ਪੰਜਾਬ ਦੇ ਬਿਜਲੀ ਖਪਤਕਾਰਾਂ ਲਈ ਰਾਹਤ ਭਰੀ ਖਬਰ

Friday, May 31, 2019 - 09:29 AM (IST)

ਪੰਜਾਬ ਦੇ ਬਿਜਲੀ ਖਪਤਕਾਰਾਂ ਲਈ ਰਾਹਤ ਭਰੀ ਖਬਰ

ਚੰਡੀਗੜ੍ਹ (ਸ਼ਰਮਾ) : ਪੰਜਾਬ ਸਟੇਟ ਰੈਗੁਲੇਟਰੀ ਕਮਿਸ਼ਨ ਨੇ ਬਿਜਲੀ ਖਪਤਕਾਰਾਂ ਨੂੰ ਇਕ ਮਹੀਨੇ ਲਈ 12 ਪੈਸੇ ਪ੍ਰਤੀ ਯੂਨਿਟ ਦੀ ਰਾਹਤ ਦੇਣ ਦਾ ਫੈਸਲਾ ਕੀਤਾ ਹੈ ਅਤੇ ਪੰਜਾਬ ਪਾਵਰਕਾਮ ਨੂੰ ਨਿਰਦੇਸ਼ ਦਿੱਤੇ ਹਨ ਕਿ ਬਿਜਲੀ ਖਪਤਕਾਰਾਂ ਤੋਂ 12 ਪੈਸੇ ਪ੍ਰਤੀ ਯੂਨਿਟ ਦੇ ਰੂਪ 'ਚ ਵਸੂਲੀ ਜਾ ਰਹੀ 'ਫਿਊਲ ਕੌਸਟ ਐਡਜਸਟਮੈਂਟ' ਨੂੰ ਇਕ ਜੂਨ ਤੋਂ ਨਵਾਂ ਟੈਰਿਫ ਲਾਗੂ ਹੁੰਦੇ ਹੀ ਬੰਦ ਕਰ ਦਿੱਤਾ ਜਾਵੇ। ਹਾਲਾਂਕਿ ਖਪਤਕਾਰਾਂ ਨੂੰ ਰਾਹਤ ਸਿਰਫ ਇਕ ਮਹੀਨੇ ਲਈ ਹੀ ਨਸੀਬ ਹੋਵੇਗੀ ਕਿਉਂਕਿ ਇਕ ਜੁਲਾਈ ਤੋਂ ਸ਼ੁਰੂ ਹੋਣ ਵਾਲੀ ਤਿਮਾਹੀ ਲਈ ਪਿਛਲੇ ਸਾਲ ਦੀ ਚੌਥੀ ਤਿਮਾਹੀ ਦੇ 'ਫਿਊਲ ਕੌਸਟ' ਦੇ ਆਧਾਰ 'ਤੇ ਨਵੀਂ ਦਰ ਦੀ ਗਿਣਤੀ ਕੀਤੀ ਜਾਵੇਗੀ।

ਇਸ ਤੋਂ ਪਹਿਲਾਂ ਰੈਗੂਲੇਟਰੀ ਕਮਿਸ਼ਨ ਨੇ ਪੰਜਾਬ ਪਾਵਰਕਾਮ ਦੀ ਪਿਛਲੇ ਸਾਲ ਦੀ ਦੂਜੀ ਤਿਮਾਹੀ ਦੇ ਬਕਾਏ ਦੀ ਰਿਕਵਰੀ ਨੂੰ ਯਕੀਨੀ ਕਰਨ ਦੀ ਮੰਗ ਨੂੰ ਇਸ ਆਧਾਰ 'ਤੇ ਨਾ-ਮਨਜ਼ੂਰ ਕਰ ਦਿੱਤਾ ਕਿ ਪਾਵਰਕਾਮ ਨੂੰ ਇਸ ਰਾਸ਼ੀ ਦੀ ਰਿਕਵਰੀ ਵਿੱਤੀ ਸਾਲ ਦੌਰਾਨ ਹੀ ਯਕੀਨੀ ਕਰਨੀ ਚਾਹੀਦੀ ਸੀ। ਕਮਿਸ਼ਨ ਨੇ ਸਾਫ ਕੀਤਾ ਹੈ ਕਿ ਪਿਛਲੇ ਸਾਲ ਦੀ ਤੀਜੀ ਤਿਮਾਹੀ ਦੇ ਫਿਊਲ ਕੌਸਟ ਦਾ ਸਮਾਵੇਸ਼ ਚਾਲੂ ਵਿੱਤੀ ਸਾਲ ਲਈ ਜਾਰੀ ਟੈਰਿਫ 'ਚ ਕਰ ਦਿੱਤਾ ਗਿਆ ਹੈ, ਇਸ ਲਈ 12 ਪੈਸੇ ਪ੍ਰਤੀ ਯੂਨਿਟ ਦੇ ਮੁਤਾਬਕ ਬਿਜਲੀ ਖਪਤਕਾਰਾਂ ਤੋਂ ਕੀਤੀ ਜਾ ਰਹੀ ਵਸੂਲੀ ਨੂੰ 1 ਜੂਨ ਤੋਂ ਬੰਦ ਕਰ ਦਿੱਤਾ ਜਾਵੇਗਾ।


author

Babita

Content Editor

Related News