ਹੁੰਮਸ ਵਾਲੀ ਗਰਮੀ ਤੋਂ ਪਹਿਲਾਂ ਹੀ ਬਿਜਲੀ ਕੱਟਾਂ ਦੀ ਸ਼ੁਰੂਆਤ, ਏ. ਸੀ. ਕਾਰਨ ਓਵਰਲੋਡ ਹੋਣ ਲੱਗੇ ਫੀਡਰ
Friday, May 12, 2023 - 04:56 PM (IST)
ਜਲੰਧਰ (ਪੁਨੀਤ) : ਉਂਝ ਤਾਂ ਗਰਮੀ ਮਾਰਚ-ਅਪ੍ਰੈਲ ਮਹੀਨੇ ਵਿਚ ਸ਼ੁਰੂ ਹੋ ਜਾਂਦੀ ਹੈ ਪਰ ਸਹੀ ਢੰਗ ਨਾਲ ਗਰਮੀ ਦੀ ਸ਼ੁਰੂਆਤ ਦਾ ਇਹ ਪਹਿਲਾ ਮਹੀਨਾ ਹੈ। ਹੁੰਮਸ ਵਾਲੀ ਗਰਮੀ ਦੇ ਦਿਨ ਅਜੇ ਦੂਰ ਹਨ ਪਰ ਇਸ ਤੋਂ ਪਹਿਲਾਂ ਹੀ ਬਿਜਲੀ ਕੱਟਾਂ ਨੇ ਲੋਕਾਂ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੱਤਾ ਹੈ, ਜਿਸ ਨਾਲ ਲੋਕਾਂ ਵਿਚ ਆਉਣ ਵਾਲੇ ਮਹੀਨਿਆਂ ਨੂੰ ਲੈ ਕੇ ਚਿੰਤਾ ਦੇਖਣ ਨੂੰ ਮਿਲ ਰਹੀ ਹੈ। ਪਿਛਲੇ ਸਮੇਂ ਦੌਰਾਨ ਵਿਚ-ਵਿਚ ਮੀਂਹ ਪੈਂਦਾ ਰਿਹਾ ਅਤੇ ਮੌਸਮ ਮਿਲਿਆ-ਜੁਲਿਆ ਰਿਹਾ ਪਰ ਇਸ ਹਫ਼ਤੇ ਦੌਰਾਨ ਗਰਮੀ ਨੇ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਸ਼ਹਿਰਾਂ ਦੀ ਗੱਲ ਕੀਤੀ ਜਾਵੇ ਤਾਂ ਗਰਮੀ ਵਧਣ ਨਾਲ ਏ. ਸੀ. ਦੀ ਵਰਤੋਂ ਇਸ ਹਫ਼ਤੇ ਦੌਰਾਨ ਬੇਹੱਦ ਵਧ ਚੁੱਕੀ ਹੈ, ਜਿਸ ਕਾਰਨ ਪੰਜਾਬ ਵਿਚ ਬਿਜਲੀ ਦੀ ਖਪਤ ਵਿਚ ਭਾਰੀ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਬਿਜਲੀ ਦੀ ਮੰਗ ਵਿਚ ਵਾਧੇ ਨਾਲ ਫੀਡਰ ਓਵਰਲੋਡ ਹੋ ਰਹੇ ਹਨ ਅਤੇ ਇਨ੍ਹਾਂ ਓਵਰਲੋਡ ਫੀਡਰਾਂ ਕਾਰਨ ਪਾਵਰਕੱਟ ਲੱਗ ਰਹੇ ਹਨ, ਜਿਸ ਨਾਲ ਜਨਤਾ ਬੇਹਾਲ ਹੋ ਰਹੀ ਹੈ।
ਇਹ ਵੀ ਪੜ੍ਹੋ- ਦਰਬਾਰ ਸਾਹਿਬ ਨੇੜੇ ਧਮਾਕਾ ਕਰਨ ਵਾਲੇ ਮੁਲਜ਼ਮ ਦੀਆਂ ਪਹਿਲੀਆਂ ਤਸਵੀਰਾਂ ਆਈਆਂ ਸਾਹਮਣੇ
ਅਧਿਕਾਰੀਆਂ ਦਾ ਕਹਿਣਾ ਹੈ ਕਿ ਵਿਭਾਗ ਵੱਲੋਂ ਕਿਤੇ ਵੀ ਐਲਾਨੇ ਕੱਟ ਨਹੀਂ ਲਾਏ ਜਾ ਰਹੇ ਪਰ ਬਿਜਲੀ ਦੀ ਖ਼ਰਾਬੀ ਅਤੇ ਰਿਪੇਅਰ ਕਾਰਨ ਰੋਜ਼ਾਨਾ ਕਈ ਇਲਾਕਿਆਂ ਵਿਚ 4 ਤੋਂ 6 ਘੰਟੇ ਤੱਕ ਬਿਜਲੀ ਬੰਦ ਰਹਿਣ ਦੀਆਂ ਗੱਲਾਂ ਸੁਣਨ ਨੂੰ ਮਿਲ ਰਹੀਆਂ ਹਨ। ਵੱਡੇ ਘਰਾਣਿਆਂ ਵੱਲੋਂ ਬਿਜਲੀ ਕੱਟਾਂ ਸਮੇਂ ਜੈਨਰੇਟਰ ਦੀ ਵਰਤੋਂ ਕੀਤੀ ਜਾ ਰਹੀ ਹੈ ਪਰ ਮੱਧ ਵਰਗ ਦੇ ਕੁਝ ਪਰਿਵਾਰਾਂ ਨੂੰ ਛੱਡ ਕੇ ਵਧੇਰੇ ਕੋਲ ਜੈਨਰੇਟਰ ਦੀ ਸਹੂਲਤ ਨਹੀਂ ਹੈ, ਜਿਸ ਕਰ ਕੇ ਉਨ੍ਹਾਂ ਨੂੰ ਇਨਵਰਟਰ ’ਤੇ ਗੁਜ਼ਾਰਾ ਕਰਨਾ ਪੈ ਰਿਹਾ ਹੈ।
ਇਹ ਵੀ ਪੜ੍ਹੋ- ਦਰਬਾਰ ਸਾਹਿਬ ਨੇੜੇ ਹੋਏ ਧਮਾਕਿਆਂ ਨੂੰ ਲੈ ਕੇ ਜਥੇਦਾਰ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ
ਸੁਣਨ ਵਿਚ ਆ ਰਿਹਾ ਹੈ ਕਿ ਬਿਜਲੀ ਕੱਟਾਂ ਕਾਰਨ ਦਿਹਾਤੀ ਦੇ ਕਈ ਇਲਾਕਿਆਂ ਵਿਚ ਇਨਵਰਟਰ ਜਵਾਬ ਦੇ ਰਹੇ ਹਨ ਅਤੇ ਇਸੇ ਤਰ੍ਹਾਂ ਨਾਲ ਅਣਐਲਾਨੇ ਕੱਟ ਲੱਗਦੇ ਰਹੇ ਤਾਂ ਸ਼ਹਿਰੀ ਇਲਾਕਿਆਂ ਵਿਚ ਵੀ ਇਨਵਰਟਰ ਆਉਣ ਵਾਲੇ ਦਿਨਾਂ ਵਿਚ ਪੂਰੀ ਤਰ੍ਹਾਂ ਕੰਮ ਕਰਨ ਵਿਚ ਸਮਰੱਥ ਨਹੀਂ ਰਹਿਣਗੇ। ਇਸ ਕਾਰਨ ਕਈ ਇਲਾਕਿਆਂ ਵਿਚ ਲੋਕਾਂ ਨੂੰ ਬਿਜਲੀ ਕੱਟਾਂ ਦੇ ਸਮੇਂ ਬਿਨਾਂ ਪੱਖੇ ਦੇ ਸਮਾਂ ਗੁਜ਼ਾਰਨ ’ਤੇ ਮਜਬੂਰ ਹੋਣਾ ਪੈ ਸਕਦਾ ਹੈ।
ਬਿਜਲੀ ਕੱਟਾਂ ਦੀ ਸਭ ਤੋਂ ਵੱਡੀ ਮਾਰ ਦਿਹਾਤੀ ਇਲਾਕਿਆਂ ਦੇ ਖਪਤਕਾਰਾਂ ਨੂੰ ਪੈ ਰਹੀ ਹੈ, ਜਿਸ ਕਾਰਨ ਉਨ੍ਹਾਂ ਦੀ ਰੋਜ਼ਾਨਾ ਦੀ ਰੁਟੀਨ ਬੇਹੱਦ ਪ੍ਰਭਾਵਿਤ ਹੋ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਰੋਜ਼ਾਨਾ ਬਿਜਲੀ ਦੇ ਕੱਟ ਲੱਗ ਰਹੇ ਹਨ। ਉਨ੍ਹਾਂ ਨੂੰ 24 ਘੰਟੇ ਬਿਜਲੀ ਸਪਲਾਈ ਨਹੀਂ ਮਿਲ ਪਾ ਰਹੀ। ਕੁੱਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ਸ਼ਹਿਰੀ ਅਤੇ ਦਿਹਾਤੀ ਇਲਾਕਿਆਂ ਵਿਚ ਲੋਕਾਂ ਨੂੰ ਘੰਟਿਆਂਬੱਧੀ ਬਿਜਲੀ ਨਸੀਬ ਨਹੀਂ ਹੋ ਪਾ ਰਹੀ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਪਿਛਲੇ ਸਮੇਂ ਦੌਰਾਨ ਮਕਸੂਦਾਂ, ਕੈਂਟ, ਈਸਟ ਅਤੇ ਮਾਡਲ ਟਾਊਨ ਡਵੀਜ਼ਨਾਂ ਵਿਚ ਪੈਂਦੇ ਕਈ ਫੀਡਰਾਂ ਨੂੰ ਡੀ-ਲੋਡ ਕੀਤਾ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਛੋਟੇ ਟਰਾਂਸਫਾਰਮਰਾਂ ਦੀ ਥਾਂ ’ਤੇ ਵੱਡੇ ਲਾਏ ਗਏ ਹਨ ਤਾਂ ਕਿ ਓਵਰਲੋਡ ਦੀ ਸਮੱਸਿਆ ਪੇਸ਼ ਨਾ ਆਵੇ। ਅਧਿਕਾਰੀਆਂ ਦਾ ਕਹਿਣਾ ਹੈ ਕਿ ਵੱਡੀ ਗਿਣਤੀ ਵਿਚ ਅਜਿਹੇ ਖਪਤਕਾਰ ਹਨ, ਜਿਨ੍ਹਾਂ ਨੇ ਆਪਣੇ ਲੋਡ ਦੀ ਸਹੀ ਜਾਣਕਾਰੀ ਵਿਭਾਗ ਨੂੰ ਨਹੀਂ ਦਿੱਤੀ। ਖਪਤਕਾਰ ਜੇਕਰ ਸਹੀ ਲੋਡ ਦੱਸਣਗੇ ਤਾਂ ਉਸ ਹਿਸਾਬ ਨਾਲ ਸਿਸਟਮ ਨੂੰ ਅਪਡੇਟ ਕਰਨ ਵਿਚ ਮਦਦ ਮਿਲੇਗੀ। ਵਿਭਾਗ ਕੋਲ ਬਿਜਲੀ ਦੀ ਘਾਟ ਨਹੀਂ ਹੈ। ਗਰਮੀਆਂ ਨੂੰ ਲੈ ਕੇ ਉਨ੍ਹਾਂ ਦੀ ਤਿਆਰੀ ਪੂਰੀ ਹੈ।
ਇਹ ਵੀ ਪੜ੍ਹੋ- ਸ੍ਰੀ ਦਰਬਾਰ ਸਾਹਿਬ ਨੇੜੇ ਧਮਾਕੇ ਕਰਨ ਵਾਲਿਆਂ 'ਤੇ DGP ਦੇ ਵੱਡੇ ਖ਼ੁਲਾਸੇ, ਦੱਸਿਆ ਕਿਵੇਂ ਬਣਾਈ ਸੀ ਯੋਜਨਾ
ਅਧਿਕਾਰੀ ਆਪਣੇ ਫੋਨ ਚੁੱਕਣ ਤਾਂ ਕਿ ਪ੍ਰੇਸ਼ਾਨ ਨਾ ਹੋਣ ਖਪਤਕਾਰ
ਫਾਲਟ ਆਉਣ ਕਾਰਨ ਹੋਣ ਵਾਲੀ ਬਿਜਲੀ ਦੀ ਖ਼ਰਾਬੀ ਦੀ ਸਮੱਸਿਆ ਕਿਸੇ ਤੋਂ ਲੁਕੀ ਨਹੀਂ ਹੈ ਪਰ ਇਸਦੇ ਬਾਵਜੂਦ ਫਾਲਟ ਠੀਕ ਕਰਨ ਵਾਲੇ ਕਰਮਚਾਰੀ ਸਮਾਂ ਰਹਿੰਦੇ ਮੌਕੇ ’ਤੇ ਨਹੀਂ ਪਹੁੰਚ ਪਾਉਂਦੇ, ਜਿਸ ਨਾਲ ਲੋਕਾਂ ਵਿਚ ਰੋਸ ਵਧਦਾ ਹੈ। ਕਰਮਚਾਰੀ ਕਹਿੰਦੇ ਹਨ ਕਿ ਉਨ੍ਹਾਂ ਨੂੰ ਸੂਚਨਾ ਮਿਲ ਜਾਂਦੀ ਹੈ ਪਰ ਉਹ ਜਿਥੇ ਫਾਲਟ ਠੀਕ ਕਰ ਰਹੇ ਹਨ, ਉਸ ਕੰਮ ਨੂੰ ਵਿਚਾਲੇ ਛੱਡਣਾ ਸੰਭਵ ਨਹੀਂ ਹੋ ਪਾਉਂਦਾ ਅਤੇ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪੈਂਦਾ ਹੈ। ਦੂਜੇ ਪਾਸੇ ਲੋਕਾਂ ਦਾ ਕਹਿਣਾ ਹੈ ਕਿ ਪਾਵਰਕਾਮ ਵੱਲੋਂ ਸ਼ਿਕਾਇਤ ਲਈ 1912 ਨੰਬਰ ਮੁਹੱਈਆ ਕਰਵਾਇਆ ਗਿਆ ਹੈ ਪਰ ਜਦੋਂ ਵੀ ਖ਼ਰਾਬੀ ਪੈਂਦੀ ਹੈ ਤਾਂ ਸ਼ਿਕਾਇਤ ਲਿਖਵਾਉਣਾ ਬੇਹੱਦ ਪ੍ਰੇਸ਼ਾਨੀ ਦਾ ਸਬੱਬ ਬਣਦਾ ਹੈ। ਲੋਕਾਂ ਨੇ ਰੋਸ ਜਤਾਉਂਦਿਆਂ ਕਿਹਾ ਕਿ ਉਨ੍ਹਾਂ ਕੋਲ ਜੇ. ਈ. ਅਤੇ ਐੱਸ. ਡੀ. ਓ. ਦੇ ਨੰਬਰ ਵੀ ਉਪਲੱਬਧ ਹਨ ਪਰ ਉਹ ਫੋਨ ਚੁੱਕਣਾ ਠੀਕ ਨਹੀਂ ਸਮਝਦੇ, ਜਿਸ ਨਾਲ ਉਨ੍ਹਾਂ ਦੀ ਪ੍ਰੇਸ਼ਾਨੀ ਹੋਰ ਵਧ ਜਾਂਦੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ