ਪੰਜਾਬ ਪਾਵਰਕਾਮ ਦੀ ਵੱਡੀ ਉਪਲੱਬਧੀ: PSPCL ਨੇ 15000 ਮੈਗਾਵਾਟ ਦੀ ਡਿਮਾਂਡ ਪੂਰੀ ਕਰਕੇ ਬਣਾਇਆ ਰਿਕਾਰਡ

Friday, Jun 23, 2023 - 12:39 PM (IST)

ਪੰਜਾਬ ਪਾਵਰਕਾਮ ਦੀ ਵੱਡੀ ਉਪਲੱਬਧੀ: PSPCL ਨੇ 15000 ਮੈਗਾਵਾਟ ਦੀ ਡਿਮਾਂਡ ਪੂਰੀ ਕਰਕੇ ਬਣਾਇਆ ਰਿਕਾਰਡ

ਜਲੰਧਰ (ਪੁਨੀਤ)–ਪੀ. ਐੱਸ. ਪੀ. ਸੀ. ਐੱਲ. ਨੇ 15000 ਮੈਗਾਵਾਟ ਤੋਂ ਵੱਧ ਦੀ ਡਿਮਾਂਡ ਨੂੰ ਪੂਰਾ ਕਰਦੇ ਹੋਏ ਸਪਲਾਈ ਦਾ ਨਵਾਂ ਰਿਕਾਰਡ ਕਾਇਮ ਕੀਤਾ ਹੈ। ਕੱਟ ਰਹਿਤ ਬਿਜਲੀ ਲਈ ਵਿਭਾਗ ਵੱਲੋਂ ਉੱਤਰੀ ਗਰਿੱਡ ਤੋਂ ਬਿਜਲੀ ਲਈ ਜਾ ਰਹੀ ਹੈ। ਤਿੱਖੀ ਗਰਮੀ ਵਿਚਕਾਰ ਤਾਪਮਾਨ 41-42 ਡਿਗਰੀ ਤੋਂ ਪਾਰ ਪਹੁੰਚ ਚੁੱਕਾ ਹੈ, ਜਿਸ ਕਾਰਨ ਬਿਜਲੀ ਦੀ ਮੰਗ ਵਿਚ ਰੋਜ਼ਾਨਾ ਵਾਧਾ ਹੋ ਰਿਹਾ ਹੈ। ਇਸ ਦੇ ਬਾਵਜੂਦ ਵਿਭਾਗ ਵੱਲੋਂ ਸਾਰੀਆਂ ਕੈਟਾਗਰੀਆਂ ਦੇ ਖ਼ਪਤਕਾਰਾਂ ਨੂੰ ਕੱਟ ਰਹਿਤ ਬਿਜਲੀ ਮੁਹੱਈਆ ਕਰਵਾਈ ਜਾ ਰਹੀ ਹੈ।

ਪੀ. ਐੱਸ. ਪੀ. ਸੀ. ਐੱਲ. ਦੇ ਸੀ. ਐੱਮ. ਡੀ. ਬਲਦੇਵ ਸਿੰਘ ਸਰਾਂ ਨੇ ਕਿਹਾ ਕਿ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਕਿਸਾਨਾਂ ਨੂੰ 8 ਘੰਟੇ ਸਪਲਾਈ ਦੇਣ ਕਾਰਨ ਬਿਜਲੀ ਦੀ ਡਿਮਾਂਡ ਵਧ ਚੁੱਕੀ ਹੈ। ਵਿਭਾਗ ਵੱਲੋਂ ਕਿਸਾਨਾਂ ਨੂੰ 4 ਪੜਾਵਾਂ ਵਿਚ ਬਿਜਲੀ ਸਪਲਾਈ ਦੇਣ ਦਾ ਸ਼ਡਿਊਲ ਬਣਾਇਆ ਗਿਆ ਸੀ, ਜਿਸ ਦੀ ਸ਼ੁਰੂਆਤ 10 ਜੂਨ ਤੋਂ ਹੋਈ ਸੀ। ਇਸਦੇ ਆਖਰੀ ਪੜਾਅ ਤਹਿਤ 21 ਜੂਨ ਤੋਂ ਪੰਜਾਬ ਭਰ ਦੇ ਕਿਸਾਨਾਂ ਨੂੰ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ।

ਇਹ ਵੀ ਪੜ੍ਹੋ:ਪਟਵਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, ਪੰਜਾਬ ਵਕਫ਼ ਬੋਰਡ ਨੇ ਲਿਆ ਇਤਿਹਾਸਕ ਫ਼ੈਸਲਾ

PunjabKesari

ਸਰਾਂ ਨੇ ਕਿਹਾ ਕਿ ਵਿਭਾਗ ਵੱਲੋਂ ਕੱਟ ਰਹਿਤ ਬਿਜਲੀ ਮੁਹੱਈਆ ਕਰਵਾਉਣ ਦੇ ਪ੍ਰਬੰਧ ਪਹਿਲਾਂ ਹੀ ਕਰ ਲਏ ਗਏ ਸਨ। ਇਸ ਕਾਰਨ ਡਿਮਾਂਡ ਦੇ ਮੁਤਾਬਕ ਉੱਤਰੀ ਗਰਿੱਡ ਤੋਂ ਬਿਜਲੀ ਲਈ ਜਾ ਰਹੀ ਹੈ। ਸਪਲਾਈ ਦੇ ਮੁਤਾਬਕ 22 ਜੂਨ ਨੂੰ ਦੁਪਹਿਰ 2 ਵਜੇ ਦੇ ਲਗਭਗ ਬਿਜਲੀ ਦੀ ਡਿਮਾਂਡ ਆਪਣੇ ਸਿਖਰ ’ਤੇ ਰਹੀ ਅਤੇ ਵਿਭਾਗ ਨੇ 15054 ਮੈਗਾਵਾਟ ਦੀ ਡਿਮਾਂਡ ਨੂੰ ਪੂਰਾ ਕੀਤਾ, ਜੋ ਕਿ ਇਕ ਰਿਕਾਰਡ ਹੈ। ਪੰਜਾਬ ਵਿਚ 21 ਜੂਨ ਨੂੰ ਬਿਜਲੀ ਦੀ ਡਿਮਾਂਡ 14960 ਚੱਲ ਰਹੀ ਸੀ, ਜਿਸ ਦੇ ਲਈ ਵਿਭਾਗ ਵੱਲੋਂ ਉੱਤਰੀ ਗਰਿੱਡ ਤੋ 8716 ਮੈਗਾਵਾਟ ਬਿਜਲੀ ਲਈ ਗਈ ਸੀ।

ਪਾਵਰਕਾਮ ਵੱਲੋਂ ਕਿਸਾਨਾਂ ਨੂੰ 4 ਪੜਾਵਾਂ ਵਿਚ ਸ਼ਡਿਊਲ ਨਿਰਧਾਰਿਤ ਕੀਤਾ ਗਿਆ ਸੀ, ਜਿਸ ਤਹਿਤ 21 ਜੂਨ ਨੂੰ ਪਟਿਆਲਾ ਸਮੇਤ 9 ਜ਼ਿਲਿਆਂ ਵਿਚ ਸਪਲਾਈ ਸ਼ੁਰੂ ਕੀਤੀ ਗਈ ਹੈ। ਪੰਜਾਬ ਦੇ ਸਾਰੇ ਜ਼ੋਨਾਂ ਵਿਚ ਸਪਲਾਈ ਸ਼ੁਰੂ ਹੋ ਜਾਣ ਕਾਰਨ ਡਿਮਾਂਡ ਵਿਚ ਬੇਹੱਦ ਵਾਧਾ ਹੋਇਆ ਹੈ, ਜਿਸ ਕਾਰਨ ਅੱਜ 15054 ਮੈਗਾਵਾਟ ਸਪਲਾਈ ਮੁਹੱਈਆ ਕਰਵਾਉਂਦੇ ਹੋਏ ਪਾਵਰਕਾਮ ਨੇ ਰਿਕਾਰਡ ਬਣਾਇਆ ਹੈ।

ਇਹ ਵੀ ਪੜ੍ਹੋ: ਮੁਕੇਰੀਆਂ: ਦੋ ਭੈਣਾਂ ਦੇ ਇਕਲੌਤੇ ਭਰਾ ਦੀ ਸ਼ੱਕੀ ਹਾਲਾਤ 'ਚ ਮੌਤ, ਦੁਕਾਨ ਦੇ ਅੰਦਰੋਂ ਖ਼ੂਨ ਨਾਲ ਲਥਪਥ ਮਿਲੀ ਲਾਸ਼

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


author

shivani attri

Content Editor

Related News