਿਆ ਕਿ 3 ਮਈ 2005 ਨੂੰ ਮੇਰੇ ਪਤੀ ਦੀ ਮੌਤ ਹੋ ਗਈ ਬਿਜਲੀ ਬੋਰਡ ਦੇ ਮੁਲਾਜ਼ਮਾਂ ਦੀ ਗਲਤੀ ਦਾ ਖਾਮਿਆਜ਼ਾ ਭੁਗਤਦਿਆਂ ਨੂੰ ਸਾਨੂੰ 12 ਸਾਲ ਤੋਂ ਵੀ ਵੱਧ ਹੋ ਗਏ। ਹਾਲੇ ਤੱਕ ਮੈਨੂੰ ਮੇਰੇ ਪਤੀ ਦੀ ਪੈਨਸ਼ਨ ਨਹੀਂ ਲੱਗੀ ਮੁਲਾਜ਼ਮਾਂ ਦੇ ਲਾਰਿਆਂ ਤੋਂ ਤੰਗ ਆ ਕੇ ਅਤੇ ਕੋਈ ਚਾਰਾ ਨਾ ਚੱਲਦਾ ਦੇਖ ਕੇ ਮੈਂ ਇਨਸਾਫ ਲੈਣ ਲਈ ਮਾਨਯੋਗ ਹਾਈਕੋਰਟ 'ਚ ਬਿਜਲੀ ਬੋਰਡ ਦੇ ਖਿਲਾਫ ਕੇਸ ਪਾ ਦਿੱਤਾ। ਇਸ ਮਗਰੋਂ ਮਹਿਕਮੇ ਦੇ ਵੱਡੇ ਮੁਲਾਜ਼ਮ ਮੈਨੂੰ ਕਹਿੰਦੇ ਤੁਸੀਂ ਕੇਸ ਵਾਪਸ ਲੈ ਲਵੋ ਤਾਂ ਕੁਝ ਹੱਲ ਕਰ ਦਿਆਂਗੇ ਨਹੀ ਤਾਂ…..? ਜਦੋਂ ਇਸ ਸਬੰਧੀ ਐੱਸ. ਸੀ. ਨਵਾਂਸ਼ਹਿਰ ਸੰਜੀਵ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਦਾ ਕੇਸ ਹੈ ਉਨ੍ਹਾਂ ਨੂੰ ਸਵੇਰੇ ਦਫਤਰ ਭੇਜ ਦਿਓ ਦੇਖ ਲਵਾਂਗੇ।
