ਨਿਰਵਿਘਨ ਬਿਜਲੀ ਸਪਲਾਈ ਲਈ ਨਵੇਂ ਸਬ-ਸਟੇਸ਼ਨ ਸਥਾਪਿਤ ਕਰੇਗਾ ਪਾਵਰਕਾਮ, ਜਾਰੀ ਕੀਤੀਆਂ ਹਦਾਇਤਾਂ

Saturday, Jan 27, 2024 - 11:27 AM (IST)

ਨਿਰਵਿਘਨ ਬਿਜਲੀ ਸਪਲਾਈ ਲਈ ਨਵੇਂ ਸਬ-ਸਟੇਸ਼ਨ ਸਥਾਪਿਤ ਕਰੇਗਾ ਪਾਵਰਕਾਮ, ਜਾਰੀ ਕੀਤੀਆਂ ਹਦਾਇਤਾਂ

ਜਲੰਧਰ (ਪੁਨੀਤ)–ਸਿਸਟਮ ਦੇ ਓਵਰਲੋਡ ਹੋਣ ਕਾਰਨ ਬਿਜਲੀ ਦੇ ਫਾਲਟ ਪੈਂਦੇ ਹਨ, ਜਿਸ ਨਾਲ ਖ਼ਪਤਕਾਰਾਂ ਨੂੰ ਪਾਵਰਕੱਟਾਂ ਦੀ ਮਾਰ ਝੱਲਣੀ ਪੈਂਦੀ ਹੈ। ਇਸ ਤੋਂ ਰਾਹਤ ਦਿਵਾਉਣ ਲਈ ਪਾਵਰਕਾਮ ਵੱਲੋਂ ਨਵੇਂ ਸਬ-ਸਟੇਸ਼ਨ ਸਥਾਪਿਤ ਕਰਨ ਵੱਲ ਕਦਮ ਉਠਾਏ ਜਾ ਰਹੇ ਹਨ। ਉਥੇ ਹੀ ਗਰਮੀਆਂ ਦੇ ਸੀਜ਼ਨ ਤੋਂ ਪਹਿਲਾਂ ਸਾਰੇ ਓਵਰਲੋਡ ਫੀਡਰਾਂ ਨੂੰ ਡੀ-ਲੋਡ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਪਾਵਰਕਾਮ ਦੇ ਡਾਇਰੈਕਟਰ ਡਿਸਟ੍ਰੀਬਿਊਸ਼ਨ ਡੀ. ਪੀ. ਐੱਸ. ਗਰੇਵਾਲ ਨੇ ਕਿਹਾ ਕਿ ਜਿੱਥੇ ਵੀ ਲੋੜ ਮਹਿਸੂਸ ਹੋ ਰਹੀ ਹੈ, ਉਥੇ ਨਵੇਂ ਸਬ-ਸਟੇਸ਼ਨਾਂ ਲਈ ਜ਼ਮੀਨ ਦੀ ਚੋਣ ਕਰਦੇ ਹੋਏ ਜ਼ਰੂਰੀ ਕਦਮ ਚੁੱਕੇ ਜਾਣਗੇ। ਪਾਵਰਕਾਮ ਵੱਲੋਂ ਸਰਕਾਰੀ ਵਿਭਾਗਾਂ ਕੋਲ ਪਈ ਜ਼ਮੀਨ ਦੀ ਖ਼ਰੀਦਦਾਰੀ ਕਰਨ ਲਈ ਪਹਿਲ ਦਿੱਤੀ ਜਾਵੇਗੀ। ਉਥੇ ਹੀ, ਜ਼ਰੂਰਤ ਪੈਣ ’ਤੇ ਹੋਰ ਸਾਧਨਾਂ ਰਾਹੀਂ ਵੀ ਜ਼ਮੀਨ ਖਰੀਦੀ ਜਾ ਸਕਦੀ ਹੈ।

ਪਾਵਰਕਾਮ ਨਾਰਥ ਜ਼ੋਨ ਦੇ ਹੈੱਡ ਆਫਿਸ ਸ਼ਕਤੀ ਸਦਨ ਵਿਚ ਚੀਫ਼ ਇੰਜੀ. ਰਮੇਸ਼ ਲਾਲ ਸਾਰੰਗਲ ਦੀ ਹਾਜ਼ਰੀ ਵਿਚ ਹੋਈ ਉਕਤ ਮੀਟਿੰਗ ਵਿਚ ਗਰੇਵਾਲ ਨੇ ਕਿਹਾ ਕਿ ਪਾਵਰਕਾਮ ਮੈਨੇਜਮੈਂਟ ਵੱਲੋਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਜ਼ਮੀਨ ਖ਼ਰੀਦਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਚੁੱਕੀ ਹੈ। ਪਟਿਆਲਾ ਤੋਂ ਵਿਸ਼ੇਸ਼ ਤੌਰ ’ਤੇ ਜਲੰਧਰ ਪਹੁੰਚੇ ਇੰਜੀ. ਗਰੇਵਾਲ ਨੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਕਿਹਾ ਕਿ ਗਰਮੀਆਂ ਦੇ ਸੀਜ਼ਨ ਦੌਰਾਨ ਹਰੇਕ ਸ਼੍ਰੇਣੀ ਦੇ ਖਪਤਕਾਰਾਂ ਨੂੰ ਨਿਰਵਿਘਨ ਸਪਲਾਈ ਮੁਹੱਈਆ ਕਰਵਾਉਣਾ ਪਾਵਰਕਾਮ ਦਾ ਅਹਿਮ ਏਜੰਡਾ ਹੈ।

ਇਹ ਵੀ ਪੜ੍ਹੋ : ਗਣਤੰਤਰ ਦਿਵਸ ਦਾ ਤੋਹਫ਼ਾ, ਚਨਾ ਦਾਲ ਮਗਰੋਂ ਹੁਣ ਸਸਤੇ ਭਾਅ 'ਤੇ ਮਿਲਣਗੇ ‘ਭਾਰਤ ਆਟਾ’ ਤੇ ਚੌਲ

PunjabKesari

ਸੁਪਰਿੰਟੈਂਡੈਂਟ ਇੰਜੀ. ਅਤੇ ਸਰਕਲ ਹੈੱਡ ਸੁਰਿੰਦਰਪਾਲ ਸੋਂਧੀ ਨੂੰ ਜਲੰਧਰ ਵਿਚ 2 ਨਵੇਂ ਸਬ-ਸਟੇਸ਼ਨ ਸਥਾਪਿਤ ਕਰਨ ਲਈ ਜ਼ਮੀਨ ਦੀ ਚੋਣ ਕਰਕੇ ਰਿਪੋਰਟ ਭੇਜਣ ਲਈ ਕਿਹਾ ਗਿਆ। ਇਸ ਮੌਕੇ ਕਪੂਰਥਲਾ ਤੋਂ ਇੰਜੀ. ਰਾਕੇਸ਼ ਕੁਮਾਰ ਕਲੇਰ, ਹੁਸ਼ਿਆਰਪੁਰ ਤੋਂ ਇੰਜੀ. ਹਰਮਿੰਦਰ ਸਿੰਘ, ਨਵਾਂਸ਼ਹਿਰ ਤੋਂ ਰਮੇਸ਼ ਕੁਮਾਰ, ਡਿਪਟੀ ਚੀਫ ਹੈੱਡਕੁਆਰਟਰ ਇੰਜੀ. ਬਲਵਿੰਦਰਪਾਲ, ਈਸਟ ਡਵੀਜ਼ਨ ਤੋਂ ਐਕਸੀਅਨ ਜਸਪਾਲ ਸਿੰਘ, ਵੈਸਟ ਡਵੀਜ਼ਨ ਦੇ ਐਕਸੀਅਨ ਸੰਨੀ ਭਾਂਗਰਾ, ਮਾਡਲ ਟਾਊਨ ਦੇ ਐਕਸੀਅਨ ਜਸਪਾਲ ਸਿੰਘ ਪਾਲ, ਕੈਂਟ ਡਵੀਜ਼ਨ ਦੇ ਐਕਸੀਅਨ ਅਵਤਾਰ ਸਿੰਘ, ਫਗਵਾੜਾ ਡਵੀਜ਼ਨ ਦੇ ਐਕਸੀਅਨ ਹਰਦੀਪ ਕੁਮਾਰ ਸਮੇਤ ਕਈ ਸੀਨੀਅਰ ਅਧਿਕਾਰੀ ਮੌਜੂਦ ਸਨ।

ਇਸ ਮੌਕੇ ਇੰਡਸਟਰੀ ਵੱਲੋਂ ਪਹੁੰਚੇ ਪ੍ਰਤੀਨਿਧੀਆਂ ਨੇ ਕਿਹਾ ਕਿ ਵਿਭਾਗ ਨੂੰ ਫੋਕਲ ਪੁਆਇੰਟ ਸਮੇਤ ਅਹਿਮ ਸਥਾਨਾਂ ’ਤੇ ਸਬ-ਸਟੇਸ਼ਨ ਲਗਾਉਣ ਵੱਲ ਧਿਆਨ ਦੇਣਾ ਚਾਹੀਦਾ ਹੈ। ਵਿਭਾਗ ਦੇ ਯਤਨਾਂ ਨਾਲ ਇੰਡਸਟਰੀ ਨੂੰ ਨਵੇਂ ਕੁਨੈਕਸ਼ਨ ਅਤੇ ਲੋਡ ਵਧਾਉਣ ਵਿਚ ਮਦਦ ਮਿਲੇਗੀ, ਜਿਸ ਨਾਲ ਪੰਜਾਬ ਦੀ ਗ੍ਰੋਥ ਹੋਵੇਗੀ। ਇਸ ਮੌਕੇ ਸਪੋਰਟਸ ਐਂਡ ਸਰਜੀਕਲ ਕੰਪਲੈਕਸ ਤੋਂ ਆਰ. ਕੇ. ਗਾਂਧੀ, ਸੰਜੀਵ ਜੁਨੇਜਾ, ਪਰਮਿੰਦਰ ਸਿੰਘ, ਸੰਜੀਵ ਕੁਮਾਰ, ਗੁਰਸ਼ਰਨ ਸਿੰਘ, ਹਰਵਿੰਦਰ ਬੱਗਾ, ਤੁਸ਼ਾਰ ਜੈਨ, ਨਵੀਨ ਸ਼ਰਮਾ, ਦਿਨੇਸ਼ ਸ਼ਰਮਾ, ਪਵਨ ਆਦਿ ਹਾਜ਼ਰ ਸਨ।

ਇੰਡਸਟਰੀ ਦੇ ਮਸਲਿਆਂ ਸਬੰਧੀ ਹਰ ਮਹੀਨੇ ਹੋਵੇਗੀ ਮੀਟਿੰਗ
ਬੀਤੇ ਦਿਨੀਂ ਇੰਡਸਟਰੀ ਵੱਲੋਂ ਲਟਕ ਰਹੀਆਂ ਤਾਰਾਂ, ਟਰਾਂਸਫਾਰਮਰਾਂ ਵਿਚ ਖਰਾਬੀ, ਫਾਲਟ ਠੀਕ ਹੋਣ ਵਿਚ ਦੇਰੀ ਵਰਗੀਆਂ ਛੋਟੀਆਂ-ਛੋਟੀਆਂ ਸ਼ਿਕਾਇਤਾਂ ਨੂੰ ਲੈ ਕੇ ਡਾਇਰੈਕਟਰ ਨੂੰ ਮਸਲਾ ਹੱਲ ਕਰਵਾਉਣ ਦੀ ਗੁਹਾਰ ਲਗਾਈ ਗਈ। ਇਸ ਮੌਕੇ ਹਦਾਇਤਾਂ ਜਾਰੀ ਕਰਦਿਆਂ ਇੰਜੀ. ਗਰੇਵਾਲ ਨੇ ਕਿਹਾ ਕਿ ਸਰਕਲ ਪੱਧਰ ’ਤੇ ਹਰ ਮਹੀਨੇ ਮੀਟਿੰਗ ਕਰਦੇ ਹੋਏ ਇੰਡਸਟਰੀ ਦੇ ਮਸਲਿਆਂ ਦਾ ਹੱਲ ਕਰਵਾਇਆ ਜਾਵੇ।

PunjabKesari

ਇਹ ਵੀ ਪੜ੍ਹੋ : ਜਲੰਧਰ 'ਚ ਗ੍ਰਿਫ਼ਤਾਰ ਸ਼ੂਟਰਾਂ ਦਾ ਖ਼ੁਲਾਸਾ, USA ਦੇ ਨੌਜਵਾਨ ਤੋਂ ਫਿਰੌਤੀ ਲੈ ਕੇ ਬਲਾਚੌਰ ’ਚ ਗੋਲ਼ੀਆਂ ਮਾਰ ਕੀਤਾ ਕਤਲ

ਫਿਕਸ ਚਾਰਜਿਜ਼ 80 ਫ਼ੀਸਦੀ ਤੋਂ ਘਟਾ ਕੇ 50 ਫ਼ੀਸਦੀ ਕਰਨ ਦੀ ਮੰਗ
ਇੰਡਸਟਰੀ ਦੇ ਆਰ. ਕੇ. ਗਾਂਧੀ ਵੱਲੋਂ ਮੰਗ ਰੱਖੀ ਗਈ ਕਿ ਫਿਕਸ ਚਾਰਜਿਜ਼ 50 ਫ਼ੀਸਦੀ ਕੀਤੇ ਜਾਣ। ਉਨ੍ਹਾਂ ਕਿਹਾ ਕਿ ਕਈ ਵਾਰ ਇੰਡਸਟਰੀ ਬੰਦ ਰੱਖਣੀ ਪੈਂਦੀ ਹੈ ਪਰ ਵਿਭਾਗ ਵੱਲੋਂ ਲਗਾਏ ਜਾ ਰਹੇ 80 ਫ਼ੀਸਦੀ ਫਿਕਸ ਚਾਰਜਿਜ਼ ਨਾਲ ਉਦਯੋਗਪਤੀਆਂ ਨੂੰ ਭਾਰੀ ਪ੍ਰੇਸ਼ਾਨੀ ਉਠਾਉਣੀ ਪੈਂਦੀ ਹੈ। ਇਸ ’ਤੇ ਅਧਿਕਾਰੀਆਂ ਨੇ ਕਿਹਾ ਕਿ ਇਹ ਮਸਲਾ ਉੱਪਰ ਤਕ ਉਠਾਇਆ ਜਾਵੇਗਾ।

ਬਿਜਲੀ ਦੇ ਰੇਟ ਵਧਾਉਣ ਦਾ ਯਤਨ ਨਾ ਕਰੇ ਵਿਭਾਗ
ਇੰਡਸਟਰੀ ਨੇ ਮੰਗ ਰੱਖਦਿਆਂ ਕਿਹਾ ਕਿ ਇਸ ਵਾਰ ਬਿਜਲੀ ਦੇ ਰੇਟ ਵਧਾਉਣ ਦਾ ਕੋਈ ਯਤਨ ਨਾ ਕੀਤਾ ਜਾਵੇ। ਉਦਯੋਗਪਤੀਆਂ ਨੇ ਕਿਹਾ ਕਿ ਪਾਵਰਕਾਮ ਇਸ ਸਮੇਂ ਲਾਭ ਵਿਚ ਚੱਲ ਰਿਹਾ ਹੈ, ਜਿਸ ਕਾਰਨ ਇੰਡਸਟਰੀ ’ਤੇ ਬੋਝ ਨਹੀਂ ਪਾਉਣਾ ਚਾਹੀਦਾ। ਉਨ੍ਹਾਂ ਕਿਹਾ ਕਿ ਪਾਵਰਕਾਮ ਰੈਗੂਲੇਟਰੀ ਕਮਿਸ਼ਨਰ ਨੂੰ ਕੀਮਤਾਂ ਵਧਾਉਣ ਦੀ ਪ੍ਰਪੋਜ਼ਲ ਭੇਜ ਕੇ ਇੰਡਸਟਰੀ ਨੂੰ ਪ੍ਰਭਾਵਿਤ ਨਾ ਕਰੇ।

5210 ਰੁਪਏ ਕਿਰਾਏ ’ਤੇ ਲੱਗੇਗਾ ਪਾਵਰ ਕੁਆਲਿਟੀ ਮੀਟਰ
ਇੰਡਸਟਰੀ ਦੇ ਪ੍ਰਤੀਨਿਧੀਆਂ ਨੇ ਕਿਹਾ ਕਿ ਇੰਡਕਸ਼ਨ ਸਮੇਤ ਕਈ ਉਦਯੋਗਾਂ ਲਈ ਪਾਵਰ ਕੁਆਲਿਟੀ ਮੀਟਰ ਜ਼ਰੂਰੀ ਕੀਤਾ ਜਾ ਰਿਹਾ ਹੈ ਪਰ ਉਕਤ ਮੀਟਰ ਦਾ ਖਰਚ ਲਗਭਗ 5 ਲੱਖ ਦੇ ਲਗਭਗ ਬਣਦਾ ਹੈ। ਅਧਿਕਾਰੀਆਂ ਨੇ ਕਿਹਾ ਕਿ ਪਾਵਰਕਾਮ ਵੱਲੋਂ 5210 ਰੁਪਏ ਦੇ ਕਿਰਾਏ ’ਤੇ ਉਕਤ ਮੀਟਰ ਲਗਾਇਆ ਜਾ ਰਿਹਾ ਹੈ। ਉਥੇ ਹੀ 15 ਫ਼ੀਸਦੀ ਵਧਿਆ ਹੋਇਆ ਟੈਰਿਫ ਅਦਾ ਕਰਨ ’ਤੇ ਕਿਰਾਇਆ ਵੀ ਨਹੀਂ ਦੇਣਾ ਹੋਵੇਗਾ।

ਇਹ ਵੀ ਪੜ੍ਹੋ : ਗਣਤੰਤਰ ਦਿਵਸ ਮੌਕੇ ਦਸੂਹਾ 'ਚੋਂ ਲਾਵਾਰਿਸ ਥਾਰ ਬਰਾਮਦ, ਮਿਲੇ ਗੋਲ਼ੀਆਂ ਦੇ ਨਿਸ਼ਾਨ, ਗੈਂਗਵਾਰ ਦਾ ਖ਼ਦਸ਼ਾ

'ਜਗਬਾਣੀ' ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

shivani attri

Content Editor

Related News