ਨੌਜਵਾਨ ਦੀ ਰਿਪੋਰਟ ਪਾਜ਼ੇਟਿਵ ਆਉਣ ''ਤੇ ਪਰਿਵਾਰ ਦਾ ਨਹੀਂ ਹੋਇਆ ਟੈਸਟ
Monday, May 04, 2020 - 03:49 PM (IST)

ਲੁਧਿਆਣਾ (ਰਾਮ) : ਕੋਰੋਨਾ ਮਹਾਮਰੀ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਕੋਰੋਨਾ ਸ਼ੱਕੀਆਂ ਜਾਂ ਪੀੜਤਾਂ ਦੇ ਇਲਾਜ ਲਈ ਕੀਤੇ ਜਾਣ ਵਾਲੇ ਦਾਅਵੇ ਫੋਕੇ ਸਾਬਿਤ ਹੋ ਰਹੇ ਹਨ। ਚੌਕੀ ਮੂੰਡੀਆਂ ਕਲਾਂ ਅਧੀਨ ਆਉਂਦੀ ਮਹਿਣ ਕਾਲੋਨੀ, ਮੂੰਡੀਆਂ ਖੁਰਦ ਨਿਵਾਸੀ ਇਕ ਪੰਜਾਬ ਪੁਲਸ ਦੇ ਮੁਲਾਜ਼ਮ ਦੇ ਬੇਟੇ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਜ਼ਿਕਰਯੋਗ ਹੈ ਕਿ ਬੀਤੀ 26 ਅਪ੍ਰੈਲ ਨੂੰ ਹਜ਼ੂਰ ਸਾਹਿਬ ਤੋਂ ਵਾਪਸ ਪਰਤਣ 'ਤੇ ਦੋ ਦਿਨ ਬਾਅਦ ਕਰਵਾਏ ਗਏ ਟੈਸਟ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਭਾਵੇਂ ਕਿ 18 ਸਾਲਾ ਲੜਕੇ ਦਾ ਸੈਕਟਰ-32 ਵਿਖੇ ਸਥਿਤ ਮਦਰ ਐਂਡ ਚਾਈਲਡ ਹਸਪਤਾਲ 'ਚ ਇਲਾਜ ਕੀਤਾ ਜਾ ਰਿਹਾ ਹੈ। ਪੀੜਤ ਦੇ ਮਾਤਾ, ਪਿਤਾ ਅਤੇ ਛੋਟੀ ਭੈਣ ਨੂੰ ਘਰ 'ਚ ਹੀ ਕੁਅਰੰਟਾਈਨ ਕੀਤਾ ਗਿਆ ਹੈ। ਸੱਚ ਇਹ ਹੈ ਕਿ ਕੋਰੋਨਾ ਪੀੜਤ ਨੌਜਵਾਨ ਦੇ ਮਾਤਾ-ਪਿਤਾ ਅਤੇ ਭੈਣ ਦਾ ਕੋਰੋਨਾ ਟੈਸਟ ਸਿਵਲ ਹਸਪਤਾਲ 'ਚ ਕਰਵਾਇਆ ਜਾਣਾ ਸੀ ਪਰ ਲਗਭਗ 4 ਦਿਨ ਦਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਪੀੜਤ ਦੇ ਮਾਤਾ-ਪਿਤਾ ਅਤੇ ਭੈਣ ਦਾ ਟੈਸਟ ਨਹੀਂ ਕਰਵਾਇਆ ਗਿਆ। ਜਿਸ ਤੋਂ ਸਰਕਾਰ ਅਤੇ ਪ੍ਰਸ਼ਾਸਨ ਦੇ ਕੋਰੋਨਾ ਨੂੰ ਲੈ ਕੇ ਕੀਤੇ ਜਾ ਰਹੇ ਦਾਅਵਿਆਂ ਦਾ ਸੱਚ ਸਾਹਮਣੇ ਆ ਰਿਹਾ ਹੈ।
ਇਹ ਵੀ ਪੜ੍ਹੋ : ਅੰਮ੍ਰਿਤਸਰ: ਬਾਬਾ ਬਕਾਲਾ ਸਾਹਿਬ 'ਚੋਂ 7 ਪਾਜ਼ੇਟਿਵ ਨਵੇਂ ਮਾਮਲੇ ਆਏ ਸਾਹਮਣੇ
ਆਪਣੀ ਜਾਨ ਆਪਣੇ ਹੱਥ, ਪ੍ਰਾਈਵੇਟ ਕਰਵਾਉਣਗੇ ਟੈਸਟ
ਸੂਤਰਾਂ ਦੀ ਮੰਨੀਏ ਤਾਂ ਪੀੜਤ ਨੌਜਵਾਨ ਦੇ ਪਿਤਾ ਜੋ ਕਿ ਪੰਜਾਬ ਪੁਲਸ ਦਾ ਮੁਲਾਜ਼ਮ ਹੈ, ਦੇ ਪਰਿਵਾਰ ਦਾ ਪ੍ਰਸ਼ਾਸਨ ਵੱਲੋਂ ਟੈਸਟ ਨਾ ਕਰਵਾਉਣ ਕਾਰਨ ਹੁਣ ਉਨ੍ਹਾਂ ਨੇ ਖੁਦ ਹੀ ਪ੍ਰਾਈਵੇਟ ਤੌਰ 'ਤੇ ਕੋਰੋਨਾ ਟੈਸਟ ਕਰਵਾਉਣ ਦਾ ਫੈਸਲਾ ਕੀਤਾ ਹੈ। ਸੂਤਰਾਂ ਦਾ ਕਹਿਣਾ ਹੈ ਪੀੜਤ ਨੌਜਵਾਨ ਦੇ ਪਿਤਾ ਨੇ ਕਿਹਾ ਕਿ ਆਪਣੀ ਅਤੇ ਆਪਣੇ ਪਰਿਵਾਰ ਦੀ ਜਾਨ-ਮਾਲ ਦੀ ਰਾਖੀ ਕਰਨਾ ਉਨ੍ਹਾਂ ਦੇ ਆਪਣੇ ਹੱਥ ਹੈ। ਇਸ ਲਈ ਉਹ ਪ੍ਰਾਈਵੇਟ ਤੌਰ 'ਤੇ ਹੀ ਕੋਰੋਨਾ ਟੈਸਟ ਕਰਵਾਉਣਗੇ।
ਨੋਟਿਸ ਚਿਪਕਾ, ਗਲੀ ਕੀਤੀ ਸੀਲ
ਹਜ਼ੂਰ ਸਾਹਿਬ ਤੋਂ ਪਰਤੇ ਉਕਤ ਨੌਜਵਾਨ ਜੋ ਕਿ 26 ਤਰੀਕ ਨੂੰ ਘਰ ਵਾਪਸ ਪਰਤ ਕੇ ਦੋ ਦਿਨ ਤੱਕ ਘਰ 'ਚ ਹੀ ਰਿਹਾ ਹੈ ਅਤੇ ਟ੍ਰੈਵਲ ਹਿਸਟਰੀ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਉਕਤ ਨੌਜਵਾਨ ਦਾ ਟੈਸਟ ਕਰਵਾਇਆ ਗਿਆ। ਜੋ ਪਾਜ਼ੇਟਿਵ ਆਉਣ ਤੋਂ ਬਾਅਦ ਉਸ ਦੇ ਮਾਤਾ, ਪਿਤਾ ਅਤੇ ਭੈਣ ਨੂੰ 21 ਦਿਨ ਲਈ ਘਰ 'ਚ ਹੀ ਕੁਆਰੰਟਾਈਨ ਕਰ ਦਿੱਤਾ ਗਿਆ ਹੈ। ਜਦਕਿ ਚੌਕੀ ਮੂੰਡੀਆਂ ਕਲਾਂ ਦੇ ਇੰਚਾਰਜ ਹਰਭਜਨ ਸਿੰਘ ਦੀ ਪੁਲਸ ਟੀਮ ਨੇ ਗਲੀ ਨੂੰ ਦੋਵੇਂ ਪਾਸਿਆਂ ਤੋਂ ਪੂਰੀ ਤਰ੍ਹਾਂ ਬੰਦ ਕਰਨ ਤੋਂ ਬਾਅਦ ਗਲੀ ਅਤੇ ਆਸ-ਪਾਸ ਸੈਨੇਟਾਈਜ਼ਰ ਦਾ ਛਿੜਕਾਅ ਕਰਵਾਇਆ ਗਿਆ।
ਇਹ ਵੀ ਪੜ੍ਹੋ : ਜਲੰਧਰ 'ਚ ਮਿਲੇ 'ਕੋਰੋਨਾ' ਦੇ ਚਾਰ ਹੋਰ ਨਵੇਂ ਕੇਸ, ਅੰਕੜਾ 128 ਤੱਕ ਪੁੱਜਾ
ਚੌਕੀ ਪੁਲਸ ਨੇ 'ਰੰਗਲਾ ਪੰਜਾਬ' 'ਤੇ ਭੰਗੜਾ ਪਾ ਕੇ ਦੂਰ ਕੀਤਾ ਤਣਾਅ
ਚੌਕੀ ਮੂੰਡੀਆਂ ਕਲਾਂ ਦੇ ਇਲਾਕੇ ਮਹਿਣ ਕਾਲੋਨੀ 'ਚ ਕੋਰੋਨਾ ਵਾਇਰਸ ਦਾ ਪਾਜ਼ੇਟਿਵ ਕੇਸ ਸਾਹਮਣੇ ਆਉਣ ਤੋਂ ਬਾਅਦ ਸਬ ਇੰਸਪੈਕਟਰ ਹਰਭਜਨ ਸਿੰਘ ਦੀ ਅਗਵਾਈ 'ਚ ਚੌਕੀ ਪੁਲਸ ਦੇ ਮੁਲਾਜ਼ਮਾਂ ਨੇ ਪੀੜਤ ਨੂੰ ਇਲਾਜ ਲਈ ਹਸਪਤਾਲ ਭੇਜਣ, ਪਰਿਵਾਰ ਨੂੰ ਕੁਆਰੰਟਾਈਨ ਕਰਵਾਉਣ, ਸੈਨੇਟਾਈਜ਼ਰ ਦਾ ਛਿੜਕਾਅ ਕਰਨ ਅਤੇ ਗਲੀ ਨੂੰ ਸੀਲ ਕਰਨ ਲਈ ਲਗਾਤਾਰ ਡਿਊਟੀ ਕਰਦੇ ਹੋਏ ਪਾਜ਼ੇਟਿਵ ਕੇਸ ਕਾਰਨ ਪੈਦਾ ਹੋਏ ਦਿਮਾਗੀ ਤਣਾਅ ਨੂੰ ਦੂਰ ਕਰਨ ਲਈ ਚੌਕੀ ਪਹੁੰਚ ਕੇ ਪੰਜਾਬੀ ਗਾਣਿਆਂ ਉੱਪਰ ਭੰਗੜਾ ਪਾਇਆ।