ਕਰਫਿਊ : ਪਾਵਰਕਾਮ ਦੀ ਅਪ੍ਰੈਲ ''ਚ ਆਮਦਨ 46 ਫੀਸਦੀ ਤੇ ਸਪਲਾਈ 40 ਫੀਸਦੀ ਘਟੀ

Saturday, Apr 25, 2020 - 01:06 AM (IST)

ਕਰਫਿਊ : ਪਾਵਰਕਾਮ ਦੀ ਅਪ੍ਰੈਲ ''ਚ ਆਮਦਨ 46 ਫੀਸਦੀ ਤੇ ਸਪਲਾਈ 40 ਫੀਸਦੀ ਘਟੀ

ਪਟਿਆਲਾ,(ਪਰਮੀਤ) : ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਲਈ ਪੰਜਾਬ ਵਿਚ ਲਾਗੂ ਹੋਇਆ ਕਰਫਿਊ ਬਹੁਤ ਮਹਿੰਗਾ ਸਾਬਤ ਹੋ ਰਿਹਾ ਹੈ। 1 ਤੋਂ 22 ਅਪ੍ਰੈਲ ਤੱਕ ਦੇ ਅਰਸੇ ਦੌਰਾਨ ਪਾਵਰਕਾਮ ਦੀ ਆਮਦਨ ਪਿਛਲੇ ਸਾਲ ਦੇ ਮੁਕਾਬਲੇ 46 ਫੀਸਦੀ ਘੱਟ ਗਈ ਜਦਕਿ ਸਪਲਾਈ ਵੀ 40 ਫੀਸਦੀ ਘੱਟ ਗਈ ਹੈ। ਪਾਵਰਕਾਮ ਦੇ ਸੂਤਰਾਂ ਮੁਤਾਬਕ ਪਾਵਰਕਾਮ ਨੂੰ ਪਿਛਲੇ ਸਾਲ 1 ਤੋਂ 22 ਅਪ੍ਰੈਲ ਤੱਕ ਬਿਜਲੀ ਬਿੱਲਾਂ ਦੀ ਅਦਾਇਗੀ ਤੋਂ 1400 ਕਰੋੜ ਰੁਪਏ ਮਾਲੀਆ ਮਿਲਿਆ ਸੀ, ਜਦਕਿ ਇਸ ਵਾਰ ਇਸ ਸਮੇਂ ਦੌਰਾਨ ਸਿਰਫ 650 ਕਰੋੜ ਰੁਪਏ ਮਿਲੇ ਹਨ, ਜੋ ਕਿ ਪਿਛਲੇ ਸਾਲ ਦੇ ਮੁਕਾਬਲੇ ਸਿਰਫ 46 ਫੀਸਦੀ ਹੀ ਬਣਦੇ ਹਨ। ਵੱਡੀ ਗੱਲ ਇਹ ਹੈ ਕਿ 650 ਕਰੋੜ ਰੁਪਏ ਵਿਚ ਵੀ 60 ਕਰੋੜ ਰੁਪਏ ਉਹ ਹਨ ਜੋ ਵੱਡੇ ਉਦਯੋਗਪਤੀਆਂ ਨੇ ਐਡਵਾਂਸ ਬਿੱਲ ਜਮ੍ਹਾ ਕਰਵਾਏ ਹਨ ਅਤੇ ਇਸ ਵਿਚ ਕੁਝ ਰਾਸ਼ੀ ਉਹ ਵੀ ਹੈ ਜੋ ਮਾਰਚ 2020 ਦੇ ਪੈਂਡਿੰਗ ਬਿੱਲਾਂ ਦੀ ਅਦਾਇਗੀ ਹੈ।

ਸੂਤਰਾਂ ਮੁਤਾਬਕ ਪਾਵਰਕਾਮ ਲਈ ਇਹ ਸਮਾਂ ਜਿਥੇ ਮੁਸ਼ਕਿਲ ਭਰਿਆ ਰਿਹਾ ਹੈ, ਉਥੇ ਹੀ ਆਉਂਦਾ ਮਈ ਮਹੀਨਾ ਹੋਰ ਵੀ ਜ਼ਿਆਦਾ ਗੰਭੀਰ ਹੋਣ ਦਾ ਖਦਸ਼ਾ ਹੈ ਕਿਉਂਕਿ ਕਰਫਿਊ ਲਾਗੂ ਹੋਣ ਦੇ ਸਮੇਂ ਵਿਚ ਬਿਲਿੰਗ ਬਹੁਤ ਘੱਟ ਹੋਈ ਹੈ ਅਤੇ ਆਮਦਨ ਉਸ ਅਨੁਸਾਰ ਘੱਟ ਰਹੇਗੀ। ਪਾਵਰਕਾਮ ਨੇ ਕਮਰਸ਼ੀਅਲ ਖਪਤਕਾਰਾਂ ਦੇ ਬਿੱਲਾਂ ਦੀ ਬਿਲਿੰਗ ਪਿਛਲੇ ਸਾਲ ਦੇ ਮੁਕਾਬਲੇ ਸਿਰਫ 20 ਫੀਸਦੀ ਕੀਤੀ ਹੈ ਕਿਉਂਕਿ ਫੈਕਟਰੀਆਂ ਅਤੇ ਹੋਰ ਕਾਰੋਬਾਰ ਬੰਦ ਹਨ। ਇਸੇ ਤਰ੍ਹਾਂ ਲਘੂ ਉਦਯੋਗਾਂ ਨੂੰ ਦਿੱਤੀ ਜਾਂਦੀ ਸਪਲਾਈ ਯਾਨੀ ਸਮਾਲ ਇੰਡਸਟਰੀਅਲ ਪਾਵਰ (ਐੱਸ. ਪੀ.) ਸਪਲਾਈ ਦੀ ਬਿਲਿੰਗ ਪਿਛਲੇ ਸਾਲ ਆਏ ਬਿੱਲਾਂ ਦੇ ਮੁਕਾਬਲੇ 40 ਫੀਸਦੀ ਕੀਤੀ ਹੈ। ਸਾਰੇ ਘਰੇਲੂ ਖਪਤਕਾਰਾਂ ਲਈ ਬਿਲਿੰਗ ਪਿਛਲੇ ਸਾਲ ਇਸ ਸਮੇਂ ਦੌਰਾਨ ਆਏ ਬਿੱਲਾਂ ਅਨੁਸਾਰ ਕੀਤੀ ਗਈ ਹੈ। ਸੂਤਰਾਂ ਮੁਤਾਬਕ ਇਸ ਸੰਕਟ ਦੇ ਵੇਲੇ ਪਾਵਰਕਾਮ ਦੇ ਸਰਕਾਰੀ ਅਦਾਰਿਆਂ ਵੱਲ 2100 ਕਰੋੜ ਰੁਪਏ ਦੇ ਬਿਜਲੀ ਬਿੱਲ ਬਕਾਇਆ ਹਨ। ਇਨ੍ਹਾਂ ਦੀ ਵਸੂਲੀ ਵਾਸਤੇ ਕੋਈ ਵੀ ਰਾਹ ਨਹੀਂ ਦਿਸ ਰਿਹਾ। ਇਸ ਦੌਰਾਨ ਹੀ ਪਾਵਰਕਾਮ ਲਈ ਵੱਡੀ ਰਾਹਤ ਵਾਲੀ ਖਬਰ ਇਹ ਹੈ ਕਿ ਅਪ੍ਰੈਲ 2020 ਦੌਰਾਨ ਪਾਵਰਕਾਮ ਨੂੰ ਸਬਸਿਡੀਆਂ ਬਦਲੇ ਪੰਜਾਬ ਸਰਕਾਰ ਤੋਂ 500 ਕਰੋੜ ਰੁਪਏ ਦੀ ਅਦਾਇਗੀ ਹੋਈ ਹੈ। ਇਸਦੀ ਬਦੌਲਤ ਹੀ ਉਹ ਤਨਖਾਹਾਂ ਆਦਿ ਦੀਆਂ ਦੇਣਦਾਰੀਆਂ ਕਾਫੀ ਹੱਦ ਤੱਕ ਨਜਿੱਠਣ ਵਿਚ ਕਾਮਯਾਬ ਰਿਹਾ ਹੈ। ਪਾਵਰਕਾਮ ਦੀਆਂ ਹਰ ਮਹੀਨੇ 130 ਕਰੋੜ ਰੁਪਏ ਤਨਖਾਹਾਂ, 190 ਕਰੋੜ ਰੁਪਏ ਪੈਨਸ਼ਨਾਂ ਅਤੇ 40 ਤੋਂ 50 ਕਰੋੜ ਰੁਪਏ ਆਊਟਸੋਰਸ ਕੀਤੇ ਮੁਲਾਜ਼ਮਾਂ ਦੀਆਂ ਤਨਖਾਹਾਂ ਦੀਆਂ ਦੇਣਦਾਰੀਆਂ ਹਨ।


author

Deepak Kumar

Content Editor

Related News