ਪਾਵਰਕਾਮ ਨੇ ਦਲਿਤ ਖਪਤਕਾਰ ਨੂੰ ਦਿੱਤਾ ਝਟਕਾ
Monday, Jun 19, 2017 - 07:47 AM (IST)
ਬਨੂੰੜ (ਗੁਰਪਾਲ) - ਪਾਵਰਕਾਮ ਆਪਣੇ ਕਾਰਨਾਮਿਆਂ ਕਾਰਨ ਹਮੇਸ਼ਾ ਹੀ ਅਖਬਾਰਾਂ ਦੀਆਂ ਸੁਰਖੀਆਂ ਵਿਚ ਰਹਿੰਦਾ ਹੈ। ਅਜਿਹਾ ਹੀ ਕਾਰਨਾਮਾ ਪਾਵਰਕਾਮ ਦੇ ਕਰਮਚਾਰੀਆਂ ਨੇ ਪਿੰਡ ਕਾਲੋਲੀ ਦੇ ਅਤਿ ਗਰੀਬ ਦਲਿਤ ਖਪਤਕਾਰ ਨਾਲ ਕਰ ਕੇ ਉਸ ਪਰਿਵਾਰ ਦੀ ਰਾਤਾਂ ਦੀ ਨੀਂਦ ਤੇ ਦਿਨ ਦਾ ਚੈਨ ਉਡਾ ਕੇ ਰੱਖ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਕਾਲੋਲੀ ਦੇ ਵਸਨੀਕ ਦਰਸ਼ਨ ਸਿੰਘ ਪੁੱਤਰ ਪ੍ਰੇਮ ਸਿੰਘ ਨੇ ਦੱਸਿਆ ਕਿ ਉਹ ਬੇਹੱਦ ਗਰੀਬ ਤੇ ਦਲਿਤ ਪਰਿਵਾਰ ਨਾਲ ਸਬੰਧ ਰੱਖਦਾ ਹੈ। ਉਸਦਾ ਪਰਿਵਾਰ ਸਿਰਫ਼ ਦੋ ਕਮਰਿਆਂ ਵਿਚ ਰਹਿੰਦਾ ਹੈ। ਉਸਦੇ ਘਰ ਦੋ ਪੱਖੇ ਤੇ ਦੋ ਐੱਲ. ਈ. ਡੀ. ਬਲਬ ਹਨ ਤੇ ਉਸਨੂੰ ਅਨੁਸੂਚਿਤ ਜਾਤੀ ਨਾਲ ਸਬੰਧਤ ਹੋਣ ਕਾਰਨ ਸਰਕਾਰ ਵਲੋਂ ਦਿੱਤੀ ਗਈ 200 ਯੂਨਿਟ ਦੀ ਸਬਸਿਡੀ ਵੀ ਮਿਲਦੀ ਹੈ।
ਉਨ੍ਹਾਂ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਉਸਦੇ ਘਰ ਦਾ ਬਿਜਲੀ ਬਿੱਲ ਦੋ ਤੋਂ ਤਿੰਨ ਰੁਪਏ ਦੇ ਵਿਚਕਾਰ ਆਉਂਦਾ ਸੀ ਪਰ ਕੁੱਝ ਸਮਾਂ ਪਹਿਲਾਂ ਉਸਦੇ ਮੀਟਰ ਵਾਲਾ ਬਕਸਾ ਸੜ ਜਾਣ ਕਾਰਨ ਵਿਭਾਗ ਨੇ ਬਕਸੇ ਦੇ ਨਾਲ-ਨਾਲ ਮੀਟਰ ਵੀ ਬਦਲ ਦਿੱਤਾ। ਜੋ ਨਵਾਂ ਮੀਟਰ ਲਗਾਇਆ ਗਿਆ ਉਹ ਪੱਖੇ ਤੇ ਬਲੱਬ ਬੰਦ ਹੋ ਜਾਣ ਦੇ ਬਾਵਜੂਦ ਵੀ ਚਲਦਾ ਰਹਿੰਦਾ ਹੈ ਤੇ ਉਸਦਾ ਹੁਣ ਬਿੱਲ 7000 ਰੁਪਏ ਆ ਗਿਆ ਹੈ ਜੋ ਕਿ ਉੁਹ ਭਰਨ ਤੋਂ ਅਸਮਰੱਥ ਹੈ ਕਿਉਂਕਿ ਉਹ ਘਰ ਦਾ ਇਕੱਲਾ ਕਮਾਊ ਤੇ ਮਜ਼ਦੂਰੀ ਕਰ ਕੇ ਆਪਣੇ ਪਰਿਵਾਰ ਦਾ ਪੇਟ ਪਾਲ ਰਿਹਾ ਹੈ। ਉਨ੍ਹਾਂ ਐੱਸ. ਡੀ. ਓ. ਨੂੰ ਲਿਖਤੀ ਦਰਖਾਸਤ ਦੇ ਕੇ ਬਿਜਲੀ ਬਿੱਲ ਨੂੰ ਠੀਕ ਕਰਨ ਦੀ ਮੰਗ ਕੀਤੀ।
ਬਿਜਲੀ ਬਿੱਲ ਦੀ ਜਾਂਚ ਕਰਾਂਗੇ : ਕੰਬੋਜ
ਇਸ ਮਾਮਲੇ ਸਬੰਧੀ ਜਦੋਂ ਪਾਵਰਕਾਮ ਦੇ ਬਨੂੰੜ ਸਥਿਤ ਐੱਸ. ਡੀ. ਓ. ਗੌਰਵ ਕੰਬੋਜ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਨਹੀਂ ਹੈ ਤੇ ਉਹ ਖੁਦ ਇਸ ਬਿੱਲ ਦੀ ਜਾਂਚ ਕਰ ਕੇ ਕਾਰਵਾਈ ਅਮਲ ਵਿਚ ਲਿਆਉਣਗੇ।
