ਪਾਵਰਕਾਮ ਝੋਨੇ ਲਈ 8 ਘੰਟੇ ਬਿਜਲੀ ਸਪਲਾਈ ਕਰਨ ’ਚ ਹੋਇਆ ਫੇਲ, ਸ਼ਹਿਰੀ ਖਪਤਕਾਰ ਵੀ ਹੋਏ ਪ੍ਰੇਸ਼ਾਨ
Friday, Jun 11, 2021 - 03:32 PM (IST)
ਪਟਿਆਲਾ (ਜ. ਬ.) : ਪੰਜਾਬ ’ਚ ਝੋਨੇ ਦੇ ਸੀਜ਼ਨ ਦੀ ਸ਼ੁਰੂਆਤੀ ਦਿਨ ਹੀ ਪੰਜਾਬ ’ਚ ਬਿਜਲੀ ਦੀ ਮੰਗ 12000 ਮੈਗਾਵਾਟ ਨੇੜੇ ਪਹੁੰਚ ਗਈ, ਜਿਸ ਨੂੰ ਵੇਖਦਿਆਂ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਨੇ ਆਪਣੇ ਸਰਕਾਰੀ ਥਰਮਲ ਪਲਾਂਟ ਵੀ ਭਖਾ ਦਿੱਤੇ ਪਰ ਪਾਵਰਕਾਮ ਝੋਨੇ ਲਈ 8 ਘੰਟੇ ਬਿਜਲੀ ਸਪਲਾਈ ਕਰਨ ’ਚ ਨਾਕਾਮ ਰਿਹਾ। ਮਿਲੀ ਜਾਣਕਾਰੀ ਮੁਤਾਬਕ 10 ਜੂਨ ਨੂੰ ਸ਼ਾਮ ਸਵਾ 5 ਵਜੇ ਸੂਬੇ ’ਚ ਬਿਜਲੀ ਦੀ ਮੰਗ 12 ਹਜ਼ਾਰ ਮੈਗਾਵਾਟ ਨੇੜੇ ਯਾਨੀ 11787 ਮੈਗਾਵਾਟ ਸੀ। ਇਸ ਮੰਗ ਦੀ ਪੂਰਤੀ ਵਾਸਤੇ ਪਾਵਰਕਾਮ ਨੇ ਆਪਣੇ ਰੋਪੜ ਸਥਿਤ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਦੇ 4 ’ਚੋਂ 2 ਯੂਨਿਟ 4 ਅਤੇ 6 ਨੰਬਰ ਅਤੇ ਲਹਿਰਾ ਮੁਹੱਬਤ ਸਥਿਤ ਗੁਰੂ ਹਰਿਗੋਬਿੰਦ ਥਰਮਲ ਪਲਾਂਟ ਦੇ ਤਿੰਨ ਯੂਨਿਟ ਨੰਬਰ ਇਕ, ਤਿੰਨ ਤੇ ਚਾਰ ਵੀ ਚਾਲੂ ਕਰ ਦਿੱਤੇ ਹਨ। ਇਸ ਤੋਂ ਇਲਾਵਾ ਇਸ ਵੇਲੇ ਸੂਬੇ ਦੇ ਪ੍ਰਾਈਵੇਟ ਥਰਮਲਾਂ ’ਚੋਂ ਰਾਜਪੁਰਾ ਦੇ ਦੋਵੇਂ ਯੂਨਿਟ, ਤਲਵੰਡੀ ਸਾਬੋ ਦੇ ਤਿੰਨ ’ਚੋਂ ਦੋ ਅਤੇ ਗੋਇੰਦਵਾਲ ਸਾਹਿਬ ਦਾ ਇਕ ਯੁਨਿਟ ਬਿਜਲੀ ਉਤਪਾਦਨ ਕਰ ਰਿਹਾ ਹੈ। ਇਸ ਦੌਰਾਨ ਝੋਨੇ ਦੇ ਸੀਜ਼ਨ ਦੇ ਪਹਿਲੇ ਦਿਨ ਹੀ ਪਾਵਰਕਾਮ ਆਪਣੇ ਕੀਤੇ ਇਕਰਾਰ ਅਨੁਸਾਰ 8 ਘੰਟੇ ਬਿਜਲੀ ਸਪਲਾਈ ਨਹੀਂ ਕਰ ਸਕਿਆ। ਤੈਅ ਪ੍ਰੋਗਰਾਮ ਮੁਤਾਬਕ 9 ਜੂਨ ਦੀ ਰਾਤ ਨੂੰ ਪਹਿਲੇ ਪੜਾਅ ’ਚ ਬਿਜਲੀ ਸਪਲਾਈ ਰਾਤ 9 ਤੋਂ ਸਵੇਰੇ 5 ਵਜੇ ਤੱਕ, ਦੂਜੇ ਪੜਾਅ ਵਿਚ ਸਵੇਰੇ 5 ਤੋਂ ਦੁਪਹਿਰ 1 ਵਜੇ ਤੱਕ ਅਤੇ ਤੀਜੇ ਪੜਾਅ ’ਚ ਦੁਪਹਿਰ 1 ਤੋਂ 9 ਵਜੇ ਤੱਕ ਦਿੱਤੀ ਜਾਣੀ ਸੀ ਪਰ ਪਾਵਰਕਾਮ ਇਹ ਸਪਲਾਈ ਦੇਣ ’ਚ ਨਾਕਾਮ ਰਿਹਾ ਕਿਉਂਕਿ ਪਹਿਲੇ ਪੜਾਅ ’ਚ ਬਿਜਲੀ ਸਪਲਾਈ 9 ਵਜੇ ਦੀ ਥਾਂ ਢਾਈ ਘੰਟੇ ਪਛੜ ਕੇ 11.30 ਵਜੇ ਰਾਤ ਸ਼ੁਰੂ ਹੋਈ। ਦੂਜੇ ਪੜਾਅ’ਚ ਬਿਜਲੀ ਸਪਲਾਈ ਮਿੱਥੇ ਸਮੇਂ ਮੁਤਾਬਕ ਸਵੇਰੇ 5 ਵਜੇ ਸ਼ੁਰੂ ਤਾਂ ਹੋਈ ਪਰ ਸਵੇਰੇ 10.50 ਵਜੇ ਕੱਟ ਲੱਗ ਗਿਆ ਅਤੇ 11.40 ਵਜੇ ਬਿਜਲੀ ਸਪਲਾਈ ਮੁੜ ਬਹਾਲ ਹੋਈ। ਇਹ ਹਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜ਼ਿਲ੍ਹੇ ਪਟਿਆਲਾ ਦਾ ਹੈ। ਇਸੇ ਤਰੀਕੇ ਪੰਜਾਬ ਦੇ ਹੋਰ ਥਾਵਾਂ ਤੋਂ ਵੀ ਅਜਿਹੀਆਂ ਹੀ ਰਿਪੋਰਟਾਂ ਪ੍ਰਾਪਤ ਹੋਈਆਂ ਹਨ। ਝੋਨੇ ਦੀ ਬਿਜਾਈ ’ਚ ਰੁੱਝੇ ਕਿਸਾਨਾਂ ਦਾ ਕਹਿਣਾ ਹੈ ਕਿ ਪਾਵਰਕਾਮ ਵੱਲੋਂ ਭਾਵੇਂ 8 ਘੰਟੇ ਬਿਜਲੀ ਸਪਲਾਈ ਦਾ ਵਾਅਦਾ ਕੀਤਾ ਗਿਆ ਹੈ ਪਰ 8 ’ਚੋਂ ਢਾਈ ਤੋਂ ਤਿੰਨ ਘੰਟੇ ਦੇ ਅਣ-ਐਲਾਨੇ ਕੱਟ ਲਗਾਏ ਜਾ ਰਹੇ ਹਨ। ਸਾਨੂੰ 5 ਤੋਂ 6 ਘੰਟੇ ਹੀ ਬਿਜਲੀ ਮਿਲ ਰਹੀ ਹੈ।
ਇਹ ਵੀ ਪੜ੍ਹੋ : ਦਿੱਲੀ ਸਰਕਾਰ ਮਿਆਰੀ ਸਕੂਲ ਸਿੱਖਿਆ ਮਾਡਲ ਲਾਗੂ ਕਰਨ ਬਾਰੇ ਪੰਜਾਬ ਤੋਂ ਸਿੱਖੇ : ਸਿੰਗਲਾ
ਸਟਾਫ ਦੀ ਘਾਟ ਕਾਰਨ ਬਿਜਲੀ ਸਪਲਾਈ ਢਾਂਚਾ ਹੋਇਆ ਪ੍ਰਭਾਵਿਤ
ਇਸ ਦੌਰਾਨ ਪਾਵਰਕਾਮ ’ਚ ਸਟਾਫ ਦੀ ਘਾਟ ਕਾਰਨ ਬਿਜਲੀ ਸਪਲਾਈ ਢਾਂਚਾ ਬੁਰੀ ਤਰ੍ਹਾਂ ਪ੍ਰਭਾਵਤ ਹੋਇਆ ਹੈ। ਜਿਥੇ ਦਿਹਾਤੀ ਇਲਾਕਿਆਂ ’ਚ ਬਿਜਲੀ ਸਪਲਾਈ ਵਿਚ ਨੁਕਸ ਪੈਣ ਮਗਰੋਂ ਇਸ ਦੀ ਰਿਪੇਅਰ ਵਾਸਤੇ ਮੁਲਾਜ਼ਮ ਘੱਟ ਹੋਣ ਕਾਰਨ ਕਈ ਕਈ ਘੰਟੇ ਖਪਤਕਾਰਾਂ ਨੂੰ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ, ਉਥੇ ਹੀ ਸ਼ਹਿਰੀ ਖੇਤਰਾਂ ਵਿਚ ਵੀ ਸਟਾਫ ਕਾਰਨ ਲੋਕ ਪ੍ਰੇਸ਼ਾਨ ਹਨ। ਇਕ ਛੋਟੇ ਜਿਹੇ ਫਿਊਜ਼ ਉਡਣ ਦੇ ਮਾਮਲੇ ਨਾਲ ਨਜਿੱਠਣ ਲਈ ਵੀ ਸਾਢੇ 5-5 ਘੰਟੇ ਦੀ ਉਡੀਕ ਕਰਨੀ ਪੈ ਰਹੀ ਹੈ। ਇਸ ਦੌਰਾਨ ਹੀ ਲਹਿਰਾ ਮੁਹੱਬਤ ਸਥਿਤ ਗੁਰੂ ਹਰਿਗੋਬਿੰਦ ਥਰਮਲ ਪਲਾਂਟ ਦੇ ਇੰਜੀਨੀਅਰਜ਼ ਅਤੇ ਸਟਾਫ ਦੀ ਘਾਟ ਦਾ ਮਾਮਲਾ ਸੀ. ਐੱਮ. ਡੀ. ਕੋਲ ਪਹੁੰਚ ਗਿਆ ਹੈ। ਇਸ ਮਾਮਲੇ ’ਚ ਸਟਾਫ ਦੇ ਹਸਤਾਖ਼ਰਾਂ ਵਾਲਾ ਇਕ ਪੱਤਰ ਸੀ. ਐੱਮ. ਡੀ. ਨੂੰ ਭੇਜਿਆ ਗਿਆ ਹੈ, ਜਿਸ ਵਿਚ ਇਸ ਗੱਲ ਦਾ ਵਿਸਥਾਰ ਨਾਲ ਜ਼ਿਕਰ ਕੀਤਾ ਗਿਆ ਹੈ ਕਿ ਸਟਾਫ ਦੀ ਘਾਟ ਕਾਰਨ ਕੀ ਮੁਸ਼ਕਿਲਾਂ ਆ ਰਹੀਆਂ ਹਨ।
ਇਹ ਵੀ ਪੜ੍ਹੋ : ਗ਼ਰੀਬ ਆਟੋ ਚਾਲਕ ਦੇ ਬੱਚੇ ਦੀ ਟੁੱਟੀ ਬਾਂਹ, ਫ਼ਰਿਸ਼ਤਾ ਬਣ ਕੇ ਬਹੁੜਿਆ ਸਿਹਤ ਮਹਿਕਮਾ
ਇੰਜੀਨੀਅਰਜ਼ ਦੇ ਸੰਘਰਸ਼ ਕਾਰਨ ਝੋਨੇ ਦੇ ਸੀਜ਼ਨ ’ਚ ਸਪਲਾਈ ’ਚ ਅੜਿੱਕੇ
ਪੀ. ਐੱਸ. ਈ. ਬੀ. ਇੰਜੀਨੀਅਰਜ਼ ਐਸੋਸੀਏਸ਼ਨ ਨੇ ਜਿਥੇ 7 ਜੂਨ ਤੋਂ ਆਪਣੇ ਸ਼ਾਮ 5 ਤੋਂ ਸਵੇਰੇ 9 ਵਜੇ ਤੱਕ ਸਰਕਾਰੀ ਮੋਬਾਇਲ ਬੰਦ ਰੱਖਣ ਦੇ ਸ਼ੁਰੂ ਕੀਤੇ ਸੰਘਰਸ਼ ਨੂੰ ਅਮਲੀ ਜਾਮਾ ਪਹਿਨਾਇਆ ਹੈ, ਉਥੇ ਹੀ ਐਸੋਸੀਏਸ਼ਨ ਨੇ ਸੀ. ਐੱਮ. ਡੀ. ਨੂੰ ਸਪਲਾਈ ਬਰਕਰਾਰ ਰੱਖਣ ਲਈ ਸਾਮਾਨ ਦੀ ਘਾਟ ਮੁਡ਼ ਦੁਹਰਾਈ ਹੈ। ਇੰਜੀਨੀਅਰਜ਼ ਦੀ ਹਡ਼ਤਾਲ ਕਾਰਨ ਝੋਨੇ ਦੀ ਸੀਜ਼ਨ ’ਚ ਸਪਲਾਈ ਬਰਕਰਾਰ ਰੱਖਣ ਲਈ ਦਿਹਾਤੀ ਤੇ ਸ਼ਹਿਰੀ ਦੋਵਾਂ ਖੇਤਰਾਂ ’ਚ ਖਪਤਕਾਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਕੀ ਕਹਿਣਾ ਹੈ ਸੀ. ਐੱਮ. ਡੀ. ਦਾ
ਇਸ ਦੌਰਾਨ ਪਾਵਰਕਾਮ ਦੇ ਸੀ. ਐੱਮ. ਡੀ. ਏ. ਵੇਨੂ ਪ੍ਰਸਾਦ ਨੇ ‘ਜਗ ਬਾਣੀ’ਨੂੰ ਦੱਸਿਆ ਕਿ ਪਾਵਰਕਾਮ ਵੱਲੋਂ ਅੱਜ ਤੋਂ ਝੋਨੇ ਲਈ 8 ਘੰਟੇ ਬਿਜਲੀ ਸਪਲਾਈ ਕਰਨ ਦੇ ਪ੍ਰਬੰਧ ਕੀਤੇ ਗਏ ਹਨ ਪਰ ਜੇਕਰ ਕੋਈ ਸਪਲਾਈ ਘੱਟ ਰਹਿ ਜਾਂਦੀ ਹੈ ਤਾਂ ਅਗਲੇ ਦਿਨ ਇਸ ਦਾ ਮੁਆਵਜ਼ਾ ਵਾਧੂ ਸਪਲਾਈ ਦੇ ਰੂਪ ’ਚ ਮਿਲ ਜਾਵੇਗਾ। ਉਨ੍ਹਾਂ ਦੱਸਿਆ ਕਿ ਮੁਸ਼ਕਿਲਾਂ ਦੇ ਹੱਲ ਲਈ ਕੱਲ 11 ਜੂਨ ਨੂੰ ਮੀਟਿੰਗ ਸੱਦੀ ਗਈ ਹੈ, ਜਿਸ ’ਚ ਇਹ ਸਾਰੇ ਮਾਮਲੇ ਨਿਪਟਾਏ ਜਾਣਗੇ। ਇੰਜੀਨੀਅਰਜ਼ ਦੀ ਹੜਤਾਲ ਬਾਰੇ ਉਨ੍ਹਾਂ ਦਾ ਕਹਿਣਾ ਸੀ ਕਿ ਉਹ ਲੋਕ ਹਿੱਤਾਂ ’ਚ ਉਨ੍ਹਾਂ ਨੂੰ ਬੇਨਤੀ ਕਰਦੇ ਹਨ ਕਿ ਉਹ ਸਹਿਯੋਗ ਦੇਣ। ਲਹਿਰਾ ਮੁਹੱਬਤ ਪਲਾਂਟ ’ਚ ਸਟਾਫ ਦੀ ਘਾਟ ਬਾਰੇ ਉਨ੍ਹਾਂ ਕਿਹਾ ਕਿ ਅਸੀਂ ਜੀ. ਐੱਮ. ਨੂੰ ਪੂਰਾ ਸਟਾਫ ਦਿੱਤਾ ਹੈ। ਜੇਕਰ ਕੋਈ ਘਾਟ ਹੈ ਤਾਂ ਉਹ ਠੇਕੇ ’ਤੇ ਸਟਾਫ ਰੱਖ ਸਕਦੇ ਹਨ।
ਇਹ ਵੀ ਪੜ੍ਹੋ : ਨਿੱਜੀ ਹਸਪਤਾਲਾਂ ਲਈ ਕੋਵਿਡ ਟੀਕੇ ਦੀਆਂ ਕੀਮਤਾਂ ’ਤੇ ਕੇਂਦਰ ਨੇ ਬਹੁਤ ਦੇਰੀ ਨਾਲ ਲਿਆ ਫੈਸਲਾ : ਸਿਹਤ ਮੰਤਰੀ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ