ਜਲੰਧਰ, ਕਪੂਰਥਲਾ ਸਣੇ ਇਨ੍ਹਾਂ ਜ਼ਿਲ੍ਹਿਆਂ ''ਚ 6513 ਕੁਨੈਕਸ਼ਨਾਂ ਦੀ ਚੈਕਿੰਗ, ਲਾਇਆ 52.82 ਲੱਖ ਜੁਰਮਾਨਾ
Sunday, Aug 30, 2020 - 10:31 AM (IST)
ਜਲੰਧਰ (ਪੁਨੀਤ)— ਬਿਜਲੀ ਦੀ ਗਲਤ ਵਰਤੋਂ/ਚੋਰੀ ਕਰਨ ਵਾਲਿਆਂ ਖ਼ਿਲਾਫ਼ ਪਾਵਰ ਨਿਗਮ ਦੇ ਨਾਰਥ ਜ਼ੋਨ ਵੱਲੋਂ ਚਲਾਈ ਗਈ ਮੁਹਿੰਮ 'ਚ 52.82 ਲੱਖ ਰੁਪਏ ਜੁਰਮਾਨਾ ਕਰਦੇ ਹੋਏ ਨਿਯਮਾਂ ਮੁਤਾਬਕ ਬਿਜਲੀ ਥਾਣਿਆਂ 'ਚ ਐੱਫ. ਆਈ. ਆਰ. ਦਰਜ ਕਰਵਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਚੀਫ ਇੰਜੀਨੀਅਰ ਜੈਇੰਦਰ ਦਾਨੀਆ ਵੱਲੋਂ ਨਾਰਥ ਜ਼ੋਨ ਦੇ 4 ਸਰਕਲਾਂ 'ਚ ਬੀਤੇ ਦਿਨ ਸਵੇਰੇ ਮੁਹਿੰਮ ਚਲਾਈ ਗਈ, ਜਿਸ ਤਹਿਤ ਜਲੰਧਰ ਜ਼ੋਨ 'ਚ 15.78 ਲੱਖ, ਕਪੂਰਥਲਾ 'ਚ 16.33 ਲੱਖ, ਹੁਸ਼ਿਆਰਪੁਰ 'ਚ 12.43 ਲੱਖ, ਜਦੋਂ ਕਿ ਨਵਾਂਸ਼ਹਿਰ ਦੇ ਕੇਸਾਂ ਵਿਚ 8.28 ਲੱਖ ਜੁਰਮਾਨਾ ਕੀਤਾ ਗਿਆ ਹੈ।
ਜਲੰਧਰ ਦੇ ਸੁਪਰਡੈਂਟ ਇੰਜੀ. ਹਰਜਿੰਦਰ ਸਿੰਘ ਬਾਂਸਲ ਦੀ ਅਗਵਾਈ ਵਿਚ ਬਣਾਈਆਂ ਟੀਮਾਂ ਵੱਲੋਂ 1654 ਕੁਨੈਕਸ਼ਨਾਂ ਦੀ ਜਾਂਚ ਕਰ ਕੇ ਬਿਜਲੀ ਚੋਰੀ ਦੇ 47, ਜਦਕਿ ਯੂ.ਯੂ.ਈ. (ਅਨਅਰਾਈਜ਼ ਯੂਜ਼ ਆਫ ਇਲੈਕਟ੍ਰੀਸਿਟੀ)/ਵਾਧੂ ਲੋਡ ਦੇ 35 ਕੇਸ ਫੜੇ ਗਏ। ਕਪੂਰਥਲਾ ਤੋਂ ਇੰਜੀ. ਇੰਦਰਪਾਲ ਸਿੰਘ ਦੇ ਹੁਕਮਾਂ 'ਤੇ 1930 ਕੁਨੈਕਸਨਾਂ ਵਿਚ 68, ਜਦੋਂ ਕਿ ਹੋਰ 50 ਕੇਸ ਫੜੇ ਗਏ। ਹੁਸ਼ਿਆਰਪੁਰ ਤੋਂ ਇੰਜੀ. ਪੀ. ਐੱਸ. ਥਾਂਬਾ ਦੀਆਂ ਟੀਮਾਂ ਨੇ 2142 ਕੇਸਾਂ 'ਚ ਚੋਰੀ ਦੇ 15, ਜਦੋਂ ਕਿ ਹੋਰ 171 ਕੇਸ ਫੜੇ ਗਏ। ਨਵਾਂਸ਼ਹਿਰ ਤੋਂ ਇੰਜੀ. ਦੇਸ ਰਾਜ ਬਰਾੜ ਵੱਲੋਂ ਕਰਵਾਈ ਗਈ 787 ਕੇਸਾਂ ਦੀ ਚੈਕਿੰਗ ਵਿਚ ਚੋਰੀ ਦੇ 18, ਜਦੋਂ ਕਿ ਹੋਰ 50 ਕੇਸ ਦਰਜ ਕੀਤੇ ਗਏ।
ਚੀਫ ਇੰਜੀ. ਦਾਨੀਆ ਨੇ ਕਿਹਾ ਕਿ ਬਿਜਲੀ ਐਕਟ 2003 ਮੁਤਾਬਕ ਸੈਕਸ਼ਨ 135 ਤਹਿਤ ਕੇਸ ਦਰਜ ਕੀਤੇ ਜਾਣਗੇ। ਇਸ ਲੜੀ ਤਹਿਤ ਆਉਣ ਵਾਲੇ ਦਿਨਾਂ ਵਿਚ ਵੀ ਚੈਕਿੰਗ ਮੁਹਿੰਮ ਵੱਡੇ ਪੱਧਰ 'ਤੇ ਚਲਾਈ ਜਾਵੇਗੀ।
ਸਰਕਲ | ਕੁਨੈਕਸ਼ਨ ਚੈੱਕ | ਚੋਰੀ | ਯੂ. ਯੂ. ਈ./ਵਾਧੂ ਲੋਡ |
ਜਲੰਧਰ | 1654 | 47 | 35 |
ਕਪੂਰਥਲਾ | 1930 | 68 | 50 |
ਹੁਸ਼ਿਆਰਪੁਰ | 2142 | 15 | 171 |
ਨਵਾਂਸ਼ਹਿਰ | 787 | 18 | 50 |