ਪੋਸਟ ਮੈਟ੍ਰਿਕ ਸਕਾਲਰਸ਼ਿਪ ਫੰਡਾਂ ਦੇ 1700 ਕਰੋੜ ਰੁਪਏ ਜਾਰੀ ਨਾ ਹੋਣਾ ਪ੍ਰਧਾਨ ਮੰਤਰੀ ਮੋਦੀ ਦੀ ਨਾਕਾਮੀ
Monday, Jun 11, 2018 - 06:54 AM (IST)
ਜਲੰਧਰ (ਚੋਪੜਾ) - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵੱਡੀ ਨਾਕਾਮੀ ਹੈ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ 1700 ਕਰੋੜ ਰੁਪਏ ਪੰਜਾਬ ਨੂੰ ਜਾਰੀ ਨਹੀਂ ਹੋ ਰਹੇ। ਉਕਤ ਸ਼ਬਦ ਪੰਜਾਬ ਦੇ ਵਣ ਮੰਤਰੀ ਸਾਧੂ ਸਿੰਘ ਧਰਮਸੌਤ ਨੇ ਪ੍ਰਦੇਸ਼ ਕਾਂਗਰਸ ਦੇ ਸਕੱਤਰ ਯਸ਼ਪਾਲ ਧੀਮਾਨ ਦੇ ਨਿਵਾਸ 'ਤੇ ਆਯੋਜਿਤ ਪੱਤਰਕਾਰ ਸੰਮੇਲਨ ਦੌਰਾਨ ਕਹੇ। ਧਰਮਸੌਤ ਨੇ ਕਿਹਾ ਕਿ ਪੰਜਾਬ 'ਚ 35 ਫੀਸਦੀ ਆਬਾਦੀ ਦਲਿਤ ਭਾਈਚਾਰੇ ਨਾਲ ਸਬੰਧਿਤ ਹੈ ਅਤੇ ਫੰਡ ਰੋਕ ਕੇ ਕੇਂਦਰ ਸਰਕਾਰ ਵਲੋਂ ਦਲਿਤ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ 2019 ਦੀਆਂ ਲੋਕ ਸਭਾ ਚੋਣਾਂ 'ਚ ਪ੍ਰਧਾਨ ਮੰਤਰੀ ਮੋਦੀ ਦਾ ਜਾਣਾ ਤੈਅ ਹੈ ਅਤੇ ਰਾਹੁਲ ਗਾਂਧੀ ਆ ਰਹੇ ਹਨ। ਪ੍ਰਧਾਨ ਮੰਤਰੀ ਹੱਥ ਖੜ੍ਹੇ ਕਰ ਦੇਵੇ, ਕੁਝ ਮਹੀਨਿਆਂ ਬਾਅਦ ਅਸੀਂ ਰਾਹੁਲ ਤੋਂ ਦਲਿਤਾਂ ਦੇ ਹੱਕ ਲੈ ਲਵਾਂਗੇ। ਧਰਮਸੌਤ ਨੇ ਕਿਹਾ ਕਿ ਬਾਦਲ ਸਰਕਾਰ ਦੇ ਕਾਰਜਕਾਲ ਦੌਰਾਨ ਹੋਏ ਪੋਸਟ ਮੈਟ੍ਰਿਕ ਸਕਾਲਰਸ਼ਿਪ ਘਪਲੇ ਦੀ ਜਾਂਚ ਦਾ 90 ਫੀਸਦੀ ਕੰਮ ਹੋ ਚੁੱਕਾ ਹੈ, ਜਿਸ 'ਚ 400 ਕਰੋੜ ਰੁਪਏ ਤੋਂ ਜ਼ਿਆਦਾ ਦੀਆਂ ਧਾਂਦਲੀਆਂ ਸਾਹਮਣੇ ਆਈਆਂ ਹਨ। ਘਪਲੇ 'ਚ ਸ਼ਾਮਲ ਅਧਿਕਾਰੀਆਂ ਤੇ ਸਿੱਖਿਆ ਸੰਸਥਾਵਾਂ ਦੇ ਸੰਚਾਲਕਾਂ ਨੂੰ ਬਖਸ਼ਿਆ ਨਹੀਂ ਜਾਵੇਗਾ।
ਧਰਮਸੌਤ ਨੇ 'ਆਪ' ਨਾਲ ਗਠਜੋੜ ਨੂੰ ਨਕਾਰਦਿਆਂ ਕਿਹਾ ਕਿ ਸ਼ਾਹਕੋਟ ਉਪ ਚੋਣਾਂ ਨੇ ਸਾਬਿਤ ਕਰ ਦਿੱਤਾ ਹੈ ਕਿ 'ਆਪ' ਦੀ ਹੁਣ ਪੰਜਾਬ 'ਚ ਕੋਈ ਹੋਂਦ ਨਹੀਂ ਬਚੀ ਅਤੇ ਜਿਸ ਪਾਰਟੀ ਦੀ ਕੋਈ ਹੋਂਦ ਹੀ ਨਹੀਂ, ਉਸ ਨਾਲ ਗਠਜੋੜ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਸੁਖਪਾਲ ਖਹਿਰਾ ਨੂੰ ਬੇਫਜ਼ੂਲ ਬਿਆਨਬਾਜ਼ੀ ਕਰਕੇ ਸਿਰਫ ਹੀਰੋ ਬਣਨ ਦਾ ਸ਼ੌਕ ਹੈ। ਰਾਹੁਲ ਗਾਂਧੀ ਤੇ ਕੇਜਰੀਵਾਲ ਵਿਚਾਲੇ ਸਮਝੌਤਾ ਹੋਣ ਦੇ ਕਿਆਸ ਸਬੰਧੀ ਉਨ੍ਹਾਂ ਦੱਸਿਆ ਕਿ ਹਾਈਕਮਾਨ ਦੇ ਹਰੇਕ ਫੈਸਲੇ ਨੂੰ ਉਹ ਪ੍ਰਵਾਨ ਕਰਨਗੇ।
ਧਰਮਸੌਤ ਨੇ ਕਿਹਾ ਕਿ ਵਣ ਵਿਭਾਗ ਕਿਸਾਨਾਂ ਦੇ ਆਮਦਨੀ ਦੇ ਜ਼ਰੀਏ ਨੂੰ ਵਧਾਉਣ ਲਈ ਚੰਦਨ ਦੀ ਪੈਦਾਵਾਰ ਨੂੰ ਹੱਲਾਸ਼ੇਰੀ ਦੇਣ ਜਾ ਰਿਹਾ ਹੈ, ਜਿਸ ਦੇ ਤਹਿਤ ਵਿਭਾਗ ਵਲੋਂ ਕਿਸਾਨਾਂ ਨੂੰ 'ਨੋ ਪ੍ਰਾਫਿਟ ਨੋ ਲਾਸ' ਦੀ ਤਰਜ਼ 'ਤੇ ਚੰਦਨ ਦੇ 1 ਲੱਖ ਬੂਟੇ ਦਿੱਤੇ ਜਾਣਗੇ। ਦਸੂਹੇ 'ਚ 15000 ਅਤੇ ਮੁੱਲਾਂਪੁਰ 'ਚ ਚੰਦਨ ਦੇ 1500 ਬੂਟੇ ਲਾਏ ਹਨ ਅਤੇ ਤਜਰਬਾ ਕਾਫੀ ਸਫਲ ਸਾਬਿਤ ਹੋਇਆ ਹੈ। ਇਸ ਮੌਕੇ ਪ੍ਰਦੇਸ਼ ਕਾਂਗਰਸ ਦੇ ਸਕੱਤਰ ਅਸ਼ੋਕ ਗੁਪਤਾ, ਕੇ. ਕੇ. ਬਾਂਸਲ ਅਤੇ ਹੋਰ ਵੀ ਮੌਜੂਦ ਸਨ।
