ਨਿਯਮਾਂ ਦੇ ਉਲਟ ਰਾਤ 11 ਵਜੇ ਕੱਟੇ ਕੁਨੈਕਸ਼ਨ

07/19/2019 4:03:52 PM

ਜਲੰਧਰ (ਪੁਨੀਤ) : ਪਾਵਰ ਨਿਗਮ ਕਰਮਚਾਰੀ ਨਿਯਮਾਂ ਦੇ ਉਲਟ ਜਾ ਕੇ ਕੁਨੈਕਸ਼ਨ ਕੱਟਣ ਲਈ ਗੋਪਾਲ ਨਗਰ ਪਹੁੰਚੇ, ਜਿੱਥੇ ਕੰਜ਼ਿਊਮਰ ਫੋਰਮ ਦੇ ਭਾਰੀ ਵਿਰੋਧ ਤੇ ਲਾਈਨਮੈਨ ਦਾ ਘਿਰਾਓ ਹੋਣ ਤੋਂ ਬਾਅਦ 3 ਘੰਟੇ ਤਕ ਹਾਈ-ਪ੍ਰੋਫਾਈਲ ਡਰਾਮਾ ਚੱਲਦਾ ਰਿਹਾ। ਖਪਤਕਾਰ ਸੀਨੀਅਰ ਅਧਿਕਾਰੀਆਂ ਦੇ ਮੌਕੇ 'ਤੇ ਆਉਣ 'ਤੇ ਅੜੇ ਰਹੇ ਅਤੇ ਲਾਈਨਮੈਨ ਨੂੰ ਵਾਪਸ ਜਾਣ ਨਹੀਂ ਦਿੱਤਾ। ਇਸ ਦੌਰਾਨ ਇਲਾਕੇ 'ਚ ਰਹਿੰਦੇ ਪਾਵਰ ਨਿਗਮ ਨਾਲ ਸਬੰਧਿਤ ਕਰਮਚਾਰੀ ਨੇ ਵਿਚ ਪੈ ਕੇ ਮਾਮਲਾ ਸੁਲਝਾਉਣ 'ਚ ਅਹਿਮ ਭੂਮਿਕਾ ਨਿਭਾਈ। ਜਾਣਕਾਰੀ ਅਨੁਸਾਰ ਮਕਸੂਦਾਂ ਡਵੀਜ਼ਨ ਦੇ ਅਧੀਨ ਆਉਂਦੇ ਗੋਪਾਲ ਨਗਰ ਇਲਾਕੇ 'ਚ ਬੱਤਰਾ ਪਰਿਵਾਰ ਨਾਲ ਸਬੰਧਿਤ ਸ਼ੋਅਰੂਮ ਪ੍ਰਕਾਸ਼ ਆਈਸਕ੍ਰੀਮ (ਗਾਜੀਗੁੱਲਾ ਰੋਡ) 'ਤੇ ਸਥਿਤ ਹੈ। ਜਿੱਥੇ ਪਾਵਰ ਨਿਗਮ ਦੇ ਲਾਈਨਮੈਨ ਨੇ ਰਾਤ 11 ਵਜੇ ਪੌੜੀ ਲਾ ਕੇ ਬਿਜਲੀ ਕੁਨੈਕਸ਼ਨ ਕੱਟ ਦਿੱਤਾ, ਜਿਸ ਦੌਰਾਨ ਬੱਤਰਾ ਪਰਿਵਾਰ ਦੇ ਸ਼ੁਭਮ ਬੱਤਰਾ ਨੂੰ ਇਸ ਦੀ ਜਾਣਕਾਰੀ ਮਿਲੀ ਅਤੇ ਉਹ ਮੌਕੇ 'ਤੇ ਪੁੱਜੇ। ਇਸ ਦੌਰਾਨ ਉਨ੍ਹਾਂ ਆਪਣੇ ਸਮਰਥਕਾਂ ਦੇ ਨਾਲ ਲਾਈਨਮੈਨ ਨੂੰ ਵਾਪਸ ਜਾਣ ਤੋਂ ਰੋਕ ਲਿਆ ਤੇ ਕੁਨੈਕਸ਼ਨ ਕੱਟਣ ਦਾ ਕਾਰਣ ਪੁੱਛਿਆ। ਸ਼ੁਭਮ ਦਾ ਕਹਿਣਾ ਹੈ ਕਿ ਰਾਤ ਨੂੰ ਇੰਨਾ ਲੇਟ ਕੁਨੈਕਸ਼ਨ ਕੱਟਣ ਲਈ ਆਉਣਾ ਗਲਤ ਹੈ, ਇਸ ਲਈ ਉਨ੍ਹਾਂ ਲਾਈਨਮੈਨ ਨੂੰ ਸੀਨੀਅਰ ਅਧਿਕਾਰੀਆਾਂ ਨੂੰ ਮੌਕੇ 'ਤੇ ਬੁਲਾਉਣ ਲਈ ਕਿਹਾ। ਲਾਈਨਮੈਨ ਇਸ ਦੌਰਾਨ ਅਧਿਕਾਰੀਆਂ ਨੂੰ ਫੋਨ ਕਰਦਾ ਰਿਹਾ ਪਰ ਕੋਈ ਵੀ ਮੌਕੇ 'ਤੇ ਨਹੀਂ ਆਇਆ। ਸਬੰਧਤ ਡਵੀਜ਼ਨ ਦੇ ਕਰਮਚਾਰੀਆਂ ਨੇ ਗੋਪਾਲ ਨਗਰ ਇਲਾਕੇ ਵਿਚ ਰਹਿੰਦੇ ਇਕ ਵਿਅਕਤੀ ਨਾਲ ਫੋਨ 'ਤੇ ਸੰਪਰਕ ਕਰ ਕੇ ਉਸ ਨੂੰ ਮਾਮਲਾ ਸੁਲਝਾਉਣ ਲਈ ਮੌਕੇ 'ਤੇ ਭੇਜਿਆ, ਜਿਸ ਤੋਂ ਬਾਅਦ ਕੁਨੈਕਸ਼ਨ ਜੋੜ ਕੇ ਲਾਈਨਮੈਨ ਨੂੰ ਛੱਡ ਦਿੱਤਾ ਗਿਆ। ਇਸ ਪੂਰੀ ਪ੍ਰਕਿਰਿਆ 'ਚ ਤਿੰਨ ਘੰਟੇ ਦੇ ਕਰੀਬ ਸਮਾਂ ਲੱਗਾ। ਜੇਕਰ ਪਾਵਰ ਨਿਗਮ ਦਾ ਕਰਮਚਾਰੀ ਵਿਚ ਪੈ ਕੇ ਮਾਮਲਾ ਨਾ ਸੁਲਝਾਉਂਦਾ ਤਾਂ ਹੱਥੋਪਾਈ ਦੀ ਨੌਬਤ ਵੀ ਆ ਸਕਦੀ ਸੀ।

ਲੱਖ ਰੁਪਏ ਦੇਣ ਦੇ ਬਾਵਜੂਦ ਕਿਵੇਂ ਕੁਨੈਕਸ਼ਨ ਕੱਟਣ ਪਹੁੰਚੇ : ਬੱਤਰਾ
ਉਥੇ ਇਸ ਸਬੰਧ ਵਿਚ ਬੱਤਰਾ ਪਰਿਵਾਰ ਦੇ ਮੈਂਬਰਾਂ ਦਾ ਕਹਿਣਾ ਸੀ ਕਿ ਲੰਮੇ ਸਮੇਂ ਤੋਂ ਉਨ੍ਹਾਂ ਨੂੰ ਬਿਜਲੀ ਦਾ ਬਿੱਲ ਨਹੀਂ ਮਿਲਿਆ। ਬੀਤੇ ਦਿਨੀਂ ਪਾਵਰ ਨਿਗਮ ਦੇ ਕਰਮਚਾਰੀ ਉਨ੍ਹਾਂ ਕੋਲ ਆਏ ਤੇ ਪੈਂਡਿੰਗ ਬਿੱਲ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ 2 ਲੱਖ ਦੇ ਬਿੱਲ ਨੂੰ ਲੈ ਕੇ 50,000 ਰੁਪਏ ਦਾ ਇਕ ਚੈੱਕ ਪਾਸ ਹੋ ਚੁੱਕਾ ਸੀ ਤੇ ਇਕ ਚੈੱਕ ਸ਼ੁੱਕਰਵਾਰ ਨੂੰ ਲੱਗਣਾ ਹੈ ਪਰ ਪਾਵਰ ਨਿਗਮ ਦੇ ਕਰਮਚਾਰੀਆਂ ਨੇ ਗਲਤ ਢੰਗ ਨਾਲ ਉਨ੍ਹਾਂ ਦਾ ਕੁਨੈਕਸ਼ਨ ਕੱਟ ਦਿੱਤਾ।

ਕਰਮਚਾਰੀ ਗਲਤਫਹਿਮੀ 'ਚ ਪਹੁੰਚੇ, ਖਪਤਕਾਰ ਦੀਆਂ ਤਿੰਨ ਕਿਸ਼ਤਾਂ ਕਰ ਦਿੱਤੀਆਂ ਗਈਆਂ : ਐੱਸ. ਡੀ. ਓ.
ਉਥੇ ਸਬੰਧਿਤ ਸਬ-ਡਵੀਜ਼ਨ ਐੈੱਸ. ਡੀ. ਓ. ਰਜਿੰਦਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਸਵੇਰੇ ਕੁਨੈਕਸ਼ਨ ਕਟਵਾਇਆ ਸੀ ਤੇ ਉਨ੍ਹਾਂ ਸੂਚਨਾ ਮਿਲੀ ਸੀ ਕਿ ਕੁਨੈਕਸ਼ਨ ਨੂੰ ਦੁਬਾਰਾ ਜੋੜ ਲਿਆ ਗਿਆ ਹੈ, ਜਿਸ ਕਾਰਣ ਉਨ੍ਹਾਂ ਕੁਨੈਕਸ਼ਨ ਕੱਟਣ ਲਈ ਕਰਮਚਾਰੀਆਂ ਨੂੰ ਹਦਾਇਤਾਂ ਦਿੱਤੀਆਂ ਸਨ। ਐੈੱਸ. ਡੀ. ਓ. ਨੇ ਕਿਹਾ ਕਿ ਉਹ ਨਹੀਂ ਜਾਣਦੇ ਸਨ ਕਿ ਸਬੰਧਿਤ ਖਪਤਕਾਰ ਵਲੋਂ 50,000 ਰੁਪਏ ਦਾ ਚੈੱਕ ਦਿੱਤਾ ਗਿਆ ਹੈ, ਨਹੀਂ ਤਾਂ ਉਹ ਕੁਨੈਕਸ਼ਨ ਕੱਟਣ ਲਈ ਨਾ ਕਹਿੰਦੇ। ਉਨ੍ਹਾਂ ਕਿਹਾ ਕਿ ਕੁਨੈਕਸ਼ਨ ਸਵੇਰੇ ਕੱਟਣ ਲਈ ਕਿਹਾ ਗਿਆ ਸੀ ਪਰ ਸਬੰਧਿਤ ਕਰਮਚਾਰੀ ਗਲਤਫਹਿਮੀ ਵਿਚ ਰਾਤ ਨੂੰ ਕੁਨੈਕਸ਼ਨ ਕੱਟਣ ਚਲੇ ਗਏ। ਰਜਿੰਦਰ ਸਿੰਘ ਨੇ ਕਿਹਾ ਕਿ ਸਬੰਧਿਤ ਖਪਤਕਾਰ ਅੱਜ ਉਨ੍ਹਾਂ ਕੋਲ ਆਏ ਸਨ, ਜਿਨ੍ਹਾਂ ਦੇ ਬਕਾਇਆ ਬਿੱਲ ਦੀਆਂ 3 ਕਿਸ਼ਤਾਂ ਕਰ ਦਿੱਤੀਆਂ ਗਈਆਂ ਹਨ।


Anuradha

Content Editor

Related News