ਪਾਵਰਕਾਮ ਹੁਣ ਪੰਜਾਬੀ ਛੱਡ ਅੰਗਰੇਜ਼ੀ ਵਿਚ ਲੈਣ ਲੱਗਿਆ ਪ੍ਰੀਖਿਆ!

02/16/2018 7:21:45 AM

ਪਟਿਆਲਾ (ਜੋਸਨ) - ਪੰਜਾਬ ਰਾਜ ਬਿਜਲੀ ਨਿਗਮ (ਪਾਵਰਕਾਮ) ਨੇ ਐੈੱਲ. ਡੀ. ਸੀ., ਐੈੱਸ. ਐੈੱਸ. ਏ. ਅਤੇ ਜੀ. ਈ. ਦੀ ਪ੍ਰੀਖਿਆ ਪੰਜਾਬੀ ਨੂੰ ਛੱਡ ਕੇ ਅੰਗਰੇਜ਼ੀ ਵਿਚ ਲੈਣੀ ਸ਼ੁਰੂ ਕਰ ਦਿੱਤੀ ਹੈ। ਇਸਦਾ ਚੁਫੇਰਿਓਂ ਤਿੱਖਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ। ਇਹ ਪ੍ਰੀਖਿਆ ਲਗਾਤਾਰ 2 ਹਫਤੇ ਚੱਲਣੀ ਹੈ। ਪੰਜਾਬ ਭਾਸ਼ਾ ਸਮਾਨਤਾ ਅਤੇ ਅਧਿਕਾਰ ਅੰਦੋਲਨ ਸੰਗਠਨ ਨੇ ਪਾਵਰਕਾਮ ਵੱਲੋਂ ਨੌਕਰੀਆਂ ਲਈ ਪ੍ਰੀਖਿਆ ਅੰਗਰੇਜ਼ੀ ਵਿਚ ਲੈਣ ਦੀ ਅੱਜ ਇਥੇ ਜ਼ੋਰਦਾਰ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਸੰਗਠਨ ਦੇ ਪ੍ਰਧਾਨ ਡਾ. ਜੋਗਾ ਸਿੰਘ ਅਤੇ ਜਨਰਲ ਸਕੱਤਰ ਸੇਂਥਿਲ ਨਾਥਨ ਨੇ ਕਿਹਾ ਹੈ ਕਿ ਮਾਤ ਭਾਸ਼ਾਵਾਂ ਨੂੰ ਰਸਮੀ ਖੇਤਰਾਂ 'ਚੋਂ ਬਾਹਰ ਰੱਖਣਾ ਦੱਸਦਾ ਹੈ ਕਿ ਪੰਜਾਬ ਤੇ ਭਾਰਤ ਦੇ ਪ੍ਰਸ਼ਾਸਕਾਂ ਨੂੰ ਪ੍ਰਸ਼ਾਸਨ ਸਬੰਧੀ ਗਿਆਨ ਦਾ 'ਊੜਾ-ਐੜਾ' ਵੀ ਨਹੀਂ ਆਉਂਦਾ। ਉਨ੍ਹਾਂ ਕਿਹਾ ਕਿ ਕਿਸੇ ਅਜਿਹੀ ਵਿਦੇਸ਼ੀ ਭਾਸ਼ਾ ਦੀ ਪ੍ਰਸ਼ਾਸਨ ਲਈ ਵਰਤੋਂ ਕਰਨ ਬਾਰੇ ਜਿਸ ਨੂੰ 5 ਫੀਸਦੀ ਲੋਕ ਵੀ ਨਹੀਂ ਸਮਝਦੇ, ਵਿਚ ਪੇਪਰ ਲੈਣਾ ਕਿੱਥੋਂ ਤੱਕ ਸਹੀ ਹੈ।
ਉਕਤ ਆਗੂਆਂ ਨੇ ਕਿਹਾ ਕਿ ਇਹ ਕਦਮ ਗਰੀਬ ਤੇ ਪੇਂਡੂ ਪੰਜਾਬੀਆਂ ਨਾਲ ਅਪਰਾਧਿਕ ਵਿਤਕਰੇ ਵਾਲਾ ਹੈ। ਗਰੀਬੀ ਅਤੇ ਨੌਕਰੀਆਂ ਤੋਂ ਵਿਹੂਣੇ ਨੌਜਵਾਨ ਪਹਿਲਾਂ ਹੀ ਖੁਦਕੁਸ਼ੀਆਂ ਕਰ ਰਹੇ ਹਨ। ਅੰਗਰੇਜ਼ੀ ਦੀ ਛਾਨਣੀ ਨਾਲ ਉਨ੍ਹਾਂ ਨੂੰ ਨੌਕਰੀਆਂ ਤੋਂ ਪੂਰੀ ਤਰ੍ਹਾਂ ਬਾਹਰ ਕੱਢਿਆ ਜਾ ਰਿਹਾ ਹੈ। ਇਹ ਕਦਮ ਪੰਜਾਬੀ ਤੇ ਭਾਰਤੀ ਲੋਕਾਂ ਦੀਆਂ ਆਪਣੀਆਂ ਮਾਂ ਬੋਲੀਆਂ ਲਈ ਪਿਆਰ ਤੇ ਉਨ੍ਹਾਂ ਪ੍ਰਤੀ ਪ੍ਰਤੀਬੱਧਤਾ ਦੀਆਂ ਭਾਵਨਾਵਾਂ ਦੀ ਅਪਰਾਧਿਕ ਕਿਸਮ ਦੀ ਨਿਰਾਦਰੀ ਵੀ ਹੈ।
ਇਤਿਹਾਸ ਵਿਚ ਮਿਸਾਲਾਂ ਮਿਲਦੀਆਂ ਹਨ ਕਿ ਕਿਸੇ ਮਾਂ ਬੋਲੀ ਨੂੰ ਬਣਦੀ ਮਾਨਤਾ ਨਾ ਮਿਲਣ ਕਾਰਨ ਦੇਸ਼ਾਂ ਦੇ ਟੋਟੇ ਵੀ ਹੋ ਜਾਂਦੇ ਰਹੇ ਹਨ। ਭਾਰਤ ਦੀ ਹੱਦ ਨਾਲ ਲੱਗਦੇ ਬੰਗਲਾਦੇਸ਼ ਦਾ ਬੰਗਲਾ ਭਾਸ਼ਾ ਨੂੰ ਮਾਨਤਾ ਨਾ ਮਿਲਣ ਕਰ ਕੇ ਹੋਂਦ ਵਿਚ ਆਉਣਾ ਸਾਰਾ ਭਾਰਤ ਜਾਣਦਾ ਹੈ। ਉਨ੍ਹਾਂ ਬੜੇ ਸਖਤ ਲਹਿਜ਼ੇ ਵਿਚ ਕਿਹਾ ਕਿ ਅੰਗਰੇਜ਼ਾਂ ਨੇ ਭਾਰਤ ਵਿਚਲੇ ਅੰਗਰੇਜ਼ੀ ਦੇ ਉਪਾਸਕਾਂ ਨੂੰ ਨਾ ਤਾਂ ਆਜ਼ਾਦੀ ਤੋਂ ਪਹਿਲਾਂ ਅੰਗਰੇਜ਼ ਨਸਲ ਦਾ ਹਿੱਸਾ ਮੰਨਿਆ ਸੀ ਤੇ ਨਾ ਹੁਣ ਮੰਨਣਗੇ, ਭਾਵੇਂ ਇਹ ਆਪਣੇ ਪਿੰਡਿਆਂ 'ਤੇ ਵੀ ਅੰਗਰੇਜ਼ੀ ਖੁਣਵਾ ਲੈਣ। ਉਨ੍ਹਾਂ ਸਮੂਹ ਪੰਜਾਬੀਆਂ ਨੂੰ ਬੇਨਤੀ ਕੀਤੀ ਕਿ ਉਹ ਸਥਿਤੀ ਦੀ ਗੰਭੀਰਤਾ ਨੂੰ ਸਮਝਣ ਤੇ ਜੀਵਨ ਦੇ ਹਰ ਰਸਮੀ ਖੇਤਰ ਵਿਚ ਪੰਜਾਬੀ ਭਾਸ਼ਾ ਦੀ ਸਰਦਾਰੀ ਕਾਇਮ ਕਰਾਉਣ ਲਈ ਇਕਜੁੱਟ ਹੋ ਕੇ ਸਰਗਰਮ ਹੋਣ।


Related News