ਪਾਵਰ ਨਿਗਮ ’ਚ 3 ਨਵੇਂ ਕੋਰੋਨਾ ਕੇਸ ਆਉਣ ਨਾਲ ਮਚੀ ਤਰਥੱਲੀ, 80 ਫੀਸਦੀ ਸਟਾਫ ਰਿਹਾ ਗੈਰ-ਹਾਜ਼ਰ
Tuesday, Aug 04, 2020 - 05:00 PM (IST)
ਜਲੰਧਰ (ਪੁਨੀਤ) – ਸ਼ਹਿਰ ਵਿਚ ਤੇਜ਼ੀ ਨਾਲ ਪੈਰ ਪਸਾਰ ਰਹੇ ਕੋਰੋਨਾ ਨੇ ਪਾਵਰ ਨਿਗਮ ਦੇ ਦਫਤਰਾਂ ਵਿਚ ਵੀ ਘੁਸਪੈਠ ਸ਼ੁਰੂ ਕਰ ਦਿੱਤੀ ਹੈ। ਹੁਣ ਤੱਕ ਕੁਲ 4 ਕਰਮਚਾਰੀਆਂ ਦੇ ਕੋਰੋਨਾ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ, ਜਿਸ ਕਾਰਣ ਪਾਵਰ ਨਿਗਮ ਦੇ ਸਟਾਫ ਵਿਚ ਤਰਥੱਲੀ ਮਚ ਗਈ ਹੈ ਤੇ ਸਾਰੇ ਕਰਮਚਾਰੀ ਸਹਿਮੇ ਹੋਏ ਨਜ਼ਰ ਆਉਂਦੇ ਹਨ।
ਕੋਰੋਨਾ ਦਾ ਪਹਿਲਾ ਕੇਸ ਮਾਡਲ ਟਾਊਨ ਡਵੀਜ਼ਨ ਵਿਚ ਸਾਹਮਣੇ ਆਇਆ। ਇਸ ਡਵੀਜ਼ਨ ਅਧੀਨ ਆਬਾਦਪੁਰਾ ਸਬ-ਡਵੀਜ਼ਨ ਦਾ ਕਰਮਚਾਰੀ ਸੰਦੀਪ ਪਾਜ਼ੇਟਿਵ ਪਾਇਆ ਗਿਆ ਸੀ, ਜਿਸ ਤੋਂ ਬਾਅਦ ਮਾਡਲ ਟਾਊਨ ਡਵੀਜ਼ਨ ਦੇ ਐਕਸੀਅਨ ਦਵਿੰਦਰ ਸਿੰਘ ਵਲੋਂ ਸੰਦੀਪ ਦੇ ਸੰਪਰਕ ਵਿਚ ਰਹਿਣ ਵਾਲੇ 5 ਕਰਮਚਾਰੀਆਂ ਦੇ ਕੋਰੋਨਾ ਟੈਸਟ ਕਰਵਾਏ ਗਏ। ਟੈਸਟ ਦੀ ਜੋ ਰਿਪੋਰਟ ਆਈ, ਉਸ ਮੁਤਾਬਕ ਮਾਡਲ ਟਾਊਨ ਦਫਤਰ ਵਿਚ ਤਾਇਨਾਤ ਪ੍ਰਾਈਵੇਟ ਕੰਪਨੀ ਦਾ ਕਰਮਚਾਰੀ ਸੁਨੀਸ਼ (30) ਕੋਰੋਨਾ ਪਾਜ਼ੇਟਿਵ ਪਾਇਆ ਗਿਆ, ਜੋ ਕਿ ਕੰਪਿਊਟਰ ਨਾਲ ਸਬੰਧਤ ਕੰਮਕਾਜ ਕਰਦਾ ਹੈ ਤੇ ਉਸ ਦਾ ਜਲੰਧਰ ਸਰਕਲ ਦੀਆਂ ਵੱਖ-ਵੱਖ ਡਵੀਜ਼ਨਾਂ ਵਿਚ ਆਉਣ-ਜਾਣ ਬਣਿਆ ਰਹਿੰਦਾ ਹੈ।
ਇਸੇ ਤਰ੍ਹਾਂ ਵੈਸਟ ਡਵੀਜ਼ਨ ਮਕਸੂਦਾਂ ਅਧੀਨ ਪਟੇਲ ਚੌਕ ਸਬ-ਡਵੀਜ਼ਨ ਦਾ ਐੱਸ. ਡੀ. ਓ. ਕਮਲਪ੍ਰੀਤ ਵੀ ਕੋਰੋਨਾ ਦੀ ਲਪੇਟ ਵਿਚ ਆ ਚੁੱਕਾ ਹੈ, ਉਸਨੂੰ ਨਿੱਜੀ ਹਸਪਤਾਲ ਵਿਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਇਸੇ ਦਫਤਰ ਦਾ ਕਰਮਚਾਰੀ ਗੁਰਪ੍ਰੀਤ ਵੀ ਪਾਜ਼ੇਟਿਵ ਦੱਸਿਆ ਜਾਂਦਾ ਹੈ। ਉਕਤ ਕੇਸਾਂ ਕਾਰਣ ਪਾਵਰ ਨਿਗਮ ਦੇ ਸਾਰੇ ਦਫਤਰਾਂ ਵਿਚ ਅੱਜ ਸੰਨਾਟਾ ਛਾਇਆ ਰਿਹਾ। 80 ਫੀਸਦੀ ਸਟਾਫ ਗੈਰ-ਹਾਜ਼ਰ ਸੀ। ਕਈ ਕਰਮਚਾਰੀਆਂ ਦੇ ਫੋਨ ਬੰਦ ਸਨ, ਜਿਸ ਕਾਰਣ ਆਪਣੇ ਕੰਮ ਸਬੰਧੀ ਦਫਤਰ ’ਚ ਆਉਣ ਵਾਲੀ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਧਿਕਾਰੀਆਂ ਦਾ ਕਹਿਣਾ ਸੀ ਕਿ ਰੱਖੜੀ ਦਾ ਤਿਉਹਾਰ ਹੋਣ ਕਾਰਣ ਕਰਮਚਾਰੀ ਥੋੜ੍ਹਾ ਲੇਟ ਦਫਤਰਾਂ ਵਿਚ ਆਏ। ਮਾਡਲ ਟਾਊਨ ਡਵੀਜ਼ਨ ਦੀ ਗੱਲ ਕੀਤੀ ਜਾਵੇ ਤਾਂ ਉਥੇ ਐਕਸੀਅਨ ਦਵਿੰਦਰ ਸਿੰਘ ਸਮੇਤ ਕਈ ਐੱਸ. ਡੀ. ਓ. ਆਪਣੇ ਦਫਤਰਾਂ ਵਿਚ ਕੰਮਕਾਜ ਕਰਦੇ ਰਹੇ, ਜਦਕਿ ਕਲੈਰੀਕਲ ਸਟਾਫ ਅਤੇ ਹੋਰ ਸਟਾਫ ਗਾਇਬ ਸੀ। ਕੈਸ਼ ਕਾਊਂਟਰ ’ਤੇ ਇਕ ਕਰਮਚਾਰੀ ਤਾਇਨਾਤ ਸੀ।
ਇਸੇ ਤਰ੍ਹਾਂ ਵੈਸਟ ਡਵੀਜ਼ਨ ਮਕਸੂਦਾਂ ਦੇ ਪਟੇਲ ਚੌਕ ਵਾਲੇ ਦਫਤਰ ਵਿਚ ਸਪਰੇਅ ਆਦਿ ਕਰਵਾ ਕੇ ਉਸਨੂੰ ਸੈਨੇਟਾਈਜ਼ ਕਰਵਾਇਆ ਗਿਆ। ਹੋਰ ਦਫਤਰਾਂ ਨੂੰ ਵੀ ਸੈਨੇਟਾਈਜ਼ ਕਰਵਾਉਣ ਲਈ ਕਿਹਾ ਗਿਆ ਹੈ। ਦਫਤਰ ਆਉਣ ਵਾਲੇ ਸਟਾਫ ਨੂੰ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸੋਸ਼ਲ ਡਿਸਟੈਂਸ (ਸਮਾਜਿਕ ਦੂਰੀ) ਦੀ ਪਾਲਣ ਕਰਨ ਲਈ ਕਿਹਾ ਜਾ ਰਿਹਾ ਹੈ। ਇਸਦੇ ਨਾਲ-ਨਾਲ ਕਰਮਚਾਰੀਆਂ ਨੂੰ ਮਾਸਕ ਪਹਿਨਣ ਅਤੇ ਹੋਰ ਸਾਵਧਾਨੀਆਂ ਵਰਤਣ ਦੀਆਂ ਹਦਾਇਤਾਂ ਦਿੱਤੀਆਂ ਜਾ ਰਹੀਆਂ ਹਨ।
ਦੋਵਾਂ ਡਵੀਜ਼ਨਾਂ ਦੇ ਸਟਾਫ ਦੇ ਅੱਜ ਕੀਤੇ ਜਾਣਗੇ ਕੋਰੋਨਾ ਟੈਸਟ
ਮਾਡਲ ਟਾਊਨ ਅਤੇ ਵੈਸਟ ਡਵੀਜ਼ਨਾਂ ਵਿਚ ਕੋਰੋਨਾ ਕੇਸ ਸਾਹਮਣੇ ਆਉਣ ਕਾਰਣ ਪਾਵਰ ਨਿਗਮ ਦੇ ਉੱਚ ਅਧਿਕਾਰੀਆਂ ਵਲੋਂ ਆਪਣੇ ਸਟਾਫ ਮੈਂਬਰਾਂ ਦੇ ਕੋਰੋਨਾ ਟੈਸਟ ਕਰਵਾਏ ਜਾ ਰਹੇ ਹਨ। ਇਸੇ ਕ੍ਰਮ ਵਿਚ ਮੰਗਲਵਾਰ ਸਵੇਰੇ ਸੈਂਪਲ ਲੈਣ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ। ਦੋਵਾਂ ਐਕਸੀਅਨਾਂ ਵਲੋਂ ਇਸ ਸਬੰਧੀ ਪੂਰੀ ਜਾਣਕਾਰੀ ਸਰਕਲ ਹੈੱਡ ਹਰਜਿੰਦਰ ਸਿੰਘ ਬਾਂਸਲ ਨੂੰ ਦਿੱਤੀ ਜਾ ਰਹੀ ਹੈ। ਵਿਭਾਗ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਕੋਈ ਜੋਖਮ ਨਹੀਂ ਉਠਾਉਣਾ ਚਾਹੁੰਦਾ। ਅਧਿਕਾਰੀਆਂ ਨੇ ਕਿਹਾ ਕਿ ਕਰਮਚਾਰੀਆਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਜਿਸ ਕਿਸੇ ਵਿਚ ਵੀ ਕੋਰੋਨਾ ਦਾ ਲੱਛਣ ਸਾਹਮਣੇ ਆਉਂਦਾ ਹੈ, ਉਹ ਦਫਤਰ ਨਾ ਆ ਕੇ ਘਰ ਆਰਾਮ ਕਰੇ ਅਤੇ ਦਵਾਈ ਲਵੇ।