ਪਾਵਰ ਕਾਰਪੋਰੇਸ਼ਨ ਦਾ ਕਮਾਲ, ਤਾਰਾਂ ਲਟਕਣ ਕੰਧਾਂ ਨਾਲ!

Saturday, May 05, 2018 - 12:43 AM (IST)

ਫਿਰੋਜ਼ਪੁਰ(ਸ਼ੈਰੀ)-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਆਪਣੇ ਵਿਭਾਗ ਨੂੰ ਵਧੀਆ ਢੰਗ ਨਾਲ ਚਲਾਉਣ ਦੇ ਦਾਅਵੇ ਕੀਤੇ ਜਾਂਦੇ ਹਨ ਪਰ ਇਹ ਦਾਅਵੇ ਕਈ ਥਾਵਾਂ 'ਤੇ ਖੋਖਲੇ ਸਾਬਿਤ ਹੋ ਰਹੇ ਹਨ। ਫਿਰੋਜ਼ਪੁਰ ਸ਼ਹਿਰ ਦੀਆਂ ਬਸਤੀਆਂ, ਨਗਰਾਂ, ਮੁਹੱਲਿਆਂ ਤੇ ਕਾਲੋਨੀਆਂ ਵਿਚ ਕੰਧਾਂ ਨਾਲ ਲਟਕ ਰਹੀਆਂ ਬਿਜਲੀ ਦੀਆਂ ਤਾਰਾਂ ਵੇਖ ਕੇ ਇਹ ਕਹਾਵਤ ਸੌ ਫੀਸਦੀ ਸੱਚ ਜਾਪਦੀ ਹੈ ਕਿ 'ਫਿਰੋਜ਼ਪੁਰ ਦੇ ਪਾਵਰ ਕਾਰਪੋਰੇਸ਼ਨ ਦਾ ਕਮਾਲ, ਤਾਰਾਂ ਲਟਕਣ ਕੰਧਾਂ ਨਾਲ'। ਇਸ ਬਾਰੇ ਦੱਸਦਿਆ ਸ਼ਾਈਨ ਸੋਸ਼ਲ ਵੈੱਲਫੇਅਰ ਸੋਸਾਇਟੀ ਦੇ ਸੈਕਟਰੀ ਪਵਨ ਕੁਮਾਰ ਟਿੱਕੂ, ਬੱਬੂ ਪ੍ਰਧਾਨ, ਸੂਰਜ ਕੁਮਾਰ, ਦਲਬੀਰ ਸਿੰਘ ਸਲਾਹਕਾਰ ਨੇ ਕਿਹਾ ਕਿ ਇਕ ਪਾਸੇ ਤਾਂ ਪਾਵਰ ਕਾਰਪੋਰੇਸ਼ਨ ਲੱਖਾਂ ਰੁਪਏ ਖਰਚ ਕਰ ਕੇ ਰੋਜ਼ਾਨਾ ਹੀ ਵੱਖ-ਵੱਖ ਏਰੀਏ 'ਚ ਬਿਜਲੀ ਦੀਆਂ ਤਾਰਾਂ ਨਵੀਆਂ ਪਾ ਰਿਹਾ ਹੈ ਪਰ ਕਈ ਸਾਲਾਂ ਤੋਂ ਬਸਤੀ ਬਾਗ ਵਾਲੀ, ਕੰਬੋਜ ਨਗਰ, ਗੁਰੂ ਨਾਨਕਪੁਰਾ ਕਾਲੋਨੀ, ਬਸਤੀ ਬਲੋਚਾਂ ਵਾਲੀ, ਬਾਂਸੀ ਗੇਟ, ਬਸਤੀ ਸ਼ੇਖ ਵਾਲੀ, ਬਸਤੀ ਭੱਟੀਆਂ ਵਾਲੀ, ਸੁਨਵਾ ਵਾਲੀ ਬਸਤੀ ਅਤੇ ਨਗਰਾਂ, ਮੁਹੱਲਿਆਂ ਦੀਆਂ ਗਲੀਆਂ ਵਿਚ ਬਿਜਲੀ ਦੀਆਂ ਤਾਰਾਂ ਆਮ ਹੀ ਕੰਧਾਂ ਨਾਲ ਲਟਕਦੀਆਂ ਵੇਖਣ ਨੂੰ ਮਿਲਦੀਆਂ ਹਨ, ਜਿਸ ਪਾਸੇ ਵਿਭਾਗ ਦੇਖਦਿਆਂ ਹੋਇਆਂ ਵੀ ਅੱਖਾਂ 'ਤੇ ਪੱਟੀ ਬੰਨ੍ਹੀ ਬੈਠਾ ਹੈ। ਬਸਤੀਆਂ ਦੀਆਂ ਗਲੀਆਂ 'ਚ ਬਿਜਲੀ ਦੀਆਂ ਤਾਰਾਂ ਇੰਨੀਆਂ ਨੀਵੀਆਂ ਹਨ ਕਿ ਗਲੀਆਂ ਵਿਚੋਂ ਲੰਘਦੇ ਸਮੇਂ ਸਿਰਾਂ ਨਾਲ ਲੱਗਦੀਆਂ ਹਨ, ਜਿਸ ਨਾਲ ਕਦੇ ਵੀ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ। ਲੋਕਾਂ ਨੇ ਦੱਸਿਆ ਕਿ ਇਸ ਬਾਰੇ ਕਈ ਵਾਰ ਵਿਭਾਗ ਦੇ ਅਧਿਕਾਰੀਆਂ ਨੂੰ ਜ਼ੁਬਾਨੀ ਫਰਿਆਦ ਕੀਤੀ ਗਈ ਪਰ ਕਿਸੇ ਦੇ ਕੰਨ 'ਤੇ ਜੂੰ ਨਹੀਂ ਸਰਕੀ। ਇਸ ਬਾਰੇ ਵਿਭਾਗ ਦੇ ਅਧਿਕਾਰੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ। ਲੋਕਾਂ ਨੇ ਜ਼ਿਲਾ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਰਾਮਵੀਰ ਤੋਂ ਪੁਰਜ਼ੋਰ ਮੰਗ ਕੀਤੀ ਕਿ ਜਲਦ ਤੋਂ ਜਲਦ ਵਿਭਾਗ ਨੂੰ ਸਖਤ ਹਦਾਇਤਾਂ ਕਰ ਕੇ ਫਿਰੋਜ਼ਪੁਰ ਦੀਆਂ ਮੁੱਖ ਬਸਤੀਆਂ, ਨਗਰਾਂ, ਕਾਲੋਨੀਆਂ ਦੀਆਂ ਗਲੀਆਂ ਵਿਚ ਕੰਧਾਂ 'ਤੇ ਲਟਕ ਰਹੀਆਂ ਬਿਜਲੀ ਦੀਆਂ ਤਾਰਾਂ ਨੂੰ ਕੱਸ ਕੇ ਠੀਕ ਢੰਗ ਨਾਲ ਦਰੁੱਸਤ ਕੀਤਾ ਜਾਵੇ, ਤਾਂ ਜੋ ਲੋਕਾਂ ਦੀ ਪ੍ਰੇਸ਼ਾਨੀ ਸਦਾ ਲਈ ਦੂਰ ਹੋ ਸਕੇ।


Related News