ਤਿਉਹਾਰਾਂ ਦੇ ਮੱਦੇਨਜ਼ਰ ਟ੍ਰੈਫਿਕ ਪੁਲਸ ਸਖ਼ਤ, ਓਵਰਲੋਡ ਸਕੂਲੀ ਵਾਹਨ ਸਮੇਤ ਕੀਤੇ 60 ਚਲਾਨ

Saturday, Oct 04, 2025 - 06:20 PM (IST)

ਤਿਉਹਾਰਾਂ ਦੇ ਮੱਦੇਨਜ਼ਰ ਟ੍ਰੈਫਿਕ ਪੁਲਸ ਸਖ਼ਤ, ਓਵਰਲੋਡ ਸਕੂਲੀ ਵਾਹਨ ਸਮੇਤ ਕੀਤੇ 60 ਚਲਾਨ

ਗੁਰਦਾਸਪੁਰ (ਹਰਮਨ)-ਗੁਰਦਾਸਪੁਰ ਸ਼ਹਿਰ ਅੰਦਰ ਤਿਉਹਾਰਾਂ ਦੇ ਮੱਦੇਨਜ਼ਰ ਬਾਜ਼ਾਰਾਂ ਵਿੱਚ ਭੀੜ ਭੜੱਕਾ ਨਿਰੰਤਰ ਵੱਧਦਾ ਜਾ ਰਿਹਾ ਹੈ। ਇਸ ਕਾਰਨ ਲੋਕਾਂ ਦੀ ਸੁਵਿਧਾ ਲਈ ਟ੍ਰੈਫਿਕ ਪੁਲਸ ਗੁਰਦਾਸਪੁਰ ਨੇ ਵੀ ਸਖ਼ਤੀ ਵਧਾ ਦਿੱਤੀ ਹੈ। ਟਰੈਫਿਕ ਇੰਚਾਰਜ ਸਤਨਾਮ ਸਿੰਘ ਨੇ ਦੱਸਿਆ ਕਿ ਅੱਜ ਉਨ੍ਹਾਂ ਵੱਲੋਂ ਗੁਰਦਾਸਪੁਰ ਸ਼ਹਿਰ ਦੇ ਕਮੇਟੀ ਘਰ ਚੌਂਕ ਨੇੜੇ ਇੱਕ ਅਜਿਹੇ ਸਕੂਲੀ ਵਾਹਨ ਨੂੰ ਰੋਕਿਆ ਗਿਆ ਜਿਸ ਵਿੱਚ ਬੱਚੇ ਸਮਰੱਥਾ ਤੋਂ ਤਕਰੀਬਨ ਦੋ ਗੁਣਾ ਜ਼ਿਆਦਾ ਭਰੇ ਹੋਏ ਸਨ ਅਤੇ ਇਸ ਸਕੂਲ ਵੈਨ ਦੇ ਉੱਪਰ ਨਿਯਮਾਂ ਅਨੁਸਾਰ ਵੱਖ-ਵੱਖ ਸਬੰਧਿਤ ਅਧਿਕਾਰੀਆਂ ਦੇ ਮੋਬਾਈਲ ਨੰਬਰ ਲਿਖਣ ਦੀ ਬਜਾਏ ਵੱਡੇ ਸਲੋਗਨ ਲਿਖੇ ਹੋਏ ਸਨ।

ਇਹ ਵੀ ਪੜ੍ਹੋ-ਪੰਜਾਬ 'ਚ 5, 6 ਤੇ 7 ਅਕਤੂਬਰ ਭਾਰੀ, ਫਿਰ ਸ਼ੁਰੂ ਹੋਵੇਗਾ ਮੀਂਹ ਦਾ ਦੌਰ

ਉਨ੍ਹਾਂ ਕਿਹਾ ਕਿ ਨਿਯਮਾਂ ਅਨੁਸਾਰ ਕਿਸੇ ਵੀ ਵਾਹਨ ਉਪਰ ਅਜਿਹਾ ਕੋਈ ਵੀ ਸਲੋਗਨ ਨਹੀਂ ਲਿਖਿਆ ਜਾ ਸਕਦਾ। ਨਾਲ ਹੀ ਸਕੂਲੀ ਬੱਚਿਆਂ ਦੇ ਵਾਹਨਾਂ ਉਪਰ ਸਕੂਲ ਦਾ ਨਾਮ, ਆਰਟੀਓ ਦਾ ਮੋਬਾਈਲ ਨੰਬਰ, ਪੁਲਸ ਕੰਟਰੋਲ ਰੂਮ ਦਾ ਨੰਬਰ ਆਦਿ ਲਿਖਿਆ ਹੋਣਾ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਉਕਤ ਵੈਨ ਉੱਪਰ ਅਜਿਹਾ ਕੋਈ ਵੀ ਨੰਬਰ ਨਹੀਂ ਲਿਖਿਆ ਹੋਇਆ ਸੀ ਜਦੋਂ ਕਿ ਵੈਨ ਦੇ ਪਿਛਲੇ ਹਿੱਸੇ ’ਤੇ ਇੱਕ ਵੱਡੀ ਪਲਾਸਟਿਕ ਦੀ ਸ਼ੀਟ ਉੱਪਰ ਇਕ ਵੱਡਾ ਸਲੋਗਨ ਲਿਖਿਆ ਹੋਇਆ ਸੀ। ਉਨ੍ਹਾਂ ਕਿਹਾ ਕਿ ਸਕੂਲ ਵੈਨ ਦੇ ਡਰਾਈਵਰ ਨੇ ਵਰਦੀ ਵੀ ਨਹੀਂ ਪਾਈ ਸੀ ਜਿਸ ਕਾਰਨ ਉਨ੍ਹਾਂ ਨੇ ਇਸ ਵੈਨ ਦਾ ਚਲਾਨ ਕੱਟਿਆ ਹੈ ਅਤੇ ਨਾਲ ਹੀ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਸਕੂਲਾਂ ਵਿੱਚ ਭੇਜਣ ਲਈ ਵਾਹਨ ਦੀ ਚੰਗੀ ਤਰ੍ਹਾਂ ਜਾਂਚ ਜ਼ਰੂਰ ਕਰ ਲਿਆ ਕਰਨ। ਉਨ੍ਹਾਂ ਕਿਹਾ ਕਿ ਸੇਫ ਸਕੂਲ ਵਾਹਨ ਪਾਲਸੀ ਦੀ ਪਾਲਣਾ ਕਰਵਾਉਣ ਲਈ ਪੁਲਸ ਪਹਿਲਾਂ ਵੀ ਵੱਖ-ਵੱਖ ਸਕੂਲੀ ਵਾਹਨਾਂ ਦੀ ਚੈਕਿੰਗ ਕਰਦੀ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਅਜਿਹੇ ਵਾਹਨਾਂ ਨੂੰ ਰੋਕ ਕੇ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ-ਗੁਰਦਾਸਪੁਰ 'ਚ ਫੈਲ ਰਹੀ ਇਹ ਬੀਮਾਰੀ, ਅਕਤੂਬਰ ਸ਼ੁਰੂ ਹੁੰਦਿਆਂ ਹੀ ਵਧਿਆ ਖਤਰਾ, 53 ਮਰੀਜ਼ਾਂ ਦੀ...

ਉਨ੍ਹਾਂ ਦੱਸਿਆ ਕਿ ਤਿਉਹਾਰਾਂ ਦੇ ਮੱਦੇਨਜ਼ਰ ਗੁਰਦਾਸਪੁਰ ਸ਼ਹਿਰ ਅੰਦਰ ਕਈ ਦੁਕਾਨਦਾਰਾਂ ਵੱਲੋਂ ਵੱਖ-ਵੱਖ ਸਟਾਲ ਅਤੇ ਤੰਬੂ ਲਗਾ ਕੇ ਵੱਖ-ਵੱਖ ਚੀਜ਼ਾਂ ਦੀ ਵਿਕਰੀ ਕੀਤੀ ਜਾ ਰਹੀ ਹੈ। ਇਸ ਦੇ ਚਲਦਿਆਂ ਅੱਜ ਹਰਦੋਛੰਨੀ ਰੋਡ ਤੇ ਕੁਝ ਥਾਵਾਂ ’ਤੇ ਦੁਕਾਨਦਾਰਾਂ ਨੇ ਤੰਬੂ ਲਗਾਉਣ ਲਈ ਸੜਕ ਦੇ ਕਿਨਾਰੇ ਹੀ ਵੱਡੇ ਕਿੱਲੇ ਗੱਡੇ ਹੋਏ ਸਨ, ਜਿਨਾਂ ਕਾਰਨ ਕਿਸੇ ਵੇਲੇ ਵੀ ਕੋਈ ਹਾਦਸਾ ਵਾਪਰ ਸਕਦਾ ਸੀ। ਇਸ ਲਈ ਉਨਾਂ ਦੁਕਾਨਦਾਰਾਂ ਅਤੇ ਰੇੜੀ ਵਾਲਿਆਂ ਨੂੰ ਵੀ ਸਖਤ ਹਦਾਇਤ ਕੀਤੀ ਹੈ ਕਿ ਉਹ ਅਜਿਹਾ ਕੋਈ ਵੀ ਕੰਮ ਨਾ ਕਰਨ ਜੋ ਕਿਸੇ ਦੀ ਜਾਨ ਮਾਲ ਲਈ ਖਤਰਾ ਪੈਦਾ ਕਰੇ ਅਤੇ ਜਿਸ ਨਾਲ ਟ੍ਰੈਫਿਕ ਵਿੱਚ ਵਿਘਨ ਪੈਂਦਾ ਹੋਵੇ। ਉਨ੍ਹਾਂ ਕਿਹਾ ਕਿ ਅੱਜ ਅਜਿਹੇ ਦੋ ਪਹੀਆ ਵਾਹਨ ਚਾਲਕਾਂ ਦੇ ਚਲਾਨ ਵੀ ਕੱਟੇ ਗਏ ਹਨ ਜਿਨ੍ਹਾੰ ਨੇ ਜਿਲ੍ਹਾ ਮਜਿਸਟਰੇਟ ਦੀ ਮਨਾਹੀ ਦੇ ਬਾਵਜੂਦ ਆਪਣੇ ਮੂੰਹ ਢੱਕੇ ਹੋਏ ਸਨ। ਉਨ੍ਹਾੰ ਕਿਹਾ ਕਿ ਸ਼ਹਿਰ ਅੰਦਰ ਕਿਸੇ ਵੀ ਆਵਾਜਾਈ ਨਿਯਮ ਦੀ ਉਲੰਘਣਾ ਨਹੀਂ ਹੋਣ ਦਿੱਤੀ ਜਾਵੇਗੀ। ਉਨ੍ਹਾਂ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਟ੍ਰੈਫਿਕ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਅਤੇ ਤਿਉਹਾਰਾਂ ਦੇ ਇਸ ਸੀਜਨ ਨੂੰ ਖੁਸ਼ੀਆਂ ਨਾਲ ਮਨਾਉਣ।

ਇਹ ਵੀ ਪੜ੍ਹੋ-ਪੰਜਾਬ 'ਚ ਖ਼ਤਰੇ ਦੀ ਘੰਟੀ, ਰਾਵੀ ਦਰਿਆ ’ਚ ਫਿਰ ਛੱਡਿਆ ਪਾਣੀ, ਲੋਕਾਂ ਨੂੰ ਉੱਚੀਆਂ ਥਾਂਵਾਂ ’ਤੇ ਜਾਣ ਦੀ ਅਪੀਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News