ਚਾਰ ਦਿਨਾਂ ਤੋਂ ਬਿਜਲੀ ਸਪਲਾਈ ਗੁੱਲ! ਪਾਣੀ ਦੀ ਕਿੱਲਤ ਤੇ ਗਰਮੀ ਕਾਰਨ ਲੋਕਾਂ ਦਾ ਜਿਉਣਾ ਮੁਹਾਲ
Tuesday, Apr 22, 2025 - 07:30 PM (IST)

ਭਵਾਨੀਗੜ੍ਹ (ਕਾਂਸਲ) : ਲੰਘੀ 18 ਅਪ੍ਰੈਲ ਦਿਨ ਸ਼ੁੱਕਰਵਾਰ ਨੂੰ ਆਏ ਤੇਜ਼ ਤੂਫਾਨ ਕਾਰਨ ਪਿੰਡ ਕਾਕੜਾ ਅਤੇ ਪਿੰਡ ਆਲੋਅਰਖ਼ ਵਿਖੇ ਗੁਲ ਹੋਈ ਬਿਜਲੀ ਸਪਲਾਈ ਦੇ ਚਾਰ ਦਿਨ ਬੀਤ ਜਾਣ ਦੇ ਬਾਵਜੂਦ ਵੀ ਚਾਲੂ ਨਾ ਹੋਣ ਕਾਰਨ ਪਾਣੀ ਦੀ ਕਿੱਲਤ ਤੇ ਅੱਤ ਦੀ ਪੈ ਰਹੀ ਗਰਮੀ ਕਾਰਨ ਇਨ੍ਹਾਂ ਪਿੰਡਾਂ ਦੇ ਲੋਕਾਂ ਅਤੇ ਪਸ਼ੂਆਂ ਦੀ ਹਾਲਤ ਬਦ ਤੋਂ ਬਦਤਰ ਬਣੀ ਹੋਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਹਰਵਿੰਦਰ ਸਿੰਘ ਕਾਕੜਾ ਨੇ ਦੱਸਿਆ ਕਿ ਪਿਛਲੇ ਚਾਰ ਦਿਨਾਂ ਤੋਂ ਦੋਵੇਂ ਪਿੰਡਾਂ ਵਿੱਚ ਬਿਜਲੀ ਪੂਰੀ ਤਰ੍ਹਾਂ ਠੱਪ ਪਈ ਹੋਣ ਕਾਰਨ ਤੇ ਉੱਪਰੋਂ ਅੱਤ ਦੀ ਪੈ ਰਹੀ ਗਰਮੀ ਕਾਰਨ ਪਾਣੀ ਨਾ ਮਿਲਣ ਅਤੇ ਪੱਖੇ ਵਗੈਰਾ ਨਾ ਚੱਲਣ ਕਾਰਨ ਇਨ੍ਹਾ ਪਿੰਡਾਂ ਵਿਚ ਬਜ਼ੁਰਗ, ਬੱਚੇ, ਬਿਮਾਰ ਵਿਅਕਤੀ ਤੇ ਆਮ ਲੋਕ ਬੇਹਾਲ ਹੋਏ ਪਏ ਹਨ। ਉਹਨਾਂ ਦੱਸਿਆ ਕਿ ਪਿੰਡ ਵਿਚ ਪਾਣੀ ਦੀ ਪੂਰਤੀ ਲਈ ਪਿੰਡ ਦੇ ਸਰਪੰਚ ਮੇਜਰ ਸਿੰਘ ਵਲੋਂ ਘਰ-ਘਰ ਜਾ ਕੇ ਟਰੈਕਟਰ ਜਨਰੇਟਰ ਨਾਲ, ਪਿੰਡ ਦੀ ਟੈਂਕੀਆਂ ਭਰ ਕੇ ਪਾਣੀ ਦਾ ਪ੍ਰਬੰਧ ਕੀਤਾ ਗਿਆ ਤੇ ਪਿੰਡ ਦੇ ਗਰੀਬ ਮਹੁੱਲਿਆਂ ਵਿਚ ਲੋਕਾਂ ਵਲੋਂ ਕਿਰਾਏ ਦੇ ਜਨਰੇਟਰ ਲਿਆ ਕੇ ਮੋਟਰਾਂ ਨੂੰ ਚਲਾਇਆ ਜਾ ਰਿਹਾ ਹੈ। ਉਨ੍ਹਾਂ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਹੋਰ ਸ਼ਹਿਰਾਂ ਤੋਂ ਬਿਜਲੀ ਕਰਮਚਾਰੀਆਂ ਨੂੰ ਬੁਲਾ ਕੇ ਇਲਾਕੇ ਅੰਦਰ ਬਿਜਲੀ ਸਪਲਾਈ ਨੂੰ ਤੁਰੰਤ ਬਹਾਲ ਕੀਤਾ ਜਾਵੇ।
ਇਸ ਸਬੰਧੀ ਪਾਵਰਕੌਮ ਦੇ ਸਥਾਨਕ ਐੱਸਡੀਓ ਮਹਿੰਦਰ ਸਿੰਘ ਨਾਲ ਗੱਲ ਕਰਨ ’ਤੇ ਉਨ੍ਹਾਂ ਕਿਹਾ ਕਿ ਸ਼ੁੱਕਰਵਾਰ ਆਏ ਤੇਜ਼ ਤੂਫਾਨ ਦੌਰਾਨ ਪੂਰੇ ਇਲਾਕੇ ਦੇ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਬਿਜਲੀ ਦੇ ਖੰਭੇ ਟੁੱਟ ਜਾਣ ਕਾਰਨ ਪੂਰੇ ਇਲਾਕੇ ਵਿੱਚ ਹੀ ਬਿਜਲੀ ਸਪਲਾਈ ਗੁੱਲ ਹੋ ਗਈ ਸੀ ਪਰ ਪਾਵਰਕੌਮ ਦੀਆਂ ਕਰੀਬ ਇਕ ਦਰਜ਼ਨ ਟੀਮਾਂ ਵਲੋਂ ਪੂਰੀ ਤਨਦੇਹੀ ਨਾਲ ਕੰਮ ਕਰਦਿਆਂ ਪਿੰਡਾਂ ਅਤੇ ਸ਼ਹਿਰ ਵਿਚ ਟੁੱਟੇ ਖੰਭਿਆਂ ਦੀ ਥਾਂ ਨਵੇਂ ਖੰਬੇ ਲਗਾ ਕੇ ਬਿਜਲੀ ਸਪਲਾਈ ਨੂੰ ਚਾਲੂ ਕਰਨ ਲਈ ਲਗਾਤਾਰ ਦਿਨ ਰਾਤ ਇੱਕ ਕਰਕੇ ਜੋਰਾਂ ਸੋਰਾਂ ਨਾਲ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬੰਦ ਪਏ ਫੀਡਰਾਂ ਨੂੰ ਵੀ ਜਲਦ ਚਲਾਇਆ ਜਾ ਰਿਹਾ ਹੈ ਤੇ ਪਿੰਡ ਕਾਕੜਾ ਅਤੇ ਆਲੋਅਰਖ਼ ਪਿੰਡਾਂ ਦੀ ਬਿਜਲੀ ਸਪਲਾਈ ਕੁਝ ਹੀ ਸਮੇਂ ਵਿਚ ਚਾਲੂ ਕਰ ਦਿੱਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8