ਅਖ਼ਬਾਰਾਂ ਵੰਡਣ ਵਾਲਿਆਂ ਨੂੰ ਦੀਵਾਲੀ ਦਾ ਤੋਹਫ਼ਾ

Tuesday, Oct 29, 2024 - 06:20 PM (IST)

ਅਖ਼ਬਾਰਾਂ ਵੰਡਣ ਵਾਲਿਆਂ ਨੂੰ ਦੀਵਾਲੀ ਦਾ ਤੋਹਫ਼ਾ

ਨਵਾਂਸ਼ਹਿਰ : ਜ਼ਿਲ੍ਹਾ ਪ੍ਰਸ਼ਾਸਨ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਦੀ ਅਗਵਾਈ ਵਿਚ ਇਕ ਅਹਿਮ ਉਪਰਾਲੇ ਤਹਿਤ ਜ਼ਿਲ੍ਹੇ ਦੇ ਅਖ਼ਬਾਰਾਂ ਵੰਡਣ ਵਾਲੇ ਹਾਕਰਾਂ ਦੀ ਮਿਹਨਤ ਨੂੰ ਸਲਾਮ ਕਰਦਿਆਂ ਉਨ੍ਹਾਂ ਨੂੰ ਦੀਵਾਲੀ ਦਾ ਤੋਹਫ਼ੇ ਵਜੋਂ ਨਵੇਂ ਸਾਈਕਲ ਦੇ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਅੱਜ ਆਈ.ਟੀ.ਆਈ ਗਰਾਊਂਡ ਨਵਾਂਸ਼ਹਿਰ ਵਿਖੇ ਪਹਿਲੀ ਵਾਰ ਮਿਲੇ ਅਜਿਹੇ ਮਾਣ-ਸਨਮਾਨ ਕਾਰਨ ਬਹੁਤ ਸਾਰੇ ਹਾਕਰ ਖੁਸ਼ੀ ਨਾਲ ਭਾਵੁਕ ਹੋ ਗਏ।   'ਨਵੀਂ ਉਡਾਣ - ਸੂਚਨਾ ਦੀ ਸਵਾਰੀ' ਮਾਟੋ ਤਹਿਤ ਜ਼ਿਲ੍ਹਾ ਰੈੱਡ ਕ੍ਰਾਸ ਸੋਸਾਇਟੀ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਸੰਖੇਪ ਅਤੇ ਪ੍ਰਭਾਵਸ਼ਾਲੀ ਸਮਾਗਮ ਮੌਕੇ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਕਿਹਾ ਕਿ ਅਖ਼ਬਾਰਾਂ ਵੰਡਣ ਵਾਲੇ ਬਿਨਾਂ ਛੁੱਟੀ ਦੇ ਸਵੇਰੇ ਤੜਕੇ ਚਾਰ ਵਜੇ ਦੇ ਕਰੀਬ ਉੱਠ ਕੇ ਆਪਣੇ ਵਿਅਕਤੀਗਤ ਸੁੱਖ ਨੂੰ ਛੱਡ ਕੇ ਅੱਤ ਦੀ ਸਰਦੀ, ਗਰਮੀ ਤੇ ਖਰਾਬ ਮੌਸਮ ਵਿਚ ਵੀ ਘਰਾਂ-ਦਫ਼ਤਰਾਂ ਤਕ ਬਿਨਾਂ ਨਾਗਾ ਅਖ਼ਬਾਰਾਂ ਪਹੁੰਚਾਉਣ ਦਾ ਕਾਰਜ ਕਰਦੇ ਹਨ। ਪਰੰਤੂ ਲੋਕਾਂ ਨੂੰ ਇਨ੍ਹਾਂ ਦੇ ਨਾਂ ਤੱਕ ਦਾ ਵੀ ਪਤਾ ਨਹੀਂ ਹੁੰਦਾ। 

ਉਨ੍ਹਾਂ ਕਿਹਾ ਕਿ ਇਨ੍ਹਾਂ ਸਿਰੜੀ, ਅਣਥੱਕ ਤੇ ਮਿਹਨਤੀ ਵਿਅਕਤੀਆਂ ਦਾ ਮੁੱਖ ਧਰਮ ਇਨ੍ਹਾਂ ਦੀ ਮਿਹਨਤ ਹੀ ਹੈ। ਉਨ੍ਹਾਂ ਬਾਕੀ ਲੋਕਾਂ ਨੂੰ ਵੀ ਇਨ੍ਹਾਂ ਦੀ ਮਿਹਨਤ ਤੇ ਸਿਰੜ ਤੋਂ ਪ੍ਰੇਰਿਤ ਹੋਣ ਦਾ ਸੱਦਾ ਦਿੱਤਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਕੋਈ ਚੈਰਿਟੀ ਨਹੀਂ ਹੈ, ਬਲਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਨ੍ਹਾਂ ਦੀ ਮਿਹਨਤ ਤੇ ਜਜ਼ਬੇ ਨੂੰ ਸਲਾਮ ਕਰਨ ਦਾ ਨਿਗੁਣਾ ਉਪਰਾਲਾ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਨ੍ਹਾਂ ਮਿਹਨਤੀ ਲੋਕਾਂ ਦਾ ਸਨਮਾਨ ਕਰਨ ਦਾ ਮਕਸਦ ਉਨ੍ਹਾਂ ਨੂੰ ਹੌਸਲਾ ਤੇ ਹੱਲਾਸ਼ੇਰੀ ਦੇ ਨਾਲ ਸਤਿਕਾਰ ਦੇਣਾ ਵੀ ਹੈ। ਉਨ੍ਹਾਂ ਕਿਹਾ ਕਿ ਇਹ ਸਨਮਾਨ ਦਿੰਦਿਆਂ ਉਨ੍ਹਾਂ ਨੂੰ ਬਹੁਤ ਖੁਸ਼ੀ ਹੋ ਰਹੀ ਹੈ। ਜ਼ਿਕਰਯੋਗ ਹੈ ਕਿ ਸਨਮਾਨਿਤ ਕੀਤੇ ਗਏ ਅਖ਼ਬਾਰਾਂ ਵੰਡਣ ਵਾਲੇ ਕਈ ਸਾਲਾਂ ਤੋਂ ਲਗਾਤਾਰ ਰੋਜ਼ਾਨਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਵੱਖ-ਵੱਖ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਵਿਚ ਅਖ਼ਬਾਰਾਂ ਵੰਡਣ ਦਾ ਕਾਰਜ ਨਿਭਾਅ ਰਹੇ ਹਨ। 

ਉਨ੍ਹਾਂ ਕਿਹਾ ਕਿ ਅੱਜ ਪਹਿਲੀ ਵਾਰ ਮਿਲੇ ਇਸ ਸਨਮਾਨ ਨਾਲ ਉਨ੍ਹਾਂ ਨੂੰ ਨਵੀਂ ਉਡਾਣ ਮਿਲੀ ਹੈ। ਅਖ਼ਬਾਰਾਂ ਵੰਡਣ ਦੇ ਕਈ ਸਾਲਾਂ ਦੇ ਤਜ਼ਰਬੇ ਸਾਂਝੇ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਰਿਵਾਰਾਂ ਲਈ ਅੱਜ ਖੁਸ਼ੀਆਂ ਭਰਿਆ ਦਿਨ ਅਤੇ ਮਾਣ ਵਾਲੇ ਪਲ ਹਨ। ਉਨ੍ਹਾਂ ਇਸ ਉੱਦਮ ਲਈ ਡਿਪਟੀ ਕਮਿਸ਼ਨਰ ਦਾ ਧੰਨਵਾਦ ਕੀਤਾ। ਸਨਮਾਨ ਲੈਣ ਮੌਕੇ ਬਹੁਤ ਸਾਰੇ ਅਖ਼ਬਾਰ ਵੰਡਣ ਵਾਲੇ ਭਾਵੁਕ ਹੁੰਦੇ ਵੀ ਵੇਖੇ ਗਏ। ਇਸ ਦੌਰਾਨ 35 ਅਖ਼ਬਾਰ ਵੰਡਣ ਵਾਲਿਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਿਧਾਇਕ ਬੰਗਾ ਡਾ. ਸੁਖਵਿੰਦਰ ਸਿੰਘ ਸੁੱਖੀ, 'ਆਪ' ਆਗੂ ਲਲਿਤ ਮੋਹਨ ਪਾਠਕ ਬੱਲੂ, ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ ਵਰਮਾ, ਐਸ.ਡੀ.ਐਮ ਨਵਾਂਸ਼ਹਿਰ ਡਾ. ਅਕਸ਼ਿਤਾ ਗੁਪਤਾ ਅਤੇ ਹੋਰ ਹਾਜ਼ਰ ਸਨ।


author

Gurminder Singh

Content Editor

Related News