ਪਾਵਰਕਾਮ ਦੀ ਬਿਜਲੀ ਚੋਰੀ ਫੜਨ ਦੀ ਮੁਹਿੰਮ ਠੰਡੇ ਬਸਤੇ ''ਚ

Monday, Oct 30, 2017 - 10:34 AM (IST)

ਪਾਵਰਕਾਮ ਦੀ ਬਿਜਲੀ ਚੋਰੀ ਫੜਨ ਦੀ ਮੁਹਿੰਮ ਠੰਡੇ ਬਸਤੇ ''ਚ


ਅੰਮ੍ਰਿਤਸਰ (ਰਮਨ) - ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਵੱਲੋਂ ਪਿਛਲੇ ਸਮੇਂ 'ਚ ਬਿਜਲੀ ਚੋਰੀ ਨੂੰ ਰੋਕਣ ਲਈ ਤਰ੍ਹਾਂ-ਤਰ੍ਹਾਂ ਦੀਆਂ ਮੁਹਿੰਮਾਂ ਚਲਾਈਆਂ ਗਈਆਂ ਪਰ ਜਦੋਂ ਤੋਂ ਨਵੀਂ ਸਰਕਾਰ ਬਣੀ ਹੈ ਉਦੋਂ ਤੋਂ ਬਿਜਲੀ ਚੋਰੀ ਫੜਨ ਦੀ ਮੁਹਿੰਮ ਠੰਡੇ ਬਸਤੇ ਵਿਚ ਪਈ ਹੋਈ ਹੈ। ਬਿਜਲੀ ਚੋਰੀ ਕਰਨ ਵਾਲੇ ਪਾਵਰਕਾਮ ਤੋਂ ਵੀ ਅੱਗੇ ਹਨ ਤੇ ਸ਼ਰੇਆਮ ਬਿਜਲੀ ਚੋਰੀ ਕਰ ਰਹੇ ਹਨ। ਇਸ ਨੂੰ ਲੈ ਕੇ ਪਾਵਰਕਾਮ ਨੂੰ ਹਰ ਰੋਜ਼ ਲੱਖਾਂ ਦਾ ਚੂਨਾ ਲੱਗ ਰਿਹਾ ਹਨ। ਪਾਵਰਕਾਮ ਦੀਆਂ ਕੁਝ ਕਾਲੀਆਂ ਭੇਡਾਂ ਦੀ ਵਜ੍ਹਾ ਨਾਲ ਵੀ ਬਿਜਲੀ ਚੋਰੀ ਹੋ ਰਹੀ ਹੈ। ਆਏ ਦਿਨ ਬਿਜਲੀ ਚੋਰੀ ਕਰਵਾਉਣ ਵਾਲੇ ਲੋਕ ਇਸ ਦੇ ਲਈ ਨਵੇਂ ਹੱਥਕੰਡੇ ਅਪਣਾ ਰਹੇ ਹਨ। ਘਰਾਂ ਤੋਂ ਬਾਹਰ ਮੀਟਰ ਕੱਢਣ ਵਾਲੀ ਕੰਪਨੀ ਵੀ ਭੱਜ ਗਈ ਹੈ। ਇਹ ਵਿਭਾਗ ਤੇ ਅਧਿਕਾਰੀਆਂ ਦਾ ਬਿਜਲੀ ਚੋਰੀ ਰੋਕਣ ਦਾ ਪਾਇਲਟ ਪ੍ਰਾਜੈਕਟ ਸੀ ਕਿ ਸਾਰੇ ਮੀਟਰ ਘਰਾਂ ਤੋਂ ਬਾਹਰ ਪਿੱਲਰ ਬਾਕਸਿਆਂ 'ਚ ਲਾਏ ਜਾਣ ਪਰ ਇਹ ਵੀ ਬੰਦ ਹੋ ਗਿਆ ਹੈ।
ਪਾਵਰਕਾਮ ਦੇ ਅਧਿਕਾਰੀਆਂ ਮੁਤਾਬਕ ਹੁਣ ਮਾਰਕੀਟ ਵਿਚ ਬਿਜਲੀ ਚੋਰੀ ਕਰਵਾਉਣ ਵਾਲਾ ਗਿਰੋਹ ਕੰਪਿਊਟਰ ਤੋਂ ਬਿਜਲੀ ਮੀਟਰ ਨੂੰ ਹੈਕ ਕਰ ਰਿਹਾ ਹੈ, ਜਿਸ ਨਾਲ ਪਾਵਰਕਾਮ ਦੇ ਅਧਿਕਾਰੀ ਵੀ ਦੁਖੀ ਹਨ। ਪਾਵਰਕਾਮ ਕਾਰਪੋਰੇਸ਼ਨ ਨੂੰ ਆਏ ਦਿਨ ਚੂਨਾ ਲੱਗ ਰਿਹਾ ਹੈ। ਚਾਹੇ ਉਹ ਬਿਜਲੀ ਚੋਰੀ ਹੋਵੇ ਜਾਂ ਹੋਰ ਕੋਈ, ਲੋਕਾਂ ਨੇ ਬਿਜਲੀ ਦੇ ਕੁਨੈਕਸ਼ਨ ਘਰਾਂ ਦੇ ਇਕ ਕਿਲੋਵਾਟ ਦੇ ਪਾਸ ਕਰਵਾਏ ਹੋਏ ਹਨ ਪਰ ਉਨ੍ਹਾਂ ਦੇ ਸਾਰੇ ਘਰ ਦਾ ਲੋਡ 5 ਕਿਲੋਵਾਟ ਹੈ, ਜਿਸ ਨਾਲ ਪਾਵਰਕਾਮ ਦੇ ਟਰਾਂਸਫਾਰਮਰਾਂ ਦੀ ਆਏ ਦਿਨ ਹਾਲਤ ਖਸਤਾ ਹੋ ਰਹੀ ਹੈ। ਹਰ ਰੋਜ਼ ਸ਼ਹਿਰੀ ਤੇ ਦਿਹਾਤੀ ਇਲਾਕਿਆਂ ਵਿਚ ਕਈ ਟਰਾਂਸਫਾਰਮਰ ਖਰਾਬ ਹੋ ਰਹੇ ਹਨ। 

ਬਿਨਾਂ ਮੀਟਰ ਚੱਲਦੀ ਹੈ ਲਾਈਟ 
ਸ਼ਹਿਰ ਦੇ ਕਈ ਸਲੱਮ ਇਲਾਕਿਆਂ ਵਿਚ ਲੋਕਾਂ ਦੇ ਘਰਾਂ 'ਚ ਬਿਜਲੀ ਮੀਟਰ ਨਹੀਂ ਲੱਗੇ ਹੋਏ,  ਉਨ੍ਹਾਂ ਦਾ ਪਤਾ ਵਿਭਾਗ ਨੂੰ ਵੀ ਹੈ ਪਰ ਪਾਵਰਕਾਮ ਦੇ ਹੇਠਲੇ ਪੱਧਰ 'ਤੇ ਮਿਲੇ ਹੋਏ ਕਰਮਚਾਰੀਆਂ ਦੀ ਵਜ੍ਹਾ ਕਾਰਨ ਹੀ ਬਿਜਲੀ ਚੋਰੀ ਹੁੰਦੀ ਹੈ, ਜਿਸ ਨਾਲ ਲੋਕ ਫਰਿੱਜ, ਹੀਟਰ, ਏ. ਸੀ. ਤੱਕ ਘਰਾਂ 'ਚ ਚਲਾਉਂਦੇ ਹਨ, ਜਿਸ ਨਾਲ ਪਾਵਰਕਾਮ ਨੂੰ ਲੱਖਾਂ ਦਾ ਘਾਟਾ ਵੀ ਪੈ ਰਿਹਾ ਹੈ।

2 ਕਦਮ ਅੱਗੇ ਬਿਜਲੀ ਚੋਰ
ਪਾਵਰਕਾਮ ਵੱਲੋਂ ਬਿਜਲੀ ਚੋਰੀ ਨੂੰ ਰੋਕਣ ਲਈ ਤਰ੍ਹਾਂ-ਤਰ੍ਹਾਂ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਬਿਜਲੀ ਚੋਰੀ ਰੁਕਣ ਦਾ ਨਾਂ ਨਹੀਂ ਲੈ ਰਹੀ। ਬਿਜਲੀ ਚੋਰੀ ਦੇ ਨਵੇਂ-ਨਵੇਂ ਤਰੀਕਿਆਂ ਤੋਂ ਪਾਵਰਕਾਮ ਦੇ ਅਧਿਕਾਰੀ ਵੀ ਪ੍ਰੇਸ਼ਾਨ ਹਨ। ਆਏ ਦਿਨ ਬਿਜਲੀ ਚੋਰ ਨਵੇਂ-ਨਵੇਂ ਉਪਕਰਨਾਂ ਨਾਲ ਲੋਕਾਂ ਤੋਂ ਪੈਸੇ ਠੱਗ ਕੇ ਬਿਜਲੀ ਚੋਰੀ ਕਰਵਾ ਰਹੇ ਹਨ। ਪਾਵਰਕਾਮ ਦੀਆਂ ਹੀ ਕੁਝ ਕਾਲੀਆਂ ਭੇਡਾਂ ਬਿਜਲੀ ਚੋਰੀ ਕਰ ਰਹੀਆਂ ਹਨ। ਕੁਝ ਸਮਾਂ ਪਹਿਲਾਂ ਕਈ ਬਿਜਲੀ ਕਰਮਚਾਰੀ ਬਿਜਲੀ ਚੋਰੀ ਕਰਦੇ ਫੜੇ ਗਏ ਹਨ ਤੇ ਉਨ੍ਹਾਂ ਨੂੰ ਜੁਰਮਾਨਾ ਵੀ ਲੱਗਾ ਹੈ। ਇਕ ਪਾਸੇ ਵਿਭਾਗ ਦਿਨ-ਰਾਤ ਇਕ ਕਰ ਕੇ ਚੋਰੀ ਰੋਕਣ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਉਨ੍ਹਾਂ ਦੇ ਕੁਝ ਅਧਿਕਾਰੀ ਬਿਜਲੀ ਚੋਰੀ ਕਰਨ ਦੇ ਭੇਤ ਉਨ੍ਹਾਂ ਨੂੰ ਦੱਸ ਰਹੇ ਹਨ।

ਪਾਵਰਕਾਮ ਜੇਕਰ ਬਿਜਲੀ ਚੋਰੀ ਰੋਕਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਚੋਰੀ ਕਰਨ ਦੇ ਵੀ ਕਈ ਨਵੇਂ ਕੇਸ ਸਾਹਮਣੇ ਆ ਰਹੇ ਹਨ। ਦੇਖਣ 'ਚ ਆਇਆ ਕਿ ਸੀਲਾਂ ਤੋੜ ਕੇ ਕਈ ਲੋਕਾਂ ਨੇ ਮੀਟਰ ਦੇ ਅੰਦਰ ਸਰਕਟ ਅਤੇ ਰਜਿਸਟੈਂਸ ਫਿਟ ਕੀਤੇ ਹੋਏ ਹਨ। ਉਕਤ ਸਰਕਟ ਰਿਮੋਟ ਨਾਲ ਕੰਮ ਸ਼ੁਰੂ ਕਰਦੇ ਹਨ ਅਤੇ ਬਿਜਲੀ ਚੋਰੀ ਕਰਨ ਵਾਲੇ ਮੀਟਰ ਦੀ ਸਪੀਡ ਨੂੰ ਘੱਟ ਕਰ ਦਿੰਦੇ ਹਨ ਰਜਿਸਟੈਂਸ ਤੋਂ ਸਿੰਗਲ ਫੇਸ ਵਿਚ 25 ਫ਼ੀਸਦੀ ਮੀਟਰ ਘੱਟ ਰਫ਼ਤਾਰ ਨਾਲ ਚੱਲਦਾ ਹੈ ਜੋ ਕਿ ਆਮ ਤੌਰ 'ਤੇ ਕਿਸੇ ਨੂੰ ਦਿਖਾਈ ਵੀ ਨਹੀਂ ਦਿੰਦਾ। ਅਧਿਕਾਰੀ ਦੱਸਦੇ ਹਨ ਕਿ ਪਾਵਰਕਾਮ ਵੱਲੋਂ ਚੈਕਿੰਗ ਕਰਨ 'ਤੇ ਉਕਤ ਕੇਸ ਸਾਹਮਣੇ ਆ ਜਾਂਦੇ ਹਨ ਅਤੇ ਖਪਤਕਾਰ 'ਤੇ ਭਾਰੀ ਜੁਰਮਾਨਾ ਵੀ ਪੈਂਦਾ ਹੈ।


Related News