ਰੋਪੜ ''ਚ 800 ਮੈਗਾਵਾਟ ਦਾ ਪਹਿਲਾ ਯੂਨਿਟ ਸਥਾਪਤ ਕਰਨ ਲਈ ਚਾਰਾਜੋਈ ਸ਼ੁਰੂ

11/17/2017 7:42:43 AM

ਪਟਿਆਲਾ  (ਪਰਮੀਤ) - ਪੰਜਾਬ ਵਿਚ ਰੋਪੜ ਸਥਿਤ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਦੇ ਮੌਜੂਦਾ ਯੂਨਿਟਾਂ ਦੀ ਥਾਂ ਨਵੇਂ ਯੂਨਿਟ ਸਥਾਪਤ ਕਰਨ ਦੀ ਪ੍ਰਕਿਰਿਆ ਨੂੰ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਨੇ ਲੀਹ 'ਤੇ ਪਾਉਂਦਿਆਂ 800 ਮੈਗਾਵਾਟ ਦੇ ਪਹਿਲੇ ਯੂਨਿਟ ਦੀ ਸਥਾਪਤੀ ਲਈ ਚਾਰਾਜੋਈ ਸ਼ੁਰੂ ਕਰ ਦਿੱਤੀ ਹੈ। ਪਾਵਰਕਾਮ ਵੱਲੋਂ ਇਸ ਥਾਂ 'ਤੇ 800 ਮੈਗਾਵਾਟ ਸਮਰੱਥਾ ਹਰੇਕ ਦੇ ਤਿੰਨ ਯੂਨਿਟ ਲਾਏ ਜਾਣੇ ਹਨ। ਇਹ ਯੂਨਿਟ ਅਲਟਰਾ-ਸੁਪਰ ਕ੍ਰਿਟੀਕਲ ਯੂਨਿਟ ਹੋਣਗੇ। ਪੁਰਾਣੇ ਯੂਨਿਟ ਬੰਦ ਕਰ ਕੇ ਨਵੇਂ ਯੂਨਿਟ ਲਾਉਣ ਦੀ ਪ੍ਰਕਿਰਿਆ ਪੜਾਅਵਾਰ ਕੀਤੀ ਜਾ ਰਹੀ ਹੈ। ਪਹਿਲਾਂ ਪਲਾਂਟ ਦੇ 210 ਮੈਗਾਵਾਟ ਹਰੇਕ ਸਮਰੱਥਾ ਵਾਲੇ 2 ਯੂਨਿਟ ਬੰਦ ਕੀਤੇ ਜਾ ਰਹੇ ਹਨ। ਇਸੇ ਬਦਲੇ ਇਕ ਯੂਨਿਟ ਅਲਟਰਾ-ਸੁਪਰ ਕ੍ਰਿਟੀਕਲ 800 ਮੈਗਾਵਾਟ ਲੱਗੇਗਾ। ਪਾਵਰਕਾਮ ਤੋਂ ਮਿਲੀ ਜਾਣਕਾਰੀ ਮੁਤਾਬਕ ਇਕ ਮੈਗਾਵਾਟ ਬਿਜਲੀ ਪੈਦਾਵਾਰ ਕਰਨ ਲਈ 10 ਕਰੋੜ ਰੁਪਏ ਦਾ ਖਰਚਾ ਆਉਣ ਦਾ ਅਨੁਮਾਨ ਹੈ। 3 ਯੂਨਿਟਾਂ 'ਤੇ ਕਰੀਬ 20 ਹਜ਼ਾਰ ਕਰੋੜ ਰੁਪਏ ਖਰਚ ਹੋ ਸਕਦੇ ਹਨ। ਪਾਵਰਕਾਮ ਵੱਲੋਂ ਇਸ ਪੈਸੇ ਨੂੰ ਜੁਟਾਉਣ ਵਾਸਤੇ ਕਰਜ਼ਾ ਲੈਣ ਦੀ ਤਜਵੀਜ਼ 'ਤੇ ਕੰਮ ਕੀਤਾ ਜਾ ਰਿਹਾ ਹੈ। ਪਾਵਰਕਾਮ ਦੇ ਸੂਤਰਾਂ ਮੁਤਾਬਕ ਜਦੋਂ ਇਕ ਵਾਰ ਇਹ ਨਵੇਂ ਯੂਨਿਟ ਲੱਗ ਗਏ ਤਾਂ ਇਸ ਦਾ ਪਾਵਰਕਾਮ ਨੂੰ ਚੋਖਾ ਲਾਭ ਮਿਲੇਗਾ। ਇਸ ਨਾਲ ਬਿਜਲੀ ਉਤਪਾਦਨ ਲਾਗਤ ਬਹੁਤ ਘੱਟ ਹੋ ਜਾਵੇਗੀ।
2 ਸਾਲਾਂ 'ਚ ਯੂਨਿਟ ਚਾਲੂ ਕਰਨ ਦਾ ਟੀਚਾ : ਸੀ. ਐੈੱਮ. ਡੀ.
ਇਸ ਮਾਮਲੇ ਵਿਚ ਪਾਵਰਕਾਮ ਦੇ ਸੀ. ਐੱਮ. ਡੀ. ਸ਼੍ਰੀ ਏ. ਵੇਣੂ ਪ੍ਰਸਾਦ ਦਾ ਕਹਿਣਾ ਹੈ ਕਿ ਪਾਵਰਕਾਮ ਵੱਲੋਂ 2 ਸਾਲਾਂ ਵਿਚ ਪਹਿਲਾ ਯੂਨਿਟ ਲਾਉਣ ਦਾ ਟੀਚਾ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਇਸ ਵਾਸਤੇ ਕੰਮ ਸ਼ੁਰੂ ਕਰ ਦਿੱਤਾ ਹੈ। ਛੇਤੀ ਹੀ ਪਹਿਲੇ ਪੜਾਅ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ।
ਬਠਿੰਡਾ ਪਲਾਂਟ ਦੇ ਮਾਮਲੇ 'ਤੇ 3 ਮੈਂਬਰੀ ਕਮੇਟੀ ਦੀ ਹਾਲੇ ਨਹੀਂ ਹੋਈ ਮੀਟਿੰਗ
ਇਸ ਦੌਰਾਨ ਪਾਵਰਕਾਮ ਦੇ ਸੂਤਰਾਂ ਨੇ ਦੱਸਿਆ ਕਿ ਬਠਿੰਡਾ ਪਲਾਂਟ ਮੁਕੰਮਲ ਤੌਰ 'ਤੇ ਬੰਦ ਕਰਨ ਦੇ ਮਾਮਲੇ 'ਤੇ ਪੰਜਾਬ ਮੰਤਰੀ ਮੰਡਲ ਵੱਲੋਂ ਬਣਾਈ ਗਈ 3 ਮੈਂਬਰੀ ਸਬ-ਕਮੇਟੀ ਦੀ ਹਾਲੇ ਤੱਕ ਮੀਟਿੰਗ ਨਹੀਂ ਹੋਈ। ਇਸ ਕਮੇਟੀ ਵਿਚ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬ੍ਰਹਮ ਮਹਿੰਦਰਾ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਉਚੇਰੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਸ਼ਾਮਲ ਹਨ।


Related News