ਪਾਵਰਕਾਮ ਦੇ ਫੈਸਲੇ ਦੇ ਵਿਰੋਧ ''ਚ ਕਿਸਾਨਾਂ ਨੇ ਲਗਾਇਆ ਧਰਨਾ

03/13/2018 5:39:39 PM

ਬੁਢਲਾਡਾ (ਬਾਂਸਲ) : ਖੇਤਾਂ 'ਚ ਬਿਜਲੀ ਸਪਲਾਈ ਸ਼ਿਫਟਾਂ 'ਚ ਦੇਣ ਦੀ ਬਜਾਏ ਰਾਤ ਸਮੇਂ ਹੀ ਦੇਣ ਦੇ ਪੰਜਾਬ ਸਰਕਾਰ ਵੱਲੋਂ ਲਏ ਗਏ ਫੈਸਲੇ ਦੇ ਵਿਰੋਧ 'ਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਅਤੇ ਉਗਰਾਹਾਂ ਵੱਲੋ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟੇਡ ਦੇ ਐਕਸੀਅਨ ਦਫਤਰ ਅੱਗੇ ਰੋਹ ਭਰਪੂਰ ਧਰਨਾ ਦੇ ਕੇ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ ਗਈ। ਇਸ ਮੌਕੇ ਡਕੌਦਾ ਦੇ ਜ਼ਿਲਾ ਜਰਨਲ ਸਕੱਤਰ ਮਹਿੰਦਰ ਸਿੰੰੰਘ ਭੈਣੀ ਬਾਗਾ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਪਾਵਰਕਾਮ ਵੱਲੋਂ ਪਹਿਲਾਂ ਖੇਤੀ ਮੋਟਰਾਂ ਵਾਲੀ ਬਿਜਲੀ ਸਪਲਾਈ ਸ਼ਿਫਟਾਂ 'ਚ ਦਿੱਤੀ ਜਾਂਦੀ ਸੀ ਪਰ ਪਾਵਰਕਾਮ ਮਹਿਕਮੇ ਨੇ ਹੁਕਮ ਜਾਰੀ ਕਰ ਦਿੱਤਾ ਹੈ ਕਿ ਹੁਣ ਬਿਜਲੀ ਸਪਲਾਈ ਸਿਰਫ ਰਾਤ ਨੂੰ ਹੀ ਦਿੱਤੀ ਜਾਵੇਗੀ, ਜੋ ਕਿਸਾਨਾਂ ਨਾਲ ਬਹੁਤ ਹੀ ਵੱਡੀ ਬੇਇਨਸਾਫੀ ਹੈ, ਜਿਸ ਦੀ ਜੱਥੇਬੰਦੀਆਂ ਸਖਤ ਸ਼ਬਦਾਂ 'ਚ ਨਿਖੇਧੀ ਕਰਦੀਆਂ ਹਨ।|ਜੋਗਿੰਦਰ ਸਿੰਘ ਦਿਆਲਪੁਰਾ ਨੇ ਕਿਹਾ ਕਿ ਸਾਡੇ ਦੇਸ਼ ਦੀਆਂ ਸਰਕਾਰਾਂ ਅਤੇ ਅਫਸਰਸ਼ਾਹੀ ਹਮੇਸ਼ਾ ਦੇਸ਼ ਦੇ ਅੰਨਦਾਤਾ ਕਿਸਾਨਾਂ ਨਾਲ ਬੇਇਨਸਾਫੀ ਕਰਦੀਆਂ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਾਡੇ ਦੇਸ਼ 'ਚ ਕਾਰਖਾਨਿਆਂ ਨੂੰ ਬਿਜਲੀ ਸਪਲਾਈ ਤਾਂ 24 ਘੰਟੇ ਦਿੱਤੀ ਜਾਂਦੀ ਹੈ ਪਰ ਕਿਸਾਨਾਂ ਨੂੰ 8 ਘੰਟੇ ਦੇਣ ਦੀ ਬਜਾਏ ਸਿਰਫ ਨਿਗੂਣੀ ਜਿਹੀ ਬਿਜਲੀ ਮੁਹੱਈਆ ਕਰਵਾਈ ਜਾ ਰਹੀ ਹੈ। ਜੱਥੇਬੰਦੀ ਆਗੂਆਂ ਅਤੇ ਕਿਸਾਨਾਂ ਨੇ ਪਾਵਰਕਾਮ ਤੋਂ ਮੰਗ ਕੀਤੀ ਕਿ ਕਿਸਾਨਾਂ ਨੂੰ ਪਹਿਲਾਂ ਦੀ ਤਰ੍ਹਾਂ ਸ਼ਿਫਟਾਂ ਮੁਤਾਬਕ ਬਿਜਲੀ ਸਪਲਾਈ ਦਿੱਤੀ ਜਾਵੇ ਤਾਂ ਜੋ ਉਹ ਖੇਤੀ ਕਰ ਸਕਣ।


Related News